ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਜਨਵਰੀ
ਆਪਣੀ ਪ੍ਰੇਮਿਕਾ ਨੂੰ ਪਾਉਣ ਲਈ ਸ਼ੰਭੂ ਖੇਤਰ ਦੇ ਇੱਕ ਨੌਜਵਾਨ ਵੱਲੋਂ ਆਪਣੇ ਇੱਕ ਸਾਥੀ ਨਾਲ ਮਿਲ ਕੇ ਪ੍ਰੇਮਿਕਾ ਦੇ ਪਤੀ ਜਤਿੰਦਰ ਸਿੰਘ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਇਲੈਕਟਰੋਨਿਕਸ ਦੀ ਦੁਕਾਨ ਕਰਦਾ ਸੀ। ਇਸ ਹੱਤਿਆ ਨੂੰ ਸੜਕ ਹਾਦਸਾ ਦਰਸਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਪੁਲੀਸ ਨੇ ਅਜਿਹੇ ਯਤਨਾਂ ਨੂੰ ਬੇਨਕਾਬ ਕਰਕੇ ਦੋਵਾਂ ਮੁਲ਼ਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਅੱਜ ਇਥੇ ਐਸ.ਐਸ.ਪੀ ਵਰੁਣ ਸ਼ਰਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਇਸ ਮੌਕੇ ਐਸਪੀ ਇਨਵੈਸਟੀਗੇਸ਼ਨ ਹਰਬੀਰ ਸਿੰਘ ਅਟਵਾਲ ਵੀ ਮੌਜੂਦ ਸਨ। ਮੁਲ਼ਜ਼ਮਾਂ ਦੀ ਪਛਾਣ ਗੁਰਦਿਆਲ ਸਿੰਘ ਉਰਫ ਨਿਹਾਲ ਅਤੇ ਜਸਵਿੰਦਰ ਸਿੰਘ ਉਰਫ ਜੱਸੀ ਵਾਸੀਆਨ ਪਿੰਡ ਬਪਰੌਰ ਥਾਣਾ ਸ਼ੰਭੂ ਵਜੋਂ ਹੋਈ ਹੈ।
ਪੁਲੀਸ ਮੁਖੀ ਨੇ ਦੱਸਿਆ ਕਿ ਨਿਹਾਲ ਦੇ ਜਤਿੰਦਰ ਸਿੰਘ ਦੀ ਪਤਨੀ ਨਾਲ ਪੜ੍ਹਨ ਸਮੇਂ ਤੋਂ ਹੀ ਸਬੰਧ ਸਨ। ਉਸ ਦਾ ਫਰਵਰੀ 2022 ‘ਚ ਘਨੌਰ ਖੇਤਰ ਦੇ ਜਤਿੰਦਰ ਸਿੰਘ ਨਾਲ ਵਿਆਹ ਹੋ ਗਿਆ। ਇਸ ਮਗਰੋਂ ਵੀ ਨਿਹਾਲ ਨੇ ਰਸਤੇ ਵਿਚੋਂ ਹਟਾਉਣ ਲਈ ਸਰਗਰਮੀਆਂ ਜਾਰੀ ਰੱਖੀਆਂ। ਉਸ ਨੇ ਪਿੰਡ ਬਪਰੌਰ ਦੇ ਹੀ ਆਪਣੇ ਦੋਸਤ ਜਸਵਿੰਦਰ ਸਿੰਘ ਜੱਸੀ ਨਾਲ ਮਿਲ ਕੇ 12 ਜਨਵਰੀ ਨੂੰ ਜਤਿੰਦਰ ਸਿੰਘ ਦੀ ਹੱਤਿਆ ਕਰ ਦਿੱਤੀ ਤੇ ਉਸ ਦੀ ਲਾਸ਼ ਅਤੇ ਸਕੂਟਰ ਘਨੌਰ-ਸ਼ੰਭੂ ਰੋਡ ਟੀ-ਪੁਆਇਟ ਸਨੌਲੀਆਂ ਕੋਲ਼ ਇਸ ਕਦਰ ਸੁੱਟ ਦਿੱਤੇ ਕਿ ਉਸ ਦੀ ਮੌਤ ਸੜਕ ਹਾਦਸੇ ‘ਚ ਹੋਈ ਜਾਪੇ। ਇਸ ਤੋਂ ਬਾਅਦ ਪਰਿਵਾਰ ਨੇ ਥਾਣਾ ਘਨੌਰ ਵਿਖੇ ਸੜਕ ਹਾਦਸੇ ‘ਚ ਆਧਾਰਤ ਕੇਸ ਦਰਜ ਕਰਵਾ ਦਿੱਤਾ ਪਰ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ‘ਤੇ ਖੁਲਾਸਾ ਹੋਇਆ ਕਿ ਮੌਤ ਸਿਰ ਵਿੱਚ ਡੂੰਘੀਆਂ ਸੱਟਾਂ ਮਾਰਨ ਕਰ ਕੇ ਹੋਈ ਹੈ। ਇਸ ਤੋਂ ਬਾਅਦ ਡੀਐਸਪੀ ਡੀ ਸੁਖਅੰਮ੍ਰਿਤ ਰੰਧਾਵਾ ਤੇ ਘਨੌਰ ਦੇ ਡੀਐਸਪੀ ਰਘਬੀਰ ਸਿੰਘ ਸਮੇਤ ਸੀਆਈਏ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਘਨੌਰ ਥਾਣੇ ਦੇ ਮੁਖੀ ਗੁਰਨਾਮ ਸਿੰਘ ਘੁੰਮਣ ‘ਤੇ ਆਧਾਰਤ ਵਿਸੇਸ਼ ਟੀਮ ਦਾ ਗਠਨ ਕੀਤਾ ਗਿਆ ਜਿਸ ਨੇ ਕਤਲ ਦਾ ਸੁਰਾਗ ਲਾ ਕੇ ਨਿਹਾਲ ਤੇ ਜੱਸੀ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਮੁਖੀ ਗੁਰਨਾਮ ਘੁੰਮਣ ਦਾ ਕਹਿਣਾ ਸੀ ਕਿ ਮੁਲ਼ਜ਼ਮਾਂ ਦਾ ਪੁਲੀਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਇੰਸਪੈਕਟਰ ਸ਼ਮਿੰਦਰ ਸਿੰਘ ਦਾ ਕਹਿਣਾ ਸੀ ਕਿ ਇਸ ਕਤਲ ‘ਚ ਉਕਤ ਦੋਵਾਂ ਦਾ ਹੀ ਹੱਥ ਹੈ।