ਜੋਗਿੰਦਰ ਸਿੰਘ ਮਾਨ
ਮਾਨਸਾ, 31 ਅਗਸਤ
ਸੰਯੁਕਤ ਕਿਸਾਨ ਮੋਰਚੇ ਵੱਲੋਂ ਉੱਤਰ ਪ੍ਰਦੇਸ਼ ਵਿਚੋਂ ਭਾਜਪਾ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੱਲਦਾ ਕਰਨ ਲਈ 5 ਸਤੰਬਰ ਨੂੰ ਮੁੱਜ਼ਫਰਪੁਰ ਵਿਖੇ ਰਾਕੇਸ਼ ਸਿੰਘ ਟਿਕੈਤ ਦੀ ਅਗਵਾਈ ਹੇਠ ਰੱਖੀ ਗਈ ਕਿਸਾਨ ਰੈਲੀ ਲਈ ਮਾਲਵਾ ਖੇਤਰ ’ਚੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਲਿਜਾਣ ਲਈ ਵੱਖ-ਵੱਖ ਜਥੇਬੰਦੀਆਂ ਨੇ ਲਾਮਬੰਦੀ ਆਰੰਭ ਕਰ ਦਿੱਤੀ ਗਈ ਹੈ। ਜਥੇਬੰਦੀਆਂ ਵੱਲੋਂ ਰੇਲਾਂ ਵਿੱਚ ਖੁੱਜਲ-ਖੁਆਰੀ ਦੀ ਥਾਂ ਬੱਸਾਂ ਰਾਹੀਂ ਕਿਸਾਨਾਂ ਨੂੰ ਲਿਜਾਣ ਦਾ ਫੈਸਲਾ ਲਿਆ ਗਿਆ ਹੈ ਅਤੇ ਜਿਹੜੇ ਕਿਸਾਨ ਰੇਲਾਂ ਰਾਹੀਂ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਖੁੱਲ੍ਹੀ ਛੁੱਟੀ ਦਿੱਤੀ ਗਈ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਅੱਜ ਇਥੇ ਦੱਸਿਆ ਕਿ ਇਸ ਰੈਲੀ ਵਿੱਚ ਪੰਜਾਬ ਤੋਂ ਇਲਾਵਾ ਗੁਆਂਢੀ ਸੂਬੇ ਰਾਜਸਥਾਨ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਵੀ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਭਲਕੇ ਮਾਨਸਾ ਵਿਖੇ ਇਸ ਰੈਲੀ ਦੇ ਇਕੱਠ ਲਈ ਸੂਬਾ ਪੱਧਰ ਦੀ ਇੱਕ ਵਿਸ਼ੇਸ ਮੀਟਿੰਗ ਬੁਲਾਈ ਗਈ ਹੈ। ਉਨ੍ਹਾਂ ਕਿਹਾ ਕਿ ਮੁੱਜ਼ਫਰਪੁਰ ਦੀ ਇਸ ਰੈਲੀ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਰਨਾਲ ਦੀ ਮਹਾਂ ਪੰਚਾਇਤ ਦੇ ਹੱਕ ਵਿੱਚ ਡੱਟਕੇ 7 ਸਤੰਬਰ ਨੂੰ ਕਰਨਾਲ ਵਿਖੇ ਇਕੱਠ ਕੀਤਾ ਜਾਵੇਗਾ, ਜਿਸ ਵਿੱਚ ਲਏ ਗਏ ਤਿੰਨ ਅਹਿਮ ਫੈਸਲਿਆਂ ਦੀ ਲੜਾਈ ਨੂੰ ਸਿਰੇ ਲਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਲਾਠੀਚਾਰਜ ਵਿੱਚ ਮਾਰੇ ਗਏ ਕਿਸਾਨਾਂ ਦੇ ਪਰਿਵਾਰ ਨੂੰ 25 ਲੱਖ ਰੁਪਏ ਦਾ ਮੁਆਵਜ਼ਾ, ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਤੋਂ ਇਲਾਵਾ ਲਾਠੀਚਾਰਜ ਦੌਰਾਨ ਜਖ਼ਮੀ ਹੋਏ ਕਿਸਾਨਾਂ ਨੂੰ 2-2 ਲੱਖ ਰੁਪਏ ਦੀ ਮੰਗ ਨੂੰ ਮੰਨਵਾਉਣ ਲਈ ਵੀ ਮਾਲਵਾ ਭਰ ’ਚੋਂ ਵੱਡੇ ਜਥੇ ਆਗੂਆਂ ਦੀ ਅਗਵਾਈ ਹੇਠ ਭੇਜੇ ਜਾਣਗੇ।