ਪ੍ਰਿੰਸੀਪਲ ਵਿਜੈ ਕੁਮਾਰ
ਸਾਨੂੰ ਪਿਤਾ ਜੀ ਕਦੇ-ਕਦੇ ਜ਼ਿੰਦਗੀ ਵਿਚ ਕੰਮ ਆਉਣ ਵਾਲੀਆਂ ਗੱਲਾਂ ਦੱਸਿਆ ਕਰਦੇ ਸਨ। ਉਨ੍ਹਾਂ ਵਿੱਚੋਂ ਇੱਕ ਗੱਲ ਇਹ ਵੀ ਸੀ ਕਿ ਤੱਤ-ਭੜੱਤੀ, ਭਾਵ ਬਿਨਾਂ ਸੋਚੇ ਵਿਚਾਰੇ ਅਤੇ ਬਿਨਾਂ ਤਹੱਮਲ ਲਏ ਫੈਸਲੇ ਕਦੇ ਵੀ ਠੀਕ ਨਹੀਂ ਹੁੰਦੇ। ਇਨਸਾਨ ਨੂੰ ਆਪਣੇ ਉਨ੍ਹਾਂ ਫੈਸਲਿਆਂ ’ਤੇ ਅਕਸਰ ਹੀ ਪਛਤਾਉਣਾ ਪੈਂਦਾ ਹੈ। ਛੋਟੇ ਹੁੰਦਿਆਂ ਤਾਂ ਸਾਨੂੰ ਪਿਤਾ ਜੀ ਦੀਆਂ ਉਨ੍ਹਾਂ ਨਸੀਹਤਾਂ ਦੀ ਸਮਝ ਨਹੀਂ ਸੀ ਪਈ, ਪਰ ਉਨ੍ਹਾਂ ਦੇ ਦੁਨੀਆਂ ਤੋਂ ਤੁਰ ਜਾਣ ਤੋਂ ਬਾਅਦ ਜਦੋਂ ਸਾਨੂੰ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਲੈਣੇ ਪਏ ਤਾਂ ਸਾਨੂੰ ਪਿਤਾ ਜੀ ਦੀ ਉਹ ਨਸੀਹਤ ਜ਼ਰੂਰ ਯਾਦ ਆਉਂਦੀ। ਸਾਡੇ ਇੱਕ ਖਾਸ ਰਿਸ਼ਤੇਦਾਰ ਨੇ ਸਾਡੇ ਕੋਲੋਂ ਉਧਾਰ ਲਏ ਪੈਸੇ ਇਹ ਕਹਿ ਕੇ ਮੋੜਨ ਤੋਂ ਨਾਂਹ ਕਰ ਦਿੱਤੀ ਕਿ ‘ਮੈਂ ਤਾਂ ਤੁਹਾਡੇ ਪੈਸੇ ਮੋੜ ਦਿੱਤੇ ਹਨ, ਤੁਸੀਂ ਤਾਂ ਮੇਰੇ ਨਾਲ ਧੋਖਾ ਕਰਕੇ ਮੈਥੋਂ ਮੁੜ ਤੋਂ ਪੈਸੇ ਮੰਗ ਰਹੇ ਹੋ।’ ਮਾਂ ਨੇ ਉਸ ਰਿਸ਼ਤੇਦਾਰ ਨੂੰ ਘਰ ਬੁਲਾ ਕੇ ਸਮਝਾਇਆ ਕਿ ਉਹ ਇੰਝ ਬੇਈਮਾਨੀ ਨਾ ਕਰੇ, ਉਨ੍ਹਾਂ ਦੀ ਖ਼ੂਨ ਪਸੀਨੇ ਦੀ ਕਮਾਈ ਉਸ ਨੂੰ ਰਾਸ ਨਹੀਂ ਆਵੇਗੀ। ਪਰ ਉਸ ਬੰਦੇ ਰੱਬ ਨੂੰ ਨਾ ਮਾਂ ਦੀ ਅਰਜ਼ੋਈ ’ਤੇ ਤਰਸ ਆਇਆ ਤੇ ਨਾ ਹੀ ਸਾਡੇ ਪਰਿਵਾਰ ਦੀ ਗੁਰਬੱਤ ’ਤੇ। ਸਾਡੇ ਉਸ ਖਾਸ ਰਿਸ਼ਤੇਦਾਰ ਦੇ ਭਰਾਵਾਂ ਅਤੇ ਹੋਰ ਮਿੱਤਰਾਂ ਸੱਜਣਾ ਨੇ ਵੀ ਉਸ ਨੂੰ ਸਾਡੇ ਪੈਸੇ ਮੋੜਨ ਦੀ ਤਾਕੀਦ ਕੀਤੀ ਕਿਉਂਕਿ ਉਹ ਉਸ ਦੀ ਪੁਰਾਣੀ ਬਦਨੀਤੀ ਵਾਲੀ ਫਿਤਰਤ ਨੂੰ ਜਾਣਦੇ ਸਨ ਪਰ ਉਸ ਨੇ ਕਿਸੇ ਦੀ ਨਾ ਮੰਨੀ।
ਅਸੀਂ ਚਾਰੇ ਭਰਾਵਾਂ ਨੇ ਮਿਲਕੇ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਆਪਣੇ ਉਸ ਰਿਸ਼ਤੇਦਾਰ ਨਾਲ ਕੋਈ ਸਬੰਧ ਨਹੀਂ ਰੱਖਣਾ, ਇਥੋਂ ਤੱਕ ਕਿ ਬੋਲ ਚਾਲ ਤੱਕ ਵੀ ਨਹੀਂ ਰੱਖਣੀ। ਸਾਡੇ ਇਸ ਫੈਸਲੇ ਦੀ ਭਣਕ ਮਾਂ ਦੇ ਕੰਨੀਂ ਵੀ ਪੈ ਗਈ। ਇੱਕ ਦਿਨ ਮਾਂ ਨੇ ਮੈਨੂੰ ਬਿਠਾ ਕੇ ਕਿਹਾ, ‘‘ਕਾਕਾ, ਹੁਣ ਤੁਸੀਂ ਐਨੇ ਵੱਡੇ ਹੋ ਗਏ ਕਿ ਮੈਨੂੰ ਬਿਨਾਂ ਪੁੱਛਿਆਂ ਹੀ ਸਬੰਧ ਰੱਖਣ ਅਤੇ ਤੋੜਨ ਦੇ ਫੈਸਲੇ ਕਰਨ ਲੱਗ ਪਏ ਹੋ। ਮੈਨੂੰ ਤੁਹਾਡੇ ਨਾਲੋਂ ਜ਼ਿਆਦਾ ਗੁੱਸਾ ਹੈ ਉਸ ਉੱਤੇ। ਮੈਂ ਵੀ ਜਾਣਦੀ ਹਾਂ ਉਸ ਨਾਲ ਸਬੰਧ ਤੋੜਨਾ, ਪਰ ਮੈਂ ਉਸ ਵਰਗੀ ਮੂਰਖ ਨਹੀਂ। ਮੇਰੇ ਸਿਰ ਉੱਤੇ ਮੇਰਾ ਪਤੀ ਨਹੀਂ। ਨਾ ਤੁਹਾਡਾ ਕੋਈ ਤਾਇਆ ਹੈ, ਨਾ ਕੋਈ ਚਾਚਾ ਅਤੇ ਮਾਮਾ। ਸਾਨੂੰ ਕਲ੍ਹ ਨੂੰ ਕਿਸੇ ਦੀ ਵੀ ਲੋੜ ਪੈ ਸਕਦੀ ਹੈ। ਲੋਕਾਂ ਨੇ ਕਹਿਣਾ ਕਿ ਇਹ ਕਮਾਉਣ ਕਿਆ ਲੱਗ ਪਏ ਇਹ ਤਾਂ ਰਿਸ਼ਤੇਦਾਰਾਂ ਨੂੰ ਵੀ ਬੇਈਮਾਨ ਦੱਸਣ ਲੱਗ ਪਏ। ਪੈਸਿਆਂ ਨਾਲੋਂ ਰਿਸ਼ਤੇ ਜ਼ਿਆਦਾ ਵੱਡੇ ਹੁੰਦੇ ਹਨ। ਪਤਾ ਨਹੀਂ ਕਿਸ ਬੰਦੇ ਦੀ ਕਦ ਲੋੜ ਪੈ ਜਾਵੇ। ਜੇਕਰ ਉਸ ਨਾਲ ਮਿਲਵਰਤਣ ਨਹੀਂ ਰੱਖਣਾ ਨਾ ਰੱਖੋ ਪਰ ਬੋਲਦੇ ਚੱਲਦੇ ਜ਼ਰੂਰ ਰਹੋ।’’
ਮਾਂ ਦਾ ਹੁਕਮ ਭਲਾ ਕਿਵੇਂ ਮੋੜਿਆ ਜਾ ਸਕਦਾ ਸੀ। ਅਸੀਂ ਆਪਣੇ ਉਸ ਰਿਸ਼ਤੇਦਾਰ ਨੂੰ ਬੁਲਾਉਂਦੇ ਚਲਾਉਂਦੇ ਤਾਂ ਰਹੇ ਪਰ ਮਨੋਂ ਨਹੀਂ। ਮੇਰਾ ਮਨ ਆਪਣੀ ਬੇਬਸੀ ਅਤੇ ਮੂਰਖ ਬਣਨ ਕਾਰਨ ਉਬਾਲੇ ਖਾਂਦਾ ਰਿਹਾ। ਮਨ ਚਾਹੁੰਦਾ ਸੀ ਕਿ ਕਿਸੇ ਸਿਆਣੇ ਬੰਦੇ ਨਾਲ ਗੱਲ ਕਰਕੇ ਉਸ ਕੋਲੋਂ ਸਲਾਹ ਮੰਗੀ ਜਾਵੇ। ਸ਼ੁਰੂ-ਸ਼ੁਰੂ ਵਿਚ ਮੈਂ ਇੱਕ ਪ੍ਰਾਈਵੇਟ ਸਕੂਲ ਵਿਚ ਕੰਮ ਕਰਦਾ ਸਾਂ। ਉਥੋਂ ਸੇਵਾ ਮੁਕਤ ਹੋ ਚੁੱਕੇ ਇੱਕ ਮੁੱਖ ਅਧਿਆਪਕ ਕਦੇ-ਕਦੇ ਆਉਂਦੇ ਰਹਿੰਦੇ, ਜਿਨ੍ਹਾਂ ਦੀ ਸੂਝ-ਬੂਝ ਦੀਆਂ ਗੱਲਾਂ ਅਕਸਰ ਹੀ ਹੁੰਦੀਆਂ ਸਨ। ਮੇਰੇ ਨਾਲ ਉਨ੍ਹਾਂ ਦੀ ਕਾਫੀ ਨੇੜਤਾ ਹੋ ਗਈ ਸੀ। ਇੱਕ ਦਿਨ ਵਿਹਲ ਅਤੇ ਸਮਾਂ ਵੇਖ ਕੇ ਮੈਂ ਆਪਣੇ ਉਸ ਰਿਸ਼ਤੇਦਾਰ ਦੀ ਬੇਈਮਾਨੀ ਦੀ ਗੱਲ ਸਾਂਝੀ ਕਰਕੇ ਉਨ੍ਹਾਂ ਨੂੰ ਪ੍ਰਸ਼ਨ ਕੀਤਾ ਕਿ ਸਾਨੂੰ ਉਸ ਨਾਲ ਸਬੰਧ ਰਖਣੇ ਚਾਹੀਦੇ ਹਨ ਜਾਂ ਨਹੀਂ? ਮੈਂ ਉਨ੍ਹਾਂ ਨੂੰ ਆਪਣੀ ਮਾਂ ਦੇ ਵਿਚਾਰ ਵੀ ਦੱਸ ਦਿੱਤੇ।
ਉਸ ਸੇਵਾ ਮੁਕਤ ਮੁੱਖ ਅਧਿਆਪਕ ਨੇ ਮੇਰੀ ਸਾਰੀ ਕਹਾਣੀ ਸੁਣ ਕੇ ਕਿਹਾ, ‘‘ਮਾਸਟਰ ਜੀ, ਤੁਹਾਡੀ ਮਾਂ ਬੁੱਧੀਮਾਨ ਅਤੇ ਸਿਆਣੀ ਔਰਤ ਹੈ, ਉਸ ਦਾ ਫੈਸਲਾ ਬਿਲਕੁਲ ਠੀਕ ਹੈ। ਪੈਸੇ ਪਿੱਛੇ ਲੱਗ ਕੇ ਉਮਰ ਭਰ ਲਈ ਆਪਣੇ ਹੱਥੋਂ ਇੱਕ ਰਿਸ਼ਤੇਦਾਰ ਗੁਆ ਬੈਠਣਾ ਸਮਝਦਾਰੀ ਨਹੀਂ। ਆਪਣੇ ਉਸ ਰਿਸ਼ਤੇਦਾਰ ਦੇ ਨਾ ਚਾਹੁੰਦੇ ਹੋਏ ਵੀ ਉਸ ਨਾਲ ਸਬੰਧ ਬਣਾ ਕੇ ਰੱਖੋ। ਇਹ ਸੌਦਾ ਘਾਟੇ ਵਾਲਾ ਹੋ ਕੇ ਵੀ ਮੁਨਾਫ਼ੇ ਵਾਲਾ ਹੋਵੇਗਾ।’’
ਮੈਂ ਉਨ੍ਹਾਂ ਨੂੰ ਕੋਈ ਹੋਰ ਸਵਾਲ ਕਰਨ ਵਾਲਾ ਹੀ ਸੀ ਕਿ ਉਨ੍ਹਾਂ ਅੱਗੇ ਗੱਲ ਤੋਰਦਿਆਂ ਕਿਹਾ, ‘‘ਮੈਂ ਤੁਹਾਨੂੰ ਆਪਣੇ ਨਾਲ ਬੀਤੀ ਦਾਸਤਾਂ ਸੁਣਾਉਂਦਾ ਹਾਂ। ਮੈਂ ਅਤੇ ਮੇਰੇ ਸਾਲ਼ੇ ਦਾ ਸਾਂਝਾ ਕਾਰੋਬਾਰ ਸੀ। ਮੇਰਾ ਇੱਕੋ ਇੱਕ ਸਾਲਾ ਹੈ। ਉਸ ਨੇ ਭਲੇ ਸਮੇਂ ਵਿਚ ਮੇਰੇ ਨਾਲ ਤੀਹ ਹਜ਼ਾਰ ਰੁਪਏ ਦੀ ਧੋਖਾਧੜੀ ਕਰ ਲਈ। ਮੈਂ ਸਭ ਕੁਝ ਜਾਣਦਿਆਂ ਵੀ ਉਸ ਨੂੰ ਕੁਝ ਨਹੀਂ ਕਿਹਾ। ਉਸ ਨੇ ਵਪਾਰ ਵਿੱਚੋਂ ਮੇਰਾ ਹਿੱਸਾ ਵੀ ਕੱਢ ਦਿੱਤਾ। ਸਾਲ਼ੇ ਦਾ ਖਾਸ ਰਿਸ਼ਤਾ ਹੋਣ ਕਾਰਨ ਮੈ ਉਹ ਵੀ ਜਰ ਲਿਆ। ਮੇਰੀ ਪਤਨੀ ਨੇ ਉਸ ਨਾਲ ਮੂੰਹ ਵੱਟ ਲਿਆ। ਇੱਕ ਦਿਨ ਮੇਰੇ ਸਾਰੇ ਬੱਚੇ ਮੈਨੂੰ ਕਹਿਣ ਲੱਗੇ ਕਿ ਪਿਤਾ ਜੀ, ਅਸੀਂ ਆਪਣੇ ਮਾਮਾ ਜੀ ਨਾਲ ਅੱਜ ਤੋਂ ਕੋਈ ਰਿਸ਼ਤਾ ਨਹੀਂ ਰੱਖਣਾ, ਕਿਉਕਿ ਉਨ੍ਹਾਂ ਨੇ ਸਾਡੇ ਨਾਲ ਹੇਰਾਫੇਰੀ ਕੀਤੀ ਹੈ। ਮੈਂ ਉਨ੍ਹਾਂ ਦੀ ਗੱਲ ਸੁਣ ਤਾਂ ਲਈ ਪਰ ਅੱਗੋਂ ਉਨ੍ਹਾਂ ਨੂੰ ਹਾਂ ਜਾਂ ਨਾਂਹ ਦਾ ਕੋਈ ਜਵਾਬ ਨਹੀਂ ਦਿੱਤਾ। ਇੱਕ ਦੋ ਮਹੀਨਿਆਂ ਬਾਅਦ ਉਨ੍ਹਾਂ ਨੇ ਮੈਨੂੰ ਇੱਕ ਵੇਰ ਫੇਰ ਆਪਣੇ ਮਾਮੇ ਨਾਲ ਸਬੰਧ ਤੋੜਨ ਲਈ ਕਿਹਾ। ਹੁਣ ਮੈਨੂੰ ਉਨ੍ਹਾਂ ਨੂੰ ਆਪਣੇ ਮਨ ਦੀ ਗੱਲ ਕਹਿਣੀ ਹੀ ਪਈ। ਮੈਂ ਉਨ੍ਹਾਂ ਨੂੰ ਕਿਹਾ ਕਿ ਕੁੱਝ ਕੰਮ ਘਾਟੇ ਵਾਲੇ ਹੋ ਕੇ ਵੀ ਮੁਨਾਫ਼ੇ ਵਾਲੇ ਹੁੰਦੇ ਨੇ। ਪਹਿਲੀ ਗੱਲ ਤਾਂ ਇਹ ਕਿ ਉਹ ਰਿਸ਼ਤੇ ਵਿਚ ਤੁਹਾਡਾ ਮਾਮਾ ਲੱਗਦਾ ਹੈ। ਉਹ ਹੈ ਵੀ ਇੱਕਲਾ। ਉਸ ਨਾਲ ਸਾਰੀ ਉਮਰ ਵਾਹ ਰਹਿਣਾ ਹੈ। ਤੁਹਾਡੇ ਵਿਹਾਆਂ ’ਤੇ ਉਹ ਮਾਮੇ ਦੇ ਰਿਸ਼ਤੇ ਦੀ ਹੈਸੀਅਤ ਵਿਚ ਘੱਟ ਤੋਂ ਘੱਟ ਚਾਰ ਪੰਜ ਲੱਖ ਰੁਪਏ ਖਰਚ ਕਰੇਗਾ। ਉਸ ਨੇ ਸਾਡੇ ਨਾਲ ਕੇਵਲ ਤੀਹ ਹਜ਼ਾਰ ਰੁਪਏ ਦੀ ਬੇਈਮਾਨੀ ਕੀਤੀ ਹੈ। ਹੁਣ ਤੁਸੀਂ ਦੱਸੋ ਕਿ ਜੇ ਅਸੀਂ ਉਸ ਨਾਲ ਰਿਸ਼ਤਾ ਤੋੜ ਲੈਂਦੇ ਹਾਂ ਤਾਂ ਉਹ ਤੁਹਾਡੇ ਵਿਆਹਾਂ ’ਤੇ ਵੀ ਨਹੀਂ ਆਵੇਗਾ। ਰਿਸ਼ਤੇਦਾਰੀ ਵਿਚ ਸਾਡੀ ਜੱਗ ਹਸਾਈ ਹੋਵੇਗੀ। ਅਸੀਂ ਲੱਖਾਂ ਰੁਪਏ ਦੇ ਘਾਟੇ ਵਿਚ ਵੀ ਰਹਾਂਗੇ।
ਕੁੱਝ ਰਿਸ਼ਤੇਦਾਰ ਸਾਨੂੰ ਵੀ ਕਸੂਰਵਾਰ ਦੱਸਣਗੇ। ਭਵਿੱਖ ਵਿਚ ਉਸ ਨਾਲ ਸਬੰਧ ਰੱਖਣ ਦੀਆਂ ਸੰਭਾਵਨਾਵਾਂ ਬਿਲਕੁਲ ਖਤਮ ਹੋ ਜਾਣਗੀਆਂ। ਤੁਹਾਡੇ ਵਿਆਹਾਂ ਕਾਰਜਾਂ ਵਿਚ ਮਾਮੇ ਦੀ ਭੂਮਿਕਾ ਕੌਣ ਨਿਭਾਏਗਾ? ਮੇਰੀ ਸੋਚ ਅਨੁਸਾਰ ਸਾਡੇ ਲਈ ਇਹ ਮੁਨਾਫ਼ੇ ਵਾਲਾ ਘਾਟਾ ਹੈ। ਹੋ ਸਕਦਾ ਹੈ ਕਿ ਸਮੇਂ ਦੇ ਨਾਲ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੋ ਜਾਵੇ। ਹੁਣ ਤੁਸੀਂ ਦੱਸੋ ਕਿ ਸਾਨੂੰ ਉਸ ਦੇ ਨਾਲ ਸਬੰਧ ਰੱਖਣੇ ਚਾਹੀਦੇ ਹਨ ਜਾਂ ਨਹੀਂ। ਮੇਰੇ ਬੱਚੇ ਮੇਰੇ ਤਰਕ ਨਾਲ ਸਹਿਮਤ ਹੋ ਗਏ। ਮੇਰੀ ਇਸ ਆਪ ਬੀਤੀ ਨਾਲ ਤੁਹਾਨੂੰ ਸਾਰਾ ਕੁੱਝ ਸਮਝ ਜਾਣਾ ਚਾਹੀਦਾ ਹੈ।’’ ਮੈਨੂੰ ਅੱਜ ਤੱਕ ਵੀ ਉਸ ਸੂਝਵਾਨ ਮੁੱਖ ਅਧਿਆਪਕ ਦਾ ਉਹ ਘਾਟੇ ਵਾਲਾ ਮੁਨਾਫਾ ਨਹੀਂ ਭੁੱਲਦਾ।
*ਮਾਧਵ ਨਗਰ, ਨੰਗਲ ਟਾਊਨਸ਼ਿਪ।
ਸੰਪਰਕ: 98726-27136