ਟੋਕੀਓ, 8 ਅਗਸਤ
ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਮੀਰਾਬਾਈ ਚਾਨੂ ਦਾ ਪੈਰਿਸ ਓਲੰਪਿਕ 2024 ਵਿੱਚ ਆਪਣੇ ਤਗ਼ਮੇ ਦਾ ਰੰਗ ਸੁਨਹਿਰੀ ਕਰਨ ਦਾ ਸੂਫ਼ਨਾ ਅਧੂਰਾ ਰਹਿ ਸਕਦਾ ਹੈ ਕਿਉਂਕਿ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਨੂੰ ਕਿਸੇ ਵੀ ਖੇਡ ਨੂੰ ਓਲੰਪਿਕ ਪ੍ਰੋਗਰਾਮ ’ਚੋਂ ਹਟਾਉਣ ਲਈ ਵੱਧ ਅਧਿਕਾਰ ਮਿਲ ਗਏ ਹਨ। ਇਨ੍ਹਾਂ ਅਧਿਕਾਰਾਂ ਦੀ ਸਭ ਤੋਂ ਵੱਧ ਮਾਰ ਵੇਟਲਿਫਟਿੰਗ ਉੱਤੇ ਪੈ ਸਕਦੀ ਹੈ।
ਵੇਟਲਿਫਟਿੰਗ ਤੇ ਮੁੱਕੇਬਾਜ਼ੀ ਦੀ ਪ੍ਰਬੰਧਨ ਵਿਵਸਥਾ ਲੰਮੇ ਸਮੇਂ ਤੋਂ ਵਿਵਾਦਾਂ ਵਿੱਚ ਘਿਰੀ ਰਹੀ ਹੈ। ਵੇਟਲਿਫਟਿੰਗ ਨਾਲ ਡੋਪਿੰਗ ਦੀ ਸਮੱਸਿਆ ਵੀ ਜੁੜੀ ਹੈ। ਲਿਹਾਜ਼ਾ ਇਸ ਖੇਡ ਵੰਨਗੀ ’ਤੇ ਪੈਰਿਸ ਓਲਪਿਕ 2024 ਤੋਂ ਬਾਹਰ ਕੀਤੇ ਜਾਣ ਦੀ ਤਲਵਾਰ ਲਟਕ ਰਹੀ ਹੈ। ਇਨ੍ਹਾਂ ਦੋਵਾਂ ਖੇਡਾਂ ਨਾਲ ਜੁੜੇ ਮੁੱਦਿਆਂ ਨੂੰ ਵੇਖਦੇ ਹੋਏ ਆਈਓਸੀ ਦੇ ਮੈਂਬਰਾਂ ਨੇ ਵੋਟਿੰਗ ਕਰਕੇ ਖੇਡਾਂ ਦੀ ਸਿਖਰਲੀ ਸੰਸਥਾ ਨੂੰ ਕਿਸੇ ਖੇਡ ਨੂੰ ਓਲੰਪਿਕ ਪ੍ਰੋਗਰਾਮ ’ਚੋਂ ਬਾਹਰ ਕਰਨ ਲਈ ਵੱਧ ਅਧਿਕਾਰ ਦਿੱਤੇ ਹਨ। ਆਈਓਸੀ ਮੁਤਾਬਕ ਹੁਣ ਜੇਕਰ ਕੋਈ ਖੇਡ ਫੈਡਰੇਸ਼ਨ ਆਈਓਸੀ ਦੇ ਕਾਰਜਕਾਰੀ ਬੋਰਡ ਦੇ ਫੈਸਲੇ ਦਾ ਪਾਲਣ ਨਹੀਂ ਕਰਦੀ ਹੈ ਜਾਂ ਫਿਰ ਕੋਈ ਅਜਿਹਾ ਕੰਮ ਕਰਦੀ ਹੈ ਜਿਸ ਨਾਲ ਓਲੰਪਿਕ ਅੰਦੋਲਨ ਦੀ ਦਿੱਖ ਖਰਾਬ ਹੁੰਦੀ ਹੈ ਤਾਂ ਆਈਓਸੀ ਉਸ ਨੂੰ ਓਲੰਪਿਕ ਪ੍ਰੋਗਰਾਮ ਤੋਂ ਲਾਂਭੇ ਕਰ ਸਕਦੀ ਹੈ। ਆਈਓਸੀ ਪ੍ਰਮੁੱਖ ਥੌਮਸ ਬਾਕ ਦੀ ਪ੍ਰਧਾਨਗੀ ਵਾਲੇ ਕਾਰਜਕਾਰੀ ਬੋਰਡ ਨੂੰ ਕਿਸੇ ਖੇਡ ਦੀ ਸੰਚਾਲਨ ਸੰਸਥਾ ਦੇ ਕਿਸੇ ਫੈਸਲੇ ਦਾ ਪਾਲਣ ਨਾ ਕਰਨ ਜਾਂ ਉਸ ਨੂੰ ਮੰਨਣ ਤੋਂ ਇਨਕਾਰ ਕਰਨ ’ਤੇ ਕਿਸੇ ਖੇਡ ਜਾਂ ਮੁਕਾਬਲੇ ਨੂੰ ਓਲੰਪਿਕ ਤੋਂ ਮੁਅੱਤਲ ਕਰਨ ਦਾ ਨਵਾਂ ਅਧਿਕਾਰ ਮਿਲ ਗਿਆ ਹੈ। ਇਸ ਫੈਸਲੇ ਦਾ ਸਭ ਤੋਂ ਵੱਧ ਅਸਰ ਮੁੱਕੇਬਾਜ਼ੀ ਤੇ ਵੇਟਲਿਫਟਿੰਗ ’ਤੇ ਪਏਗਾ। ਮੁੱਕੇਬਾਜ਼ੀ ਵਿੱਚ ਓਲੰਪਿਕ ਲਈ ਖਿਡਾਰੀਆਂ ਦਾ ਕੋਟਾ ਪਹਿਲਾਂ ਹੀ ਘੱਟ ਕਰ ਦਿੱਤਾ ਗਿਆ ਹੈ, ਪਰ ਵੇਟਲਿਫਟਿੰਗ ਨੂੰ ਇਨ੍ਹਾਂ ਖੇਡਾਂ ’ਚੋਂ ਮੁਕੰਮਲ ਰੂਪ ਵਿੱਚ ਹਟਾਇਆ ਜਾ ਸਕਦਾ ਹੈ। ਆਈਓਸੀ ਦੇ ਉਪ ਪ੍ਰਧਾਨ ਜੌਹਨ ਕੋਟਸ ਨੇ ਕਿਹਾ, ‘‘ਹਾਲ ਹੀ ਵਿੱਚ ਆਈਓਸੀ ਨੂੰ ਕੁਝ ਕੌਮਾਂਤਰੀ ਖੇਡ ਫੈਡਰੇਸ਼ਨਾਂ ਦੇ ਸੰਚਾਲਨ ਨਾਲ ਜੁੜੇ ਫਿਕਰਾਂ ਦਾ ਸਾਹਮਣਾ ਕਰਨਾ ਪਿਆ ਹੈ।’’ ਵੇਟਲਿਫਟਿੰਗ ਵਿੱਚ ਲੰਮੇ ਸਮੇਂ ਤੋਂ ਡੋਪਿੰਗ ਤੇ ਸੰਚਾਲਨ ਸਬੰਧੀ ਮੁੱਦੇ ਜੁੜੇ ਹੋਏ ਹਨ। ਇਨ੍ਹਾਂ ਵਿੱਚ ਵਿੱਤੀ ਭ੍ਰਿਸ਼ਟਾਚਾਰ ਵੀ ਸ਼ਾਮਲ ਹੈ। ਟੌਮਸ ਅਜਾਨ ਨੇ ਦੋ ਦਹਾਕਿਆਂ ਤੱਕ ਕੌਮਾਂਤਰੀ ਵੇਟਲਿਫਟਿੰਗ ਫੈਡਰੇਸ਼ਨ ਦੀ ਅਗਵਾਈ ਕੀਤੀ, ਪਰ ਪਿਛਲੇ ਸਾਲ ਉਨ੍ਹਾਂ ਨੂੰ ਇਹ ਅਹੁਦਾ ਛੱਡਣਾ ਪਿਆ। ਰੀਓ ਓਲੰਪਿਕ 2016 ਦੇ ਮੁਕਾਬਲਿਆਂ ਉੱਤੇ ਚੁੱਕੇ ਗਏ ਸਵਾਲਾਂ ਤੇ ਪ੍ਰਧਾਨ ਦੀ ਚੋਣ ਨਾਲ ਜੁੜੇ ਫਿਕਰਾਂ ਕਾਰਨ ਟੋਕੀਓ ਖੇਡਾਂ ਦੀ ਮੁੱਕੇਬਾਜ਼ੀ ਨੂੰ 2019 ਵਿੱਚ ਹੀ ਕੌਮਾਂਤਰੀ ਮੁੱਕੇਬਾਜ਼ੀ ਫੈਡਰੇਸ਼ਨ ਦੇ ਕੰਟਰੋਲ ਹੇਠੋਂ ਕੱਢ ਲਿਆ ਗਿਆ ਸੀ। ਚਾਨੂ ਨੇ ਟੋਕੀਓ ਓਲੰਪਿਕ ਦੇ ਪਹਿਲੇ ਦਿਨ ਹੀ ਵੇਟਲਿਫਟਿੰਗ ਦੇ 49 ਕਿਲੋ ਭਾਰ ਵਰਗ ਵਿਚ ਚਾਂਦੀ ਦਾ ਤਗ਼ਮਾ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਿਆ ਸੀ। ਚਾਨੂ ਨੇ ਹੁਣ ਪੈਰਿਸ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤਣ ਦਾ ਟੀਚਾ ਨਿਰਧਾਰਿਤ ਕੀਤਾ ਹੈ। -ਪੀਟੀਆਈ