ਨਵੀਂ ਦਿੱਲੀ, 20 ਦਸੰਬਰ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਵਿਜੈ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੋਕਸੀ ਵਰਗੇ ਭਗੌੜਿਆਂ ਦੀ ਸੰਪਤੀ ਵੇਚ ਕੇ ਬੈਂਕਾਂ ਨੂੰ 13,109.17 ਕਰੋੜ ਰੁਪਏ ਮਿਲੇ ਹਨ। ਗ੍ਰਾਂਟਾਂ ਲਈ ਪੂਰਕ ਮੰਗਾਂ ਦੇ ਦੂਜੇ ਬੈਚ ਲਈ ਹੋਈ ਚਰਚਾ ਦਾ ਜਵਾਬ ਦਿੰਦਿਆਂ ਉਨ੍ਹਾਂ ਇਹ ਗੱਲ ਆਖੀ।
ਇਸ ਦੌਰਾਨ ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਪੂਰਕ ਮੰਗਾਂ ਨੂੰ ਲੋਕ ਸਭਾ ਨੇ ਪਾਸ ਕਰ ਦਿੱਤਾ। ਸਰਕਾਰ ਨੂੰ ਇਸ ਨਾਲ ਮੌਜੂਦਾ ਵਿੱਤੀ ਵਰ੍ਹੇ ਦੌਰਾਨ 3.73 ਲੱਖ ਕਰੋੜ ਰੁਪਏ ਦੀ ਵਾਧੂ ਰਕਮ ਖ਼ਰਚ ਕਰਨ ਦਾ ਅਧਿਕਾਰ ਮਿਲ ਜਾਵੇਗਾ। ਉਧਰ ਸਿੱਖਿਆ ਰਾਜ ਮੰਤਰੀ ਅੰਨਪੂਰਨਾ ਦੇਵੀ ਨੇ ਲੋਕ ਸਭਾ ’ਚ ਜਾਣਕਾਰੀ ਦਿੱਤੀ ਕਿ ਸੂਬਾ ਸਰਕਾਰਾਂ ਚਾਹੁਣ ਤੋਂ ਸਕੂਲੀ ਵਿਦਿਆਰਥੀਆਂ ਨੂੰ ਭਗਵਦ ਗੀਤਾ ਪੜ੍ਹਾਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਸਕੂਲਾਂ ’ਚ ਭੋਜਪੁਰੀ ਭਾਸ਼ਾ ਪੜ੍ਹਾਉਣ ਬਾਰੇ ਵੀ ਸੂਬੇ ਹੀ ਫ਼ੈਸਲਾ ਲੈ ਸਕਦੇ ਹਨ। ਮੰਤਰੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਤਹਿਤ ਬੱਚਿਆਂ ਲਈ ਖੇਤਰੀ ਭਾਸ਼ਾਵਾਂ ਦੀ ਸਿੱਖਿਆ ਵੀ ਲਾਜ਼ਮੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸੰਵਿਧਾਨ ਦੀ ਸਮਵਰਤੀ ਸੂਚੀ ’ਚ ਸ਼ਾਮਲ ਹੈ ਅਤੇ ਜੇਕਰ ਸੂਬੇ ਚਾਹੁਣਗੇ ਤਾਂ ਸੀਬੀਐੱਸਈ ਦੇ ਪੈਟਰਨ ਵਾਂਗ ਭਗਵਦ ਗੀਤਾ ਨੂੰ ਪੜ੍ਹਾਇਆ ਜਾ ਸਕਦਾ ਹੈ। -ਪੀਟੀਆਈ