ਸੁਰਜੀਤ ਜੱਸਲ
ਗੁੱਜਰ ਨੂੰ ਬੁਢਾਪੇ ਵਿਚ ਕੰਨਾਂ ਤੋਂ ਭਾਵੇਂ ਘੱਟ ਸੁਣਨ ਲੱਗ ਪਿਆ ਸੀ ਪਰ ਕੁਝ ਲੋਕ ਉਸ ਦੇ ਬੋਲ਼ੇਪਣ ਨੂੰ ਪਾਖੰਡ ਹੀ ਦੱਸਦੇ। ਉਨ੍ਹਾਂ ਅਨੁਸਾਰ ਗੁੱਜਰ ਨੂੰ ਆਪਣੇ ਕੰਮ ਦੀ ਗੱਲ ਤਾਂ ਝੱਟ ਸੁਣ ਜਾਂਦੀ ਪਰ ਦੂਜੇ ਦੀ ਵਾਰੀ ਉਹ ਬੋਲ਼ਾ ਬਣ ਜਾਂਦਾ। ਉਂਜ, ਉਸ ਦੇ ਨਾਂ ਪਿੱਛੇ ‘ਬੋਲ਼ਾ’ ਤਖੱਲਸ ਪੱਕ ਗਿਆ ਸੀ। ਗੁੱਜਰ ਆਪਣੀ ਜਵਾਨੀ ਦੇ ਦਿਨਾਂ ਵਿਚ ਇਲਾਕੇ ਦਾ ਸਿਰ-ਕੱਢ ਜੁਆਨ ਸੀ। ਸਰੂ ਵਰਗਾ ਲੰਮਾ ਕੱਦ, ਚੌੜੀ ਛਾਤੀ ਤੇ ਫੌਲਾਦ ਵਰਗੇ ਡੌਲੇ। ਇਲਾਕੇ ਵਿਚ ਗੁੱਜਰ ਦੀ ਪੂਰੀ ਧਾਂਕ ਸੀ। ਦੌੜਨ ਵਿਚ ਉਸ ਨੇ ਕਦੇ ਕਿਸੇ ਨੂੰ ਅੱਗੇ ਨਹੀਂ ਸੀ ਲੰਘਣ ਦਿੱਤਾ। ਗੁੱਜਰ ਨੂੰ ਸ਼ਿਕਾਰ ਖੇਡਣ ਦਾ ਬੜਾ ਸ਼ੌਕ ਸੀ। ਉਦੋਂ ਪਿੰਡ ਦੇ ਛਿਪਦੇ ਪਾਸੇ ਮੱਲ੍ਹੇ-ਝਾੜੀਆਂ ਨਾਲ ਲੱਦਿਆ ਬੜਾ ਸੰਘਣਾ ਜੰਗਲ ਸੀ। ਜੰਗਲ ਵਿਚ ਹਿਰਨ, ਰੋਝ, ਗਿੱਦੜ ਤੇ ਹੋਰ ਜਾਨਵਰਾਂ ਦੀ ਭਰਮਾਰ ਸੀ ਪਰ ਗੁੱਜਰ ਦੀ ਵਿਲੱਖਣਤਾ ਸੀ ਕਿ ਉਹ ਤਕੜੇ ਜਾਨਵਰ ਦਾ ਹੀ ਸ਼ਿਕਾਰ ਕਰਦਾ ਸੀ, ਬਿਮਾਰ ਅਤੇ ਆਹਰੀ ਜਾਨਵਰ ਨੂੰ ਉਹ ਕਦੇ ਕੁਝ ਨਹੀ ਸੀ ਕਹਿੰਦਾ। ਇਕ ਦਿਨ ਹੋਇਆ ਇਹ ਕਿ ਹਿਰਨਾਂ ਦੀ ਡਾਰ ਮੂਹਰੇ ਭੱਜ ਨਿਕਲੀ। ਗੁੱਜਰ ਨੇ ਤੇਜ਼ੀ ਨਾਲ ਜਦੋਂ ਤੀਰਾਂ ਦਾ ਜੋੜਾ ਛੱਡਿਆ ਤਾਂ ਝਾੜੀਆਂ ਵਿਚ ਇੱਕ ਹਿਰਨੀ ਦੇ ਪੇਟ ਵਿਚ ਜਾ ਲੱਗਾ। ਉਸ ਹਿਰਨੀ ਨੂੰ ਤੜਫਦੀ ਦੇਖ ਕੇ ਗੁੱਜਰ ਨੇ ਤੀਰ-ਕਮਾਨ ਪਰ੍ਹੇ ਵਗਾਹ ਮਾਰਿਆ ਅਤੇ ਮੁੜ ਕਦੇ ਸ਼ਿਕਾਰ ਖੇਡਣ ਨਾ ਗਿਆ।
ਗੁੱਜਰ ਨੂੰ ਬੋਲੀਆਂ ਪਾਉਣ ਵਿਚ ਵੀ ਮੋਹਰੀ ਗਿਣਿਆ ਜਾਂਦਾ ਸੀ। ਉਦੋਂ ਵਿਆਹ-ਸਾਹਿਆਂ ਦੇ ਰੰਗ ਹੀ ਕੁਝ ਹੋਰ ਹੁੰਦੇ ਸੀ। ਕਈ ਕਈ ਦਿਨ ਜੰਝਾਂ ਰਹਿੰਦੀਆਂ ਸੀ। ਬੇਸ਼ੁਮਾਰ ਗਿੱਧਾ ਪੈਂਦਾ। ਗੁੱਜਰ ਬੋਲੀਆਂ ਦੀ ਝੜੀ ਲਾ ਦਿੰਦਾ ਸੀ। ਲੋਹੜੇ ਦੀਆਂ ਬੋਲੀਆਂ ਪਾਉਂਦਾ ਮੇਲਣਾ ਤੇ ਛਾਂਟ ਛਾਂਟ ਕੇ। ਇਕ ਵਾਰੀ ਕਹਿੰਦੇ ਪਿੰਡ ਵਿਚ ਬਖਤੂ ਦੇ ਵਿਆਹ ਆਈਆਂ ਮੇਲਣਾਂ ਜਦੋਂ ਸੱਥ ਵਿਚੋਂ ਲੰਘੀਆਂ ਤਾਂ ਪਿੰਡ ਵਾਲਿਆਂ ਨੂੰ ਚੁਣੌਤੀ ਦੇ ਕੇ ਬੋਲੀ ਪਾਈ। ਕਿਸੇ ਨੂੰ ਕੋਈ ਜੁਆਬ ਨਾ ਅਹੁੜਿਆ। ਧੂੰਈਂ ਤੇ ਬੈਠੇ ਮੁੰਡਿਆਂ ਨੇ ਗੁੱਜਰ ਨੂੰ ਪਿੰਡ ਦੀ ਪੱਤ ਰੱਖਣ ਲਈ ਕਿਹਾ ਤਾਂ ਗੁੱਜਰ ਨੇ ਅਜਿਹੀ ਮੋੜਵੀਂ ਬੋਲੀ ਪਾਈ ਕਿ ਮੇਲਣਾਂ ਦੀ ਨੀਵੀ ਪੁਆ ਦਿੱਤੀ। ਉਨ੍ਹਾਂ ਸਮਿਆਂ ਵਿਚ ਮੇਲਿਆਂ ਦੇ ਰੰਗ ਵੀ ਕਮਾਲ ਦੇ ਹੁੰਦੇ ਸੀ। ਅੱਡੋ-ਅੱਡ ਪਿੰਡਾਂ ਦੇ ਬੋਲੀਆਂ ਦੇ ਮੁਕਾਬਲੇ ਕਰਾਏ ਜਾਂਦੇ ਸਨ। ਇਕ ਵਾਰੀ ਕਹਿੰਦੇ, ਗੁੱਜਰ ਦਾ ਪੇਚਾ ਨਾਲ ਦੇ ਪਿੰਡ ਵਾਲੇ ਪੰਡਤਾਂ ਦੇ ਭੋਲੇ ਨਾਲ ਪੈ ਗਿਆ। ਸਾਰਾ ਮੇਲਾ ਉਲਟ ਪਿਆ ਤਮਾਸ਼ਾ ਦੇਖਣ ਨੂੰ। ਭੋਲਾ ਵੀ ਬੋਲੀਆਂ ਪਾਉਣ ਵਿਚ ਪੂਰਾ ਗਿਣਿਆ ਹੋਇਆ ਸੀ। ਇੱਕ ਬੋਲੀ ਪਾਵੇ, ਦੂਜਾ ਝੱਟ ਜੁਆਬ ਦੇਵੇ। ਅਖਾੜਾ ਪੂਰਾ ਮਘ ਗਿਆ। ਬੋਲੀਆਂ ਦੇ ਭੰਡਾਰ ਕਿਤੇ ਮੁੱਕਣ ਵਾਲੇ ਸੀ! ਤਿੰਨ ਘੰਟੇ ਮੁਕਾਬਲਾ ਚੱਲਦਾ ਰਿਹਾ। ਅਖੀਰ ਸਿਆਣੇ ਬੰਦਿਆਂ ਨੇ ਬਰੋ-ਬਰਾਬਰੀ ਦਾ ਫੈਸਲਾ ਦੇ ਕੇ ਨਬਿੇੜਿਆ।
ਪਿੰਡ ਵਿਚ ਕਿਸੇ ਦੇ ਵਿਆਹ ਸ਼ਾਦੀ ਹੋਣੀ ਤਾਂ ਰਾਤ ਨੂੰ ਗਿੱਧੇ ਦਾ ਪਿੜ ਬੰਨ੍ਹ ਲੈਣਾ ਪਰ ਗੁੱਜਰ ਤੋਂ ਬਿਨਾ ਗਿੱਧਾ ਭਲਾ ਕਿੰਜ ਮਘਦਾ! ਮੁੰਡਿਆਂ ਦੀ ਟੋਲੀ ਨੇ ਗੁੱਜਰ ਨੂੰ ਸ਼ਿੰਗਾਰ ਲਿਆਉਣਾ। ਗੁੱਜਰ ਨੇ ਸਾਰੀ ਸਾਰੀ ਰਾਤ ਬੋਲੀਆਂ ਪਾਈ ਜਾਣੀਆਂ। ਕਹਿੰਦੀਆਂ-ਕਹਾਉਂਦੀਆਂ ਮੇਲਣਾਂ ਹੰਭਾਂ ਦੇਣੀਆਂ। ਕਿਸੇ ਨੇ ਅੱਗਿਓਂ ਬੋਲੀ ਵੱਢਣੀ ਤਾਂ ਗੁੱਜਰ ਨੇ ਅਜਿਹਾ ਜੁਆਬ ਦੇਣਾ ਕਿ ਬੱਸ ਚੁੱਪ ਕਰਾ ਦੇਣਾ। ਫਿਰ ਅਗਲੇ ਦੀ ਬੋਲੀ ਪਾਉਣ ਦੀ ਹਿੰਮਤ ਹੀ ਨਾ ਰਹਿੰਦੀ।
ਉਮਰ ਦੇ ਪਿਛਲੇ ਪਹਿਰ ਤੱਕ ਉਸ ਅੰਦਰ ਬੈਠਾ ਬੋਲੀਆਂ ਦਾ ਸਿਰਜਕ ਜੁਆਨ ਹੀ ਰਿਹਾ। ਛੋਟੇ ਛੋਟੇ ਜੁਆਕਾਂ ਨੇ ਮਿੰਨਤਾਂ ਕਰਨੀਆਂ, ਤਰਲੇ ਕੱਢਣੇ ਤਾਂ ਉਸ ਨੇ ਬੋਲੀਆਂ ਸੁਣਾ ਦੇਣੀਆਂ। ਆਪਣੇ ਵੱਡੇ ਪੋਤੇ ਨੂੰ ਉਸ ਨੇ ਬੜੀ ਵਾਰ ਕਿਹਾ, ਬਈ ਲੜੀਵਾਰ ਬੋਲੀਆਂ ਕਿਸੇ ਕਾਪੀ-ਕਿਤਾਬ ਤੇ ਲਾਹ ਲਵੇ ਪਰ… ਨਿਆਣੀ ਮੱਤ ਇਹ ਵਿਰਸੇ ਦਾ ਭੰਡਾਰ ਨਾ ਸਾਂਭ ਸਕੀ!
ਸੰਪਰਕ: 98146-07737