ਜੈਸਮੀਨ ਭਾਰਦਵਾਜ
ਨਾਭਾ, 2 ਅਗਸਤ
ਨਾਭਾ ਤੋਂ ਪੰਜ ਕਿਲੋਮੀਟਰ ਦੂਰ ਪਿੰਡ ਮੇਹਸ ਦੀ 25 ਸਾਲਾ ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ ਦੇ ਵੇਟਲਿਫਟਿੰਗ (71 ਕਿਲੋ) ’ਚ ਕਾਂਸੀ ਤਮਗਾ ਜਿੱਤ ਕੇ ਸਾਰੀ ਦੁਨੀਆਂ ’ਚ ਨਾਮ ਰੋਸ਼ਨ ਕੀਤਾ। ਬੇਜ਼ਮੀਨੇ ਕਿਸਾਨ ਸਾਹਿਬ ਸਿੰਘ ਅਤੇ ਕੁਲਦੀਪ ਕੌਰ ਦੀ ਛੋਟੀ ਧੀ ਹਰਜਿੰਦਰ ਕੌਰ ਦੇ ਘਰ ਅੱਜ ਮੀਡਿਆ ਅਤੇ ਵਧਾਈ ਦੇਣ ਵਾਲਿਆਂ ਦੀ ਕਤਾਰ ਲੱਗੀ ਹੋਈ ਹੈ। ਕੁੜੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਭਾ ’ਚ ਹਰਜਿੰਦਰ ਕੌਰ ਦੀ ਕਬੱਡੀ ਖਿਡਾਰਨ ਵੱਡੀ ਭੈਣ ਪਰਵਿੰਦਰ ਕੌਰ ਨੇ ਦੱਸਿਆ ਕਿ ਵਿੱਤੀ ਹਾਲਤ ਕਾਰਨ ਹਰਜਿੰਦਰ ਨੂੰ ਕਾਲਜ ’ਚ ਦਾਖਲਾ ਦਿਵਾਉਣਾ ਔਖਾ ਹੋ ਰਿਹਾ ਸੀ ਪਰ ਖੇਡਾਂ ’ਚ ਮੋਹਰੀ ਹੋਣ ਕਾਰਨ ਆਨੰਦਪੁਰ ਸਾਹਿਬ ਦੇ ਖ਼ਾਲਸਾ ਕਾਲਜ ਦੇ ਕਬੱਡੀ ਸੈਂਟਰ ’ਚ ਉਸਨੂੰ ਦਾਖਲਾ ਮਿਲ ਗਿਆ।
ਕਬੱਡੀ ਰਾਹੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪ ’ਚ ਪਹੁੰਚੀ ਹਰਜਿੰਦਰ ਨੂੰ ਕੋਚ ਪਰਮਜੀਤ ਸ਼ਰਮਾ ਨੇ ਉਸ ਨੂੰ ਵੇਟ ਲਿਫਟਿੰਗ ਵੱਲ ਪ੍ਰੇਰਿਆ। ਇਥੇ 2016 ’ਚ ਪਹਿਲੀ ਵਾਰ ਹਰਜਿੰਦਰ ਨੇ ਅੰਤਰਵਰਸਿਟੀ ਤਮਗਾ ਜਿੱਤਿਆ ਜਿਸ ਤੋ ਬਾਅਦ ਉਹ ਖੇਲੋ ਇੰਡੀਆ ਤੇ ਹੋਰ ਕੌਮੀ ਪੱਧਰ ‘ਤੇ ਮੈਡਲ ਜਿੱਤਦੀ ਰਹੀ। ਸਿਰਫ ਛੇ ਫੁੱਟ ਚੌੜੇ ਕੱਚੇ ਪਹੇ ‘ਤੇ ਦੋ ਕਮਰੇ ਦੇ ਮਕਾਨ ’ਚ ਖੁਸ਼ੀ ਦੇ ਹੰਝੂਆਂ ਨਾਲ ਹਰਜਿੰਦਰ ਦੇ ਵੱਡੇ ਭਰਾ ਪ੍ਰਿਤਪਾਲ ਸਿੰਘ ਨੇ ਟੋਕੇ ਦੀ ਮਸ਼ੀਨ ਦਿਖਾਉਂਦੇ ਦੱਸਿਆ ਕਿ ਸਕੂਲੋਂ ਆ ਕੇ ਮੱਝਾਂ ਲਈ ਟੋਕਾ ਕਰਦੀ ਤੇ ਕਹਿੰਦੀ ਕਿ ਇਸ ਟੋਕੇ ਕਰਕੇ ਹੀ ਦੀਆਂ ਬਾਹਾਂ ਮਜ਼ਬੂਤ ਹਨ। ਹਰਜਿੰਦਰ ਦੇ ਮਰਹੂਮ ਦਾਦਾ ਸ਼ਿੰਗਾਰਾ ਸਿੰਘ ਵੰਡ ਸਮੇਂ ਪਾਕਿਸਤਾਨ ਤੋਂ ਆਏ ਸਨ। ਹਰਜਿੰਦਰ ਦੇ ਪਿਤਾ ਨੇ ਪੰਜ-ਛੇ ਮੱਝਾਂ ਪਾਲ ਕੇ ਦੁੱਧ ਵੇਚ ਕੇ ਪਰਿਵਾਰ ਪਾਲਿਆ।