ਗੁਰਚਰਨ ਸਿੰਘ ਨੂਰਪੁਰ
ਭਾਰਤੀ ਸੰਸਕ੍ਰਿਤੀ ਵਿੱਚ ਦੀਵੇ ਦਾ ਬੜਾ ਸਤਿਕਾਰ ਹੈ। ਪੁਰਾਣੇ ਵੇਲਿਆਂ ਵਿੱਚ ਹਨੇਰਾ ਉਤਰਦਿਆਂ ਹੀ ਦੀਵਾ ਬਾਲ ਕੇ ਘਰਾਂ ਨੂੰ ਰੌਸ਼ਨ ਕਰਨ ਦੇ ਨਾਲ ਨਾਲ ਦੀਵੇ ਦੀ ਲਾਟ ਨੂੰ ਸਿਜਦਾ ਵੀ ਕੀਤਾ ਜਾਂਦਾ ਸੀ। ਪੁਰਾਣੇ ਵੇਲਿਆਂ ਵਿੱਚ ਜਦੋਂ ਆਵਾਜਾਈ ਦੇ ਸਾਧਨ ਨਹੀਂ ਸਨ ਲੋਕ ਤੁਰ ਕੇ ਮੀਲਾਂ ਤੱਕ ਸਫ਼ਰ ਕਰਦੇ ਸਨ ਤਾਂ ਹਨੇਰੀਆਂ ਰਾਤਾਂ ਵਿੱਚ ਭੁੱਲੇ ਭਟਕੇ ਰਾਹੀਆਂ ਦੀ ਆਸ ਦੀਵੇ ਹੋਇਆ ਕਰਦੇ ਸਨ। ਇਹ ਸਮਝਿਆ ਜਾਂਦਾ ਸੀ ਕਿ ਜਿੱਥੇ ਦੀਵਾ ਬਲ ਰਿਹਾ ਹੈ, ਉੱਥੇ ਜ਼ਰੂਰ ਕੋਈ ਚੰਗੇ ਲੋਕ ਜਾਗ ਰਹੇ ਹੋਣਗੇ ਅਤੇ ਉਨ੍ਹਾਂ ਦਾ ਓਟ ਆਸਰਾ ਮਿਲ ਸਕਦਾ ਹੈ।
ਅੱਗ ਦੀ ਖੋਜ ਮਨੁੱਖ ਦੀ ਬਹੁਤ ਵੱਡੀ ਖੋਜ ਸੀ ਅਤੇ ਇਸ ਤੋਂ ਅਗਾਂਹ ਜਦੋਂ ਆਦਿ ਕਾਲ ਦੇ ਮਨੁੱਖ ਨੇ ਦੀਵੇ ਦੀ ਖੋਜ ਕਰ ਲਈ ਤਾਂ ਉਹ ਹਨੇਰੀਆਂ ਰਾਤਾਂ ਵਿੱਚ ਵੇਖਣ ਦੇ ਸਮਰੱਥ ਹੋ ਗਿਆ। ਜੀਵ ਵਿਕਾਸ ਦੀਆਂ ਖੋਜਾਂ ਦੱਸਦੀਆਂ ਹਨ ਕਿ ਆਦਿ ਕਾਲ ਦਾ ਮਨੁੱਖ ਡਰਾਕਲ ਜਿਹਾ ਜੀਵ ਸੀ। ਇਹ ਹਨੇਰੀਆਂ ਰਾਤਾਂ ਅਤੇ ਜੰਗਲੀ ਜੀਵਾਂ ਤੋਂ ਡਰ ਡਰ ਕੇ ਦਿਨ ਕੱਟਦਾ ਸੀ। ਖੂੰਖਾਰ ਜੰਗਲੀ ਜੀਵ ਅੱਗ ਤੋਂ ਡਰਦੇ ਹਨ, ਇਸ ਲਈ ਦੀਵੇ ਦੀ ਖੋਜ ਨੇ ਮਨੁੱਖੀ ਡਰ ਨੂੰ ਦੂਰ ਕਰਨ ਵਿੱਚ ਬੜੀ ਵੱਡੀ ਭੂਮਿਕਾ ਨਿਭਾਈ। ਇਹ ਸਮਝਿਆ ਜਾਣ ਲੱਗਿਆ ਕਿ ਬਲਦੇ ਦੀਵੇ ਵਿੱਚ ਕੋਈ ਅਲੌਕਿਕ ਸ਼ਕਤੀ ਹੈ ਜੋ ਕਾਲੀਆਂ ਤਾਕਤਾਂ ਨੂੰ ਮਾਤ ਦੇ ਸਕਦੀ ਹੈ। ਦੀਵਾ ਬਾਲਣਾ ਦੀਵੇ ਵਿੱਚ ਤੇਲ ਪਾਉਣਾ ਪੁੰਨ ਦਾ ਕਾਰਜ ਸਮਝਿਆ ਜਾਂਦਾ ਸੀ। ਅੱਜ ਵੀ ਵੱਖ ਵੱਖ ਰਸਮਾਂ ਤੇ ਪਰੰਪਰਾਵਾਂ ਵਿੱਚ ਦੀਵੇ ਬਾਲਣ ਦੇ ਕਈ ਵਿਸ਼ਵਾਸ ਸਾਡੇ ਸਮਾਜ ਵਿੱਚ ਸਦੀਆਂ ਤੋਂ ਚੱਲੇ ਆ ਰਹੇ ਹਨ। ਦੀਵਾਲੀ ਦੇ ਤਿਉਹਾਰ ਨੂੰ ਵੱਖ ਵੱਖ ਧਰਮਾਂ ਦੀਆਂ ਕੁਝ ਵੱਖ ਵੱਖ ਘਟਨਾਵਾਂ ਨਾਲ ਵੀ ਜੋੜਿਆ ਜਾਂਦਾ ਹੈ, ਪਰ ਕਿਤੇ ਨਾ ਕਿਤੇ ਇਸ ਦਾ ਸਬੰਧ ਉੱਤਰੀ ਭਾਰਤ ਦੇ ਰੁੱਤ ਚੱਕਰ ਨਾਲ ਵੀ ਜੁੜਦਾ ਹੈ। ਉੱਤਰੀ ਭਾਰਤ ਵਿੱਚ ਜਦੋਂ ਸਰਦ ਰੁੱਤ ਦੀ ਆਮਦ ’ਤੇ ਰਾਤਾਂ ਲੰਮੀਆਂ ਕੱਕਰ ਭਰੀਆਂ, ਵਧੇਰੇ ਸੰਘਣੇ ਹਨੇਰੇ ਵਾਲੀਆਂ ਹੋਣ ਲੱਗਦੀਆਂ ਹਨ ਤਾਂ ਦੀਵਿਆਂ ਦੀ ਮਹੱਤਤਾ ਹੋਰ ਵਧ ਜਾਂਦੀ ਹੈ।
ਦੀਵਾਲੀ ਦੀਵਿਆਂ ਦਾ ਤਿਉਹਾਰ ਹੈ ਅਤੇ ਦੀਵੇ ਦਾ ਧਰਮ ਹੈ ਕਿ ਉਹ ਹਨੇਰੇ ਖਿਲਾਫ਼ ਬਲਦਾ ਰਹੇ। ਅੱਜ ਸਾਨੂੰ ਹਨੇਰੀਆਂ ਰਾਤਾਂ ਨੂੰ ਰੌਸ਼ਨ ਕਰਨ ਲਈ ਦੀਵਿਆਂ ਦੀ ਲੋੜ ਭਾਵੇਂ ਨਹੀਂ ਰਹੀ। ਪਰ ਸਾਡੇ ਮਨਾਂ ਅੰਦਰ ਪਸਰੇ ਅੰਧਕਾਰ ਨੂੰ ਦੂਰ ਕਰਨ ਲਈ ਸਾਨੂੰ ਗਿਆਨ ਦੇ ਚਿਰਾਗਾਂ ਦੀ ਪਹਿਲਾਂ ਨਾਲੋਂ ਵੀ ਕਿਤੇ ਵੱਧ ਲੋੜ ਹੈ। ਮਨੁੱਖ ਬੇਸ਼ੱਕ ਵਿਕਾਸ ਕਰ ਰਿਹਾ ਹੈ, ਪਰ ਮਨਾਂ ਅੰਦਰਲੇ ਅੰਧਕਾਰ ਅੱਜ ਵੀ ਵਧ ਰਹੇ ਹਨ। ਅੱਜ ਸਾਡੇ ਮਨਾਂ ਅੰਦਰ ਵਿਖਾਵੇ ਦੀ ਮਨੋਬਿਰਤੀ ਬੜੀ ਪ੍ਰਬਲ ਹੋ ਗਈ ਹੈ। ਦੀਵਾਲੀ ਦੇ ਨਾਲ ਆਤਿਸ਼ਬਾਜ਼ੀ ਨੂੰ ਜੋੜ ਦਿੱਤਾ ਗਿਆ। ਸਾਡੇ ਧਰਮ ਅਸਥਾਨ ਜਿੱਥੋਂ ਲੋਕਾਈ ਨੂੰ ਮਾਨਵਤਾ ਦਾ ਪੈਗ਼ਾਮ ਮਿਲਣਾ ਹੁੰਦਾ ਹੈ, ’ਤੇ ਵੀ ਹੁਣ ਬੰਬ ਪਟਾਕੇ ਚਲਾ ਕੇ ਹਵਾ ਨੂੰ ਪਲੀਤ ਕਰਨ ਵਰਗੀਆਂ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਹਵਾ, ਮਿੱਟੀ ਤੇ ਪਾਣੀ ਨੂੰ ਸਾਫ਼ ਰੱਖਣ ਦਾ ਸਾਨੂੰ ਪੈਗ਼ਾਮ ਦਿੱਤਾ ਸੀ, ਉਨ੍ਹਾਂ ਦੇ ਉਸ ਪੈਗ਼ਾਮ ਦੀ ਅਵੱਗਿਆ ਉਨ੍ਹਾਂ ਦੇ ਨਾਮ ’ਤੇ ਹੀ ਕਰਨ ਲੱਗ ਪਏ ਹਾਂ। ਅਸੀਂ ਕਈ ਧਾਰਮਿਕ ਸਮਾਗਮਾਂ ’ਤੇ ਵੱਡੇ ਬੰਬ ਪਟਾਕੇ ਹਵਾ ਵਿੱਚ ਛੱਡ ਕੇ ਹਵਾ ਨੂੰ ਪਲੀਤ ਕਰਕੇ ਆਪਣੇ ਗੁਰੂ ਪ੍ਰਤੀ ਪਤਾ ਨਹੀਂ ਕਿਸ ਤਰ੍ਹਾਂ ਦੀ ਸ਼ਰਧਾ ਦਾ ਵਿਖਾਵਾ ਕਰਨਾ ਚਾਹੁੰਦੇ ਹਾਂ।
ਅੱਜ ਦਾ ਮਨੁੱਖ ਭਾਵੇਂ ਆਪਣੇ ਆਪ ਦਾ ਵਿਕਾਸ ਕਰਨ ਦਾ ਦਾਅਵਾ ਕਰਦਾ ਹੈ, ਪਰ ਹਕੀਕਤ ਇਹ ਹੈ ਕਿ ਅੱਜ ਵੀ ਸਾਡੇ ਮਨਾਂ ਵਿੱਚ ਕਈ ਤਰ੍ਹਾਂ ਦੇ ਅੰਧਕਾਰ ਪਸਰੇ ਹੋਏ ਹਨ। ਸਾਡਾ ਅਜੋਕਾ ਸਮਾਜ ਭਾਵੇਂ ਪੜ੍ਹ ਲਿਖ ਰਿਹਾ ਹੈ, ਵਿਗਿਆਨਕ ਤਕਨੀਕਾਂ ਦੀ ਵਰਤੋਂ ਅਸੀਂ ਹਰ ਪਲ ਕਰ ਰਹੇ ਹਾਂ, ਪਰ ਸਮਾਜ ਦੀ ਬਹੁਗਿਣਤੀ ਅਜੇ ਵੀ ਕਈ ਤਰ੍ਹਾਂ ਦੇ ਅੰਧਵਿਸ਼ਵਾਸਾਂ ਦੇ ਅੰਧਕਾਰ ਵਿੱਚ ਭਟਕ ਰਹੀ ਹੈ। ਅੰਧਵਿਸ਼ਵਾਸ ਦੀਆਂ ਹੱਟੀਆਂ ਪਾਈ ਬੈਠੇ ਕੁਝ ਅਜਿਹੇ ਲੋਕ ਹਨ ਜੋ ਮਨੁੱਖ ਦੀ ਅਗਿਆਨਤਾ ਤੋਂ ਮੋਟੀਆਂ ਕਮਾਈਆਂ ਕਰਦੇ ਹਨ। ਸਾਡੀਆਂ ਔਲਾਦਾਂ ਨੂੰ ਅਗਿਆਨੀ ਅਤੇ ਅੰਧਵਿਸ਼ਵਾਸ ਦੇ ਹਨੇਰਿਆਂ ਵਿੱਚ ਰੱਖਣ ਲਈ ਕਾਲੀਆਂ ਤਾਕਤਾਂ ਦੇ ਦਾਅਵੇਦਾਰ ਅੱਜ ਵੀ ਬੜੇ ਸਰਗਰਮ ਹਨ। ਸਾਨੂੰ ਗਿਆਨ ਵਿਗਿਆਨ ਦੇ ਪ੍ਰਕਾਸ਼ ਦੀ ਲੋੜ ਹੈ। ਸਮਾਜ ਵਿੱਚ ਭ੍ਰਿਸ਼ਟਾਚਾਰ, ਮਾਰਾਮਾਰੀ, ਗਰੀਬੀ ਤੇ ਮੰਦਹਾਲੀ ਦਾ ਗਲਬਾ ਵਧ ਰਿਹਾ ਹੈ। ਰਿਸ਼ਵਤਖੋਰੀ ਅਤੇ ਮਾੜੀਆਂ ਨੀਤੀਆਂ ਨਾਲ ਦੂਜੇ ਨੂੰ ਪਛਾੜ ਕੇ ਅੱਗੇ ਲੰਘਣ ਦੀ ਪ੍ਰਵਿਰਤੀ ਨੂੰ ਸਨਮਾਨਜਨਕ ਸਮਝਿਆ ਜਾਣ ਲੱਗ ਪਿਆ ਹੈ। ਪੜ੍ਹੇ ਲਿਖੇ ਕੁਲੀਨ ਵਰਗ ਦਾ ਕਿਰਦਾਰ ਇਹ ਹੈ ਇਹ ਆਪਣੀ ਜ਼ੁਬਾਨ, ਆਪਣੀ ਮਿੱਟੀ ਅਤੇ ਆਪਣੀਆਂ ਨਿੱਗਰ ਕਦਰਾਂ ਕੀਮਤਾਂ ਨੂੰ ਤਿਆਗਣ ਵਿੱਚ ਮਾਣ ਮਹਿਸੂਸ ਕਰ ਰਿਹਾ ਹੈ। ਅਸੀਂ ਬੇਸ਼ੱਕ ਪੜ੍ਹ ਲਿਖ ਗਏ ਹਾਂ, ਪਰ ਸਾਡੇ ਮਨਾਂ ਅੰਦਰਲਾ ਅੰਧਕਾਰ ਹੋਰ ਸੰਘਣਾ ਹੋ ਰਿਹਾ ਹੈ ਜੋ ਸਾਡੇ ਲਈ ਬੇਹੱਦ ਖਤਰਨਾਕ ਹੈ। ਸਮਾਜ ਵਿੱਚ ਅੰਧਵਿਸ਼ਵਾਸਾਂ, ਰੂੜੀਵਾਦੀ ਕਰਮਕਾਂਡਾਂ ਦਾ ਗਲਬਾ ਤੇਜ਼ੀ ਨਾਲ ਵਧ ਰਿਹਾ ਹੈ। ਸਮਾਜ ਵਿੱਚ ਗੁੰਡਾਗਰਦੀ, ਹਨੇਰਗਰਦੀ, ਹੁੱਲੜਬਾਜ਼ੀ ਲਗਾਤਾਰ ਵਧ ਰਹੀ ਹੈ। ਸੰਚਾਰ ਦੇ ਸਾਧਨ ਸਾਡੇ ਸਮਾਜ ਦੇ ਦੁੱਖਾਂ ਦਰਦਾਂ ਦੀ ਗੱਲ ਕਰਨ ਦੀ ਬਜਾਏ ਲੋਕਾਂ ਨੂੰ ਧਰਮਾਂ, ਜਾਤਾਂ ਪਾਤਾਂ, ਮੰਦਰਾਂ, ਮਸਜਿਦਾਂ ਦੇ ਝਗੜਿਆਂ ਵਿੱਚ ਉਲਝਾਅ ਕੇ ਸਮਾਜ ਵਿੱਚ ਪਈਆਂ ਵੰਡੀਆਂ ਨੂੰ ਹੋਰ ਵਧਾ ਰਹੇ ਹਨ। ਸਮਾਜ ਵਿੱਚ ਵਖਰੇਵੇਂ ਸਦੀਆਂ ਤੋਂ ਚੱਲੇ ਆ ਰਹੇ ਹਨ, ਪਰ ਇਨ੍ਹਾਂ ਨੂੰ ਫਿਰਕੂ ਰੰਗਤ ਦੇ ਕੇ ਆਪਣੀਆਂ ਰਾਜਨੀਤਕ ਰੋਟੀਆਂ ਸੇਕਣ ਦੀ ਪ੍ਰਵਿਰਤੀ ਅੱਜ ਦੇ ‘ਸਭਿਅਕ’ ਸਮਾਜ ਵਿੱਚ ਸਿਖਰਾਂ ’ਤੇ ਹੈ। ਮਨੁੱਖੀ ਹੱਕਾਂ ਦੀ ਲੜਾਈ ਲੜਨ ਵਾਲਿਆਂ ਤੇ ਮਾਨਵਤਾ ਦੀ ਗੱਲ ਕਰਨ ਵਾਲਿਆਂ ਦੇ ਕਤਲ ਹੋ ਰਹੇ ਹਨ। ਡਰ ਅਤੇ ਸਹਿਮ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਸਾਨੂੰ ਅੱਜ ਇਨ੍ਹਾਂ ਸਭ ਤਰ੍ਹਾਂ ਦੀਆਂ ਹਨੇਰੀਆਂ ਤਾਕਤਾਂ ਖਿਲਾਫ਼ ਦੇਸ਼ ਦੀ ਹਰ ਨੁੱਕਰੇ ਗਿਆਨ ਵਿਗਿਆਨ ਦੇ ਦੀਵੇ ਬਾਲਣ ਦੀ ਲੋੜ ਹੈ। ਇਹ ਧਰਤੀ ਜਿਸ ’ਤੇ ਸਾਡੀਆਂ ਔਲਾਦਾਂ ਨੇ ਵੀ ਰਹਿਣਾ ਹੈ, ਇਹ ਬੜਾ ਜ਼ਰੂਰੀ ਹੈ ਕਿ ਇੱਥੇ ਮਨੁੱਖ ਦੇ ਰਹਿਣ ਲਈ ਸਾਜਗਾਰ ਮਾਹੌਲ ਬਣਿਆ ਰਹੇ। ਹਰ ਤਰ੍ਹਾਂ ਦੇ ਅੰਧਕਾਰ ਖਿਲਾਫ਼, ਰੌਸ਼ਨ ਦਿਮਾਗ਼ਾਂ ਵਾਲੇ ਲੋਕਾਂ ਨੂੰ ਗਿਆਨ ਦੇ ਦੀਪ ਬਾਲਣ ਦੀ ਲੋੜ ਹੈ।
ਅਸੀਂ ਬੇਸ਼ੱਕ ਆਟੇ ਅਤੇ ਮਿੱਟੀ ਦੇ ਬਣੇ ਦੀਵਿਆਂ ਤੋਂ ਇਲੈੱਕਟ੍ਰਾਨਿਕ ਲੜੀਆਂ ਤੱਕ ਆ ਪਹੁੰਚੇ ਹਾਂ। ਪਰ ਸਾਡੇ ਕਿਰਦਾਰ ਦਿਨੋਂ ਦਿਨ ਬੌਣੇ ਹੋ ਗਏ ਹਨ। ਸਾਡੇ ਜੀਵਨ ਵਿੱਚੋਂ ਪਵਿੱਤਰਤਾ ਗਵਾਚ ਰਹੀ ਹੈ। ਅਸੀਂ ਦੀਵਾਲੀ ਵਰਗੇ ਪਵਿੱਤਰ ਤਿਉਹਾਰ ’ਤੇ ਵੱਡੇ ਪੱਧਰ ’ਤੇ ਪ੍ਰਦੂਸ਼ਣ ਫੈਲਾਅ ਕੇ ਹਵਾ ਨੂੰ ਗੰਦਾ ਕਰਨ ਲੱਗ ਪਏ ਹਾਂ। ਇਸ ਦਿਨ ਕਰੋੜਾਂ ਅਰਬਾਂ ਦੇ ਪਟਾਕੇ ਚਲਾ ਕੇ ਟਨਾਂ ਦੇ ਟਨ ਜ਼ਹਿਰੀਲੀਆਂ ਗੈਸਾਂ ਦਾ ਜ਼ਹਿਰ ਹਵਾਵਾਂ ਵਿੱਚ ਘੋਲ ਦਿੰਦੇ ਹਾਂ। ਧੂੰਏਂ ਨਾਲ ਭਰੀ ਹਵਾ ਵਿੱਚ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਸਾਨੂੰ ਆਪਣੇ ਤਿਉਹਾਰਾਂ ’ਤੇ ਜਸ਼ਨ ਮਨਾਉਣੇ ਚਾਹੀਦੇ ਹਨ, ਪਰ ਇਸ ਤਰ੍ਹਾਂ ਬੰਬ ਪਟਾਕੇ ਚਲਾ ਕੇ ਹਰਗਿਜ਼ ਨਹੀਂ। ਸਾਡਾ ਆਲਾ-ਦੁਆਲਾ ਦਿਨੋਂ ਦਿਨ ਪਲੀਤ ਹੋ ਰਿਹਾ ਹੈ। ਹਾਲਾਤ ਇਹ ਬਣ ਜਾਂਦੇ ਹਨ ਕਿ ਕਦੇ ਤਾਂ ਸਾਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਪੰਛੀ, ਜੀਵ ਜੰਤੂ ਅਤੇ ਵੱਡੇ ਛੋਟੇ ਜਾਨਵਰ ਉੱਚੀ ਆਵਾਜ਼ ਵਿੱਚ ਚਲਦੇ ਪਟਾਕਿਆਂ ਨਾਲ ਡਰ ਜਾਂਦੇ ਹਨ। ਰੁੱਖ, ਪੌਦੇ ਤੇ ਬਨਸਪਤੀ ਆਦਿ ਵੀ ਧੂੰਏ ਤੋਂ ਬੇਹੱਦ ਪ੍ਰਭਾਵਿਤ ਹੁੰਦੇ ਹਨ। ਸਾਨੂੰ ਇਹ ਵਿਚਾਰਨ ਦੀ ਲੋੜ ਹੈ ਕਿ ਇਹ ਧਰਤੀ ਕੇਵਲ ਮਨੁੱਖ ਦੇ ਰਹਿਣ ਲਈ ਨਹੀਂ ਹੈ, ਇਸ ’ਤੇ ਦੂਜੇ ਜੀਵਾਂ ਦਾ ਵੀ ਹੱਕ ਹੈ। ਨਵੰਬਰ ਵਿੱਚ ਜਦੋਂ ਤਾਪਮਾਨ ਕੁਝ ਘੱਟ ਹੋਣ ਲੱਗਦਾ ਹੈ ਤਾਂ ਧੂੰਏ ਅਤੇ ਗਰਦ ਦਾ ਗੁਬਾਰ ਵਿਸ਼ਾਲ ਇਲਾਕੇ ਨੂੰ ਕਈ ਦਿਨ ਆਪਣੀ ਗ੍ਰਿਫ਼ਤ ਵਿੱਚ ਲਈ ਰੱਖਦਾ ਹੈ। ਇਸ ਨਾਲ ਵੱਖ ਵੱਖ ਬਿਮਾਰੀਆਂ ਤੋਂ ਪੀੜਤ ਲੋਕਾਂ ਦੇ ਦੁੱਖ ਵਿੱਚ ਹੋਰ ਵਾਧਾ ਹੋ ਜਾਂਦਾ ਹੈ। ਧੂੰਏ ਦੇ ਗੁਬਾਰ ਨਾਲ ਪਸ਼ੂ ਤੇ ਪੰਛੀਆਂ ਸਮੇਤ ਮਨੁੱਖਾਂ, ਬੱਚਿਆਂ ਸਭ ਦੀ ਜ਼ਿੰਦਗੀ ਦੇ ਕੁਝ ਸਾਲ ਘੱਟ ਹੋ ਜਾਂਦੇ ਹਨ। ਜਦੋਂ ਅਸੀਂ ਪਟਾਕੇ ਚਲਾ ਕੇ ਹਵਾ ਨੂੰ ਗੰਦਾ ਕਰ ਰਹੇ ਹੁੰਦੇ ਹਾਂ ਤਾਂ ਸਾਡੇ ਆਸ ਪਾਸ ਕੋਈ ਸਾਹ ਦਮੇ ਦਾ ਮਰੀਜ਼ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੁੰਦਾ ਹੈ। ਆਓ, ਆਪਾਂ ਸਭ ਇਸ ਵਾਰ ਇਹ ਪ੍ਰਣ ਕਰੀਏ ਕਿ ਅਸੀਂ ਇਨ੍ਹਾਂ ‘ਮੌਤ ਵਰਗੇ ਦਿਨਾਂ’ ਦੀ ਸਿਰਜਣਾ ਕਰਨ ਦੇ ਹਿੱਸੇਦਾਰ ਨਹੀਂ ਬਣਾਂਗੇ।
ਸਾਨੂੰ ਚਾਹੀਦਾ ਹੈ ਕਿ ਇਸ ਦਿਨ ਅਸੀਂ ਫਜ਼ੂਲ ਖਰਚੀ ਕਰਨ ਦੀ ਬਜਾਏ ਲੋੜਵੰਦਾਂ ਦੇ ਕੰਮ ਆਈਏ। ਆਲੇ ਦੁਆਲੇ ਕੰਮ ਕਰਦੇ ਕਿਰਤੀ ਲੋਕਾਂ ਭਾਵੇਂ ਉਹ ਅਖ਼ਬਾਰ ਦੇ ਕੇ ਜਾਣ ਵਾਲਾ ਹੈ ਜਾਂ ਸਾਡੇ ਲਈ ਗੈਸ ਦੀ ਸਪਲਾਈ ਕਰਦਾ ਹੈ ਜਾਂ ਸਾਡੇ ਘਰ ਦੇ ਆਲੇ ਦੁਆਲੇ ਸਫ਼ਾਈ ਕਰਦਾ ਹੈ, ਉਸ ਨਾਲ ਦੀਵਾਲੀ ਦੀ ਖੁਸ਼ੀ ਸਾਂਝੀ ਕਰੀਏ। ਘਰਾਂ ਵਿੱਚ ਫੁੱਲ ਬੂਟੇ ਲਾਈਏ, ਪਟਾਕਿਆਂ ਦੀ ਬਜਾਏ ਗਮਲੇ ਅਤੇ ਕਿਤਾਬਾਂ ਖਰੀਦੀਏ। ਘਰ ਵਿੱਚ ਲੱਗੇ ਗਮਲਿਆਂ ਨੂੰ ਰੰਗ ਰੋਗਨ ਕਰੀਏ। ਨਵੇਂ ਬੂਟੇ ਲਾਈਏ। ਲੋੜਵੰਦਾਂ ਦੀ ਮਦਦ ਕਰੀਏ। ਚਾਰ ਪੰਜ ਹਜ਼ਾਰ ਰੁਪਏ ਦੇ ਪਟਾਕੇ ਖਰੀਦਣ ਨਾਲੋਂ ਉਸ ਬੱਚੇ ਦੀ ਮਦਦ ਕਰੀਏ ਜਿਸ ਨੂੰ ਕਿਤਾਬਾਂ ਕਾਪੀਆਂ ਦੀ ਲੋੜ ਹੈ। ਉਸ ਬੱਚੇ ਦੀ ਮਦਦ ਲਈ ਹੱਥ ਵਧਾਈਏ ਜੋ ਆਪਣੀ ਸਕੂਲ ਦੀ ਫੀਸ ਨਹੀਂ ਦੇ ਸਕਿਆ।
ਸਾਡੇ ਦੇਸ਼ ਦੀ ਮਿੱਟੀ ਦੇ ਜਾਏ ਸਦੀਆਂ ਤੋਂ ਹਨੇਰਗਰਦੀ ਖਿਲਾਫ਼ ਜੂਝਦੇ ਆਏ ਹਨ। ਅੱਜ ਸਾਡਾ ਪੰਜਾਬੀ ਸਮਾਜ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਸਾਨੂੰ ਅੰਧਕਾਰ ਦੇ ਖਿਲਾਫ਼ ਖੜ੍ਹੇ ਹੋਣ ਦੀ ਲੋੜ ਹੈ। ਇੱਥੋਂ ਦੇ ਦਾਨਿਸ਼ਵਰ, ਸਾਹਿਤਕਾਰ, ਵਿਦਵਾਨ, ਆਲਮ ਵੀ ਅੰਧਕਾਰ ਦੇ ਖਿਲਾਫ਼ ਸਮੇਂ ਸਮੇਂ ’ਤੇ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ। ਗੁਰੂ ਨਾਨਕ ਦੇਵ ਜੀ, ਭਗਤ ਕਬੀਰ ਸਾਹਿਬ ਅਤੇ ਬੁੱਲ੍ਹੇ ਸ਼ਾਹ ਵਰਗੇ ਦਰਵੇਸ਼ਾਂ ਨੇ ਕੱਟੜ ਰੂੜੀਵਾਦੀ ਧਾਰਨਾਵਾਂ ਖਿਲਾਫ਼ ਲੋਕਾਈ ਨੂੰ ਜਾਗਰੂਕ ਕੀਤਾ। ਗੁਰੂ ਨਾਨਕ ਦੇਵ ਜੀ ਦੇ ਆਗਮਨ ਦੀ ਭਾਈ ਗੁਰਦਾਸ ਜੀ ਨੇ ਉਸ ਸਮੇਂ ਸਮਾਜ ਵਿੱਚ ਪਏ ਹਨੇਰੇ ਖਿਲਾਫ਼ ਸੱਚ ਦਾ ਸੂਰਜ ਚੜ੍ਹਨ ਨਾਲ ਤੁਲਨਾ ਕੀਤੀ। ਅੱਜ ਵੀ ਹਨੇਰਗਰਦੀ ਖਿਲਾਫ਼ ਸਾਡੇ ਸਮਾਜ ਨੂੰ ਬਲਦੇ ਅੱਖਰਾਂ ਦੀ ਲੋੜ ਹੈ। ਸਾਨੂੰ ਇਸ ਦਿਨ ਅਹਿਦ ਕਰਨ ਦੀ ਲੋੜ ਹੈ ਕਿ ਅਸੀਂ ਆਪਣੇ ਮਨਾਂ ਦੇ ਨਾਲ ਨਾਲ ਇਸ ਸਮਾਜ ਵਿੱਚੋਂ ਅੰਧਕਾਰ ਦੂਰ ਕਰਨ ਲਈ ਵੀ ਯਤਨਸ਼ੀਲ ਹੋਵਾਂਗੇ। ਸਾਨੂੰ ਦੀਵਾਲੀ ਦੇ ਤਿਉਹਾਰ ’ਤੇ ਆਪਣੇ ਅੰਦਰ ਅਤੇ ਬਾਹਰ ਮਾਨਵਵਾਦੀ ਦ੍ਰਿਸ਼ਟੀ ਨਾਲ ਝਾਤ ਪਾਉਣ ਦੀ ਲੋੜ ਹੈ। ਆਓ, ਦੀਵਾਲੀ ਦੇ ਇਸ ਪਵਿੱਤਰ ਤਿਉਹਾਰ ’ਤੇ ਆਪਣੇ ਮਨਾਂ ਨੂੰ ਗਿਆਨ ਦੀ ਰੌਸ਼ਨੀ ਨਾਲ ਰੁਸ਼ਨਾਉਣ ਦੇ ਨਾਲ ਨਾਲ ਹਨੇਰਿਆਂ ਖਿਲਾਫ਼ ਬਲਦੇ ਰਹਿਣ ਦਾ ਸੰਕਲਪ ਕਰੀਏ।
ਸੰਪਰਕ: 98550-51099