ਨਵੀਂ ਦਿੱਲੀ: ਸੁਪਰੀਮ ਕੋਰਟ ਵਿੱਚ ਅੱਜ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਗਈ ਹੈ ਕਿ ਸਾਰੀਆਂ ਰਾਜਸੀ ਪਾਰਟੀਆਂ ਆਪਣੇ ਉਮੀਦਵਾਰਾਂ ’ਤੇ ਦਰਜ ਅਪਰਾਧਿਕ ਕੇਸਾਂ ਬਾਰੇ ਜਾਣਕਾਰੀ ਆਪਣੀ ਵੈਬਸਾਈਟ ਦੇ ਹੋਮ ਪੇਜ ’ਤੇ ਨਸ਼ਰ ਕਰਨ। ਇਹ ਪਾਰਟੀਆਂ ਇਹ ਵੀ ਦੱਸਣ ਕਿ ਇਨ੍ਹਾਂ ਉਮੀਦਵਾਰਾਂ ਦੀ ਚੋਣ ਦੇ ਕੀ ਕਾਰਨ ਸਨ। ਪਟੀਸ਼ਨ ਰਾਹੀਂ ਮੰਗ ਕੀਤੀ ਗਈ ਕਿ ਸਰਬਉਚ ਅਦਾਲਤ ਚੋਣ ਕਮਿਸ਼ਨ ਨੂੰ ਹਦਾਇਤ ਜਾਰੀ ਕਰੇ ਕਿ ਹਰ ਉਮੀਦਵਾਰ ਇਲੈਕਟਰਾਨਿਕ, ਪ੍ਰਿੰਟ ਤੇ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕਰੇ ਤੇ ਜੇ ਕੋਈ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਐਡਵੋਕੇਟ ਅਸ਼ਵਨੀ ਕੁਮਾਰ ਉਪਾਧਿਆਏ ਨੇ ਪਟੀਸ਼ਨ ਦਾਖਲ ਕਰ ਕੇ ਕਿਹਾ ਹੈ ਕਿ ਸਮਾਜਵਾਦੀ ਪਾਰਟੀ ਨੇ ਕੈਰਾਨਾ ਤੋਂ ਗੈਂਗਸਟਰ ਨਾਹਿਦ ਹਸਨ ਨੂੰ ਟਿਕਟ ਦਿੱਤੀ ਹੈ ਤੇ ਉਸ ਦੇ ਅਪਰਾਧਿਕ ਪਿਛੋਕੜ ਦੇ ਵੇਰਵੇ ਸਾਂਝੇ ਨਹੀਂ ਕੀਤੇ। -ਪੀਟੀਆਈ