ਮੁੰਬਈ: ਅਦਾਕਾਰਾ ਵਾਣੀ ਕਪੂਰ ਦਾ ਕਹਿਣਾ ਹੈ ਕਿ ਉਹ ਵੱਡੇ ਪਰਦੇ ’ਤੇ ਦਮਦਾਰ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਉਸ ਦੀ ਆਉਣ ਵਾਲੀ ਫਿਲਮ ‘ਸ਼ਮਸ਼ੇਰਾ’ ਇਸ ਦਾ ਸਹੀ ਜ਼ਰੀਆ ਹੈ। ‘ਸ਼ਮਸ਼ੇਰਾ’ ਵਿਚ ਇੱਕ ਕਲਾਕਾਰ ਦੀ ਭੂਮਿਕਾ ਨਿਭਾਅ ਰਹੀ ਵਾਣੀ ਨੇ ਕਿਹਾ, ‘‘ਇਹ ਬਾਕੀ ਫਿਲਮਾਂ ਨਾਲੋਂ ਵੱਖਰੀ ਹੈ ਅਤੇ ਮੈਨੂੰ ਖ਼ੁਸ਼ੀ ਹੈ ਕਿ ਅਸੀਂ ਫਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਕਰ ਦਿੱਤਾ ਹੈ, ਜੋ ਦਰਸ਼ਕਾਂ ਨੂੰ ਦੱਸਦਾ ਹੈ ਕਿ ਅਸੀਂ ਲੋਕਾਂ ਦਾ ਮਨੋਰੰਜਨ ਕਰਨ ਲਈ ਅਜਿਹੀ ਕਹਾਣੀ ਲਿਆ ਰਹੇ ਹਾਂ ਜੋ ਦੇਸ਼ ਦੇ ਹਰ ਸਿਨੇਮਾ ਪ੍ਰੇਮੀ ਦੇ ਦਿਲ ਨੂੰ ਛੂਹ ਲਵੇਗੀ। ‘ਸ਼ਮਸ਼ੇਰਾ’ ਮੇਰੇ ਦਿਲ ਦੇ ਬਹੁਤ ਕਰੀਬ ਹੈ। ਅਸੀਂ ਸਾਰਿਆਂ ਨੇ ਹਰ ਉਮਰ ਵਰਗ ਦੇ ਦਰਸ਼ਕਾਂ ਲਈ ਫਿਲਮ ਬਣਾਉਣ ਵਾਸਤੇ ਪੂਰੀ ਵਾਹ ਲਗਾਈ ਹੈ।’’ ਉਸ ਨੇ ਕਿਹਾ, ‘‘ਫਿਲਮ ‘ਚੰਡੀਗੜ੍ਹ ਕਰੇ ਆਸ਼ਕੀ’ ਤੋਂ ਬਾਅਦ ਮੈਂ ਅਜਿਹਾ ਪ੍ਰਦਰਸ਼ਨ ਕਰਨਾ ਚਾਹੁੰਦੀ ਸੀ, ਜਿਸ ਨੂੰ ਲੋਕ ਦੁਬਾਰਾ ਪਸੰਦ ਕਰਨ। ਮੈਂ ਸਕਰੀਨ ’ਤੇ ਜ਼ਬਰਦਸਤ ਪ੍ਰਦਰਸ਼ਨ ਕਰਨਾ ਚਾਹੁੰਦੀ ਹਾਂ ਅਤੇ ਇਸ ਲਈ ‘ਸ਼ਮਸ਼ੇਰਾ’ ਸਭ ਤੋਂ ਵਧੀਆ ਜ਼ਰੀਆ ਹੈ।’’ ਜ਼ਿਕਰਯੋਗ ਹੈ ਕਿ ਫਿਲਮ ਵਿਚ ਉਹ ਰਣਬੀਰ ਕਪੂਰ ਨਾਲ ਸਕਰੀਨ ਸਾਂਝੀ ਕਰ ਰਹੀ ਹੈ। ਕਰਨ ਮਲਹੋਤਰਾ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ 22 ਜੁਲਾਈ ਨੂੰ ਹਿੰਦੀ, ਤਾਮਿਲ ਤੇ ਤੇਲਗੂ ’ਚ ਰਿਲੀਜ਼ ਹੋ ਰਹੀ ਹੈ। ਆਦਿੱਤਿਆ ਚੋਪੜਾ ਨੇ ਫਿਲਮ ਦਾ ਨਿਰਮਾਣ ਕੀਤਾ ਹੈ। -ਆਈਏਐੱਨਐੱਸ