ਪੱਤਰ ਪ੍ਰੇਰਕ
ਰਤੀਆ, 26 ਅਕਤੂਬਰ
ਕਿਸਾਨ ਸੰਘਰਸ਼ ਕਮੇਟੀ ਹਰਿਆਣਾ ਯੂਨਿਟ ਕਮੇਟੀ ਭੂੰਦੜਵਾਸ ਨੇ ਸਤਗੁਰੂ ਸਿੰਘ ਅਤੇ ਚਮਕੌਰ ਦੀ ਅਗਵਾਈ ਹੇਠ ਅੱਜ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ। ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਹਰਿਆਣਾ ਦੇ ਕਨਵੀਨਰ ਮਨਦੀਪ ਨਥਵਾਨ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਅਜਿਹੀ ਸਰਕਾਰ ਸੱਤਾ ਵਿੱਚ ਆਈ ਹੈ, ਜਿਸ ਨੇ ਦੇਸ਼ ਦੀ ਖੇਤੀ ਨੂੰ ਬਰਬਾਦ ਕਰਨ ਦੇ ਤਿੰਨ ਕਾਨੂੰਨ ਪਾਸ ਕਰ ਦਿੱਤੇ, ਜਿਸ ਖ਼ਿਲਾਫ਼ ਦੇਸ਼ ਦੇ ਕਿਸਾਨ ਅਤੇ ਮਜ਼ਦੂਰ ਲਗਾਤਾਰ ਸੰਘਰਸ਼ ਦੇ ਰਾਹ ’ਤੇ ਚੱਲੇ ਹੋਏ ਕੇਂਦਰ ਸਰਕਾਰ ਦੇ ਖੇਤੀ ਤੇ ਤਿੰਨੇ ਕਾਨੂੰਨੀ ਖੇਤੀ ਅਤੇ ਮਜ਼ਦੂਰਾਂ ਦਾ ਛੋਟੇ ਵਪਾਰੀਆਂ ਨੂੰ ਬਰਬਾਦ ਕਰ ਦੇਣਗੇ। ਕਿਸਾਨ ਲਗਾਤਾਰ ਮੰਗ ਕਰ ਰਹੇ ਹਨ ਕਿ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਪਰ ਦੁਸ਼ਿਯੰਤ ਚੌਟਾਲਾ ਖੱਟੜ ਸਰਕਾਰ ਦੇ ਗੀਤ ਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਕਲੀ ਕਿਸਾਨ ਆਗੂਆਂ ਦਾ ਮਖੌਟਾ ਉਤਰ ਚੁੱਕਾ ਹੈ। ਇਹ ਸਪੋਰਟ ਕੇਵਲ ਸੱਤਾ ਪ੍ਰਾਪਤ ਕਰਨ ਲਈ ਲੈਂਦੇ ਹਨ।
ਸੱਤਾ ਮਿਲਣ ਤੋਂ ਬਾਅਦ ਕਿਸਾਨਾਂ ਨੂੰ ਭੁੱਲ ਜਾਂਦੇ ਹਨ। ਦੇਸ਼ ਇਕ ਨਵੀਂ ਰਾਹ ਤੇ ਚੱਲ ਪਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮਜ਼ਬੂਤੀ ਨਾਲ ਲੜ ਰਹੇ ਹਨ, ਜਲਦ ਹੀ ਰਿਲਾਇੰਸ ਦੇ ਪੰਪ, ਮਾਲ ਅਤੇ ਟੌਲ ਪਲਾਜ਼ਾ ਬੰਦ ਕਰਨਗੇ, ਬਿਜਾਈ ਦੇ ਸੀਜਨ ਤੋਂ ਬਾਅਦ ਟੌਲ ਬੰਦ ਕਰਨਗੇ।