ਨਵੀਂ ਦਿੱਲੀ, 30 ਅਪਰੈਲ
ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਬਿਜਲੀ ਦੀ ਭਾਰੀ ਕਟੌਤੀ ਦੇ ਮੁੱਦੇ ‘ਤੇ ਅੱਜ ਕੇਂਦਰ ਦਾ ਮਖੌ਼ਲ ਉਡਾਉਂਦਿਆਂ ਕਿਹਾ ਕਿ ਸਰਕਾਰ ਨੇ ਢੁਕਵਾਂ ਹੱਲ ਲੱਭ ਲਿਆ ਹੈ, ਜੋ ਯਾਤਰੀ ਰੇਲ ਗੱਡੀਆਂ ਨੂੰ ਰੱਦ ਕਰਨ ਅਤੇ ਕੋਲੇ ਨਾਲ ਲੱਦੀਆਂ ਮਾਲ ਗੱਡੀਆਂ ਚਲਾਉਣ ਦਾ ਹੈ। ਬੀਤੇ ਦਿਨ ਵੱਖ-ਵੱਖ ਰਾਜਾਂ ਵਿੱਚ ਬਿਜਲੀ ਸੰਕਟ ਹੋਰ ਡੂੰਘਾ ਹੋ ਗਿਆ। ਵਿਰੋਧੀ ਪਾਰਟੀਆਂ ਨੇ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਕਮੀ ਲਈ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਮੁੱਦੇ ‘ਤੇ ਸਰਕਾਰ ‘ਤੇ ਹਮਲਾ ਕਰਦੇ ਹੋਏ ਚਿਦੰਬਰਮ ਨੇ ਕਿਹਾ, ‘‘ਭਰਪੂਰ ਕੋਲਾ, ਵੱਡਾ ਰੇਲ ਨੈੱਟਵਰਕ, ਥਰਮਲ ਪਲਾਂਟਾਂ ‘ਚ ਸਮਰਥਾ, ਫੇਰ ਵੀ ਬਿਜਲੀ ਦੀ ਭਾਰੀ ਕਮੀ ਹੈ। ਕੇਂਦਰ ਸਰਕਾਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਇਹ ਕਾਂਗਰਸ ਦੇ 60 ਸਾਲਾਂ ਦੇ ਸ਼ਾਸਨ ਕਾਰਨ ਹੈ।’ ਉਨ੍ਹਾਂ ਵਿਅੰਗਮਈ ਢੰਗ ਨਾਲ ਕਿਹਾ, ‘ਕੋਲਾ, ਰੇਲਵੇ ਜਾਂ ਬਿਜਲੀ ਮੰਤਰਾਲੇ ਵਿੱਚ ਕੋਈ ਅਯੋਗਤਾ ਨਹੀਂ। ਕਸੂਰ ਇਨ੍ਹਾਂ ਵਿਭਾਗਾਂ ਦੇ ਸਾਬਕਾ ਕਾਂਗਰਸੀ ਮੰਤਰੀਆਂ ਦਾ ਹੈ। ਸਰਕਾਰ ਨੇ ਸਹੀ ਹੱਲ ਲੱਭ ਲਿਆ ਹੈ, ਯਾਤਰੀ ਰੇਲ ਗੱਡੀਆਂ ਨੂੰ ਰੱਦ ਕਰੋ ਅਤੇ ਕੋਲੇ ਨਾਲ ਭਰੀਆਂ ਰੇਲ ਗੱਡੀਆਂ ਚਲਾਓ! ਮੋਦੀ ਹੈ, ਮੁਮਕਿਨ ਹੈ।’