ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 17 ਜਨਵਰੀ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਗੁੱਗਾ ਮਾੜੀਆਂ ਅਤੇ ਬਾਬਾ ਬਾਗੜ ਵਿਰੁੱਧ ਬੀਤੇ ਦਿਨੀਂ ਵਰਤੀ ਗਈ ਮੰਦੀ ਸ਼ਬਦਾਵਲੀ ਵਿਰੁੱਧ ਇਸ ਇਲਾਕੇ ਦੀਆਂ ਗੁੱਗਾ ਮਾੜੀਆਂ ਦੇ ਭਗਤਾਂ ਦਾ ਗੁੱਸਾ ਛਲਕਿਆ ਹੈ, ਜਿਨ੍ਹਾਂ ਨੇ ਅੱਜ ਅਨਾਜ ਮੰਡੀ ਦੇਵੀਗੜ੍ਹ ਵਿੱਚ ਇਕੱਠੇ ਹੋ ਕੇ ਨਵਜੋਤ ਸਿੰਘ ਸਿੱਧੂ ਵਿਰੁੱਧ ਰੋਸ ਮਾਰਚ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਰਨੈਲ ਬਾਬਾ ਜੀ ਭਗਤ ਗੁੱਗਾ ਮਾੜੀ ਨੈਣਾ ਅਕੌਤ ਨੇ ਕਿਹਾ ਕਿਹਾ ਕਿ ਬੀਤੇ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਸੇ ਸਮਾਗਮ ਵਿੱਚ ਗੁੱਗਾ ਮਾੜੀਆਂ ਅਤੇ ਬਾਬਾ ਬਾਗੜ ਵਿਰੁੱਧ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ, ਜਿਸ ਨਾਲ ਗੁੱਗਾ ਮਾੜੀਆਂ ਦੇ ਭਗਤਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਹੈ। ਜਿਨ੍ਹਾਂ ਨੇ ਅੱਜ ਇਕੱਠੇ ਹੋ ਕੇ ਅਨਾਜ ਮੰਡੀ ਦੇਵੀਗੜ੍ਹ ਵਿੱਚ ਰੋਸ ਮਾਰਚ ਕਰਦਿਆਂ ਅਤੇ ਸਿੱਧੂ ਵੱਲੋਂ ਵਰਤੀ ਭੱਦੀ ਸ਼ਬਦਾਵਲੀ ਦੀ ਦੱਬ ਕੇ ਨਿਖੇਧੀ ਕੀਤੀ। ਭਗਤਾਂ ਨੇ ਕਿਹਾ ਕਿ ਜੇ ਸਿੱਧੂ ਨੇ 15 ਦਿਨਾਂ ’ਚ ਮੁਆਫੀ ਨਾ ਮੰਗੀ ਤਾਂ ਇਹ ਰੋਸ ਹੋਰ ਵੀ ਵਧ ਜਾਵੇਗਾ ਅਤੇ ਕਸਬਿਆਂ ਵਿੱਚ ਸਿੱਧੂ ਦੇ ਪੁਤਲੇ ਸਾੜੇ ਜਾਣਗੇ।
ਇਸ ਮੌਕੇ ਕਰਨੈਲ ਭਗਤ ਨੈਣਾ ਅਕੌਤ, ਲਖਵਿੰਦਰ, ਸੰਦੀਪ ਮਸੀਂਗਣ, ਅਮਨ ਗੋਲਡੀ, ਜਤਿੰਦਰ ਕੋਹਲੀ, ਦਲਜੀਤ ਮਸੀਂਗਣ, ਹਰਜਿੰਦਰ ਮੁਰਾਦਮਾਜਰਾ, ਤਰਸੇਮ ਸਿੰਘ ਨੈਣ ਕਲਾਂ, ਮੰਗੂ, ਸੋਨੂੰ ਪਰੌੜ, ਤਰਸੇਮ ਭਗਤ ਜੁਲਕਾਂ, ਹਰਭਜਨ ਨੇਣਾ, ਮੰਗਲ ਸਿੰਘ ਨਾਭਾ, ਹਰਬੰਸ ਸਿੰਘ ਜੁਲਕਾਂ ਆਦਿ ਹਾਜ਼ਰ ਸਨ।