ਕਾਠਮੰਡੂ: ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦਸ ਮਈ ਨੂੰ ਸੰਸਦ ਦੇ ਹੇਠਲੇ ਸਦਨ ਵਿਚ ਬਹੁਮੱਤ ਸਾਬਿਤ ਕਰਨ ਦੀ ਕੋਸ਼ਿਸ਼ ਕਰਨਗੇ। ਰਾਸ਼ਟਰਪਤੀ ਬਿੱਦਿਆ ਦੇਵੀ ਭੰਡਾਰੀ ਨੂੰ ਓਲੀ ਵੱਲੋਂ ਕੀਤੀ ਗਈ ਸਿਫ਼ਾਰਿਸ਼ ’ਤੇ ਉਨ੍ਹਾਂ 10 ਮਈ ਨੂੰ ਸਦਨ ਦਾ ਸੈਸ਼ਨ ਸੱਦਿਆ ਹੈ। ਇਸ ਦਿਨ ਓਲੀ ਸੱਤਾ ਵਿਚ ਬਣੇ ਰਹਿਣ ਲਈ ਹੇਠਲੇ ਸਦਨ ਵਿਚ ਆਪਣੇ ਹੱਕ ਵਿਚ ਲੋੜੀਂਦੇ ਭਰੋਸੇ ਦੀ ਵੋਟ ਸਾਬਿਤ ਕਰਨ ਦਾ ਯਤਨ ਕਰਨਗੇ। ਓਲੀ (69) ਨੂੰ 275 ਮੈਂਬਰੀ ਸਦਨ ਵਿਚ 136 ਵੋਟਾਂ ਦੀ ਲੋੜ ਹੈ। ਚਾਰ ਮੈਂਬਰ ਇਸ ਵੇਲੇ ਮੁਅੱਤਲ ਹਨ। ਨੇਪਾਲ ਵਿਚ ਸਿਆਸੀ ਉਥਲ-ਪੁਥਲ ਦਾ ਮਾਹੌਲ ਹੈ। ਪ੍ਰਧਾਨ ਮੰਤਰੀ ਨੇ ਦਸੰਬਰ ਵਿਚ ਹੇਠਲੇ ਸਦਨ ਨੂੰ ਭੰਗ ਕਰ ਦਿੱਤਾ ਸੀ। ਪਰ ਮਗਰੋਂ ਸੁਪਰੀਮ ਕੋਰਟ ਨੇ ਓਲੀ ਦੇ ਫ਼ੈਸਲੇ ਨੂੰ ਪਲਟਾ ਦਿੱਤਾ ਸੀ। ਨਿਆਂ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਲੀਲਾ ਨਾਥ ਸ਼੍ਰੇਸ਼ਠ ਨੇ ਉਮੀਦ ਜਤਾਈ ਕਿ ਸਰਕਾਰ ਬਹੁਮੱਤ ਸਾਬਿਤ ਕਰ ਦੇਵੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਦੂਜਿਆਂ ਧਿਰਾਂ ਲਈ ਵੀ ਸਰਕਾਰ ਬਣਾਉਣ ਦਾ ਮੌਕਾ ਹੋਵੇਗਾ ਨਹੀਂ ਤਾਂ ਦੇਸ਼ ਚੋਣਾਂ ਵੱਲ ਧੱਕਿਆ ਜਾਵੇਗਾ। -ਪੀਟੀਆਈ