ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਅਪਰੈਲ
ਇਥੇ ਗੁਰਦੁਆਰਾ ਵਿਸ਼ਵਕਰਮਾ ਭਵਨ ਵਿੱਚ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਅੱਜ ਇਕੱਠ ਕਰਕੇ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ (ਕਿਰਤੀ) ਦਾ ਐਲਾਨ ਕੀਤਾ ਹੈ। ਉਹ ਲੰਮਾਂ ਸਮਾਂ ਅਕਾਲੀ ਦਲ 1920 ਦੇ ਜਨਰਲ ਸਕੱਤਰ ਰਹੇ ਹਨ। ਇਸ ਮੌਕੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਪੁੱਜੇ ਸੈਂਕੜੇ ਲੋਕਾਂ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਜਥੇਦਾਰ ਰਣਸੀਂਹ ਨੂੰ ਕਨਵੀਨਰ ਥਾਪਣ ’ਤੇ ਮੋਹਰ ਲਾਈ। ਇਸ ਮੌਕੇ ਜਥੇਦਾਰ ਰਣਸੀਂਹ ਨੇ ਕਿਹਾ ਕਿ ਅੱਜ ਪੰਥ ਅਤੇ ਪੰਜਾਬ ਵੱਡੇ ਖਤਰੇ ਵਿੱਚ ਹਨ। ਪੰਜਾਬ ਇੱਕ ਪਾਸੇ ਕੇਂਦਰ ਅਤੇ ਦੂਜੇ ਪਾਸੇ ਸਰਮਾਏਦਾਰ ਆਗੂਆਂ ਦਾ ਗੁਲਾਮ ਹੋ ਕੇ ਰਹਿ ਗਿਆ ਹੈ। ਹੁਣ ਤੀਜੀ ਗੁਲਾਮੀ ਅਫ਼ਸਰਸ਼ਾਹੀ ਦੀ ਹੈ। ਉਨ੍ਹਾਂ ਕਿਹਾ ਕਿ ਨਵੀਂ ਪਾਰਟੀ ਦੇ ਗਠਨ ਨਾਲ ਧਾਰਿਮਕ, ਰਾਜਸੀ, ਸਮਾਜਿਕ ਅਤੇ ਆਰਿਥਕ ਆਜ਼ਾਦੀ ਲਿਆਂਦੀ ਜਾਵੇਗੀ। ਆਗਾਮੀ ਵਰ੍ਹੇ 2022 ਵਿੱਚ ਸੂਬੇ ’ਚ ਸਰਕਾਰ ਬਣਾ ਕੇ ਪੰਜਾਬ ’ਚੋਂ ਭ੍ਰਿਸ਼ਟਾਚਾਰ, ਨਸ਼ਾ, ਬੇਰੁਜ਼ਗਾਰੀ ਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਕਿਰਤੀ) ਅਕਾਲ ਤਖਤ ਅਤੇ ਪੰਥਕ ਸੰਸਥਾਵਾਂ ਦੀ ਮਰਿਆਦਾ ਤੇ ਸਨਮਾਨ ਬਹਾਲ ਕਰੇਗਾ। ਪਾਰਟੀ ਦੂਜੀਆਂ ਹਮਖਿਆਲੀ ਪਾਰਟੀਆਂ ਨਾਲ ਗੱਠਜੋੜ ਦੀ ਸੰਭਾਵਨਾ ਵੀ ਤਲਾਸ਼ੇਗੀ।
ਇਸ ਮੌਕੇ ਜਥੇਦਾਰ ਸਵਰਨ ਸਿੰਘ ਪੰਜਗਰਾਈ, ਜਥੇਦਾਰ ਮਨਪ੍ਰੀਤ ਸਿੰਘ ਅਕਾਲਗੜ੍ਹ, ਸਰਿੰਦਰ ਸਿੰਘ ਰੋਡੇ, ਗੁਰਮੀਤ ਸਿੰਘ ਰਣੀਆਂ, ਭੁਪਿੰਦਰ ਸਿੰਘ ਵੜੈਚ, ਕੁਲਦੀਪ ਸਿੰਘ ਫਰੀਦਕੋਟ, ਨਛੱਤਰ ਸਿੰਘ ਠੀਕਰੀ ਵਾਲਾ, ਹਰਪਾਲ ਸਿੰਘ ਸਰਹਾਲੀ, ਡਾ. ਲਵਪ੍ਰੀਤ ਕੌਰ ਕਪੂਰਥਲਾ, ਰਣਬੀਰ ਸਿੰਘ ਲਬਿੜਾ ਸਮੇਤ 15 ਆਗੂਆਂ ਨੂੰ ਕਾਰਜਕਾਰਨੀ ਮੈਂਬਰ ਚੁਣਿਆ ਗਿਆ।