ਸਤਵਿੰਦਰ ਬਸਰਾ
ਲੁਧਿਆਣਾ, 29 ਜਨਵਰੀ
ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਦਿੱਲੀ ਕਿਸਾਨ ਸੰਘਰਸ਼ ਦੌਰਾਨ ਸਟੇਜ ‘ਤੇ ਹਮਲਾ ਕਰਨ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਦਿੱਤੇ ਰੇਲ ਰੋਕੋ ਸੱਦੇ ਕਾਰਨ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਦਿੱਲੀ ਤੋਂ ਪਠਾਨਕੋਟ ਜਾਣ ਵਾਲੀ ਇੱਕ ਰੇਲ ਗੱਡੀ ਨੂੰ ਬਦਲਵੇਂ ਰਾਹ ਰਾਹੀਂ ਪਠਾਨਕੋਟ ਭੇਜਿਆ ਗਿਆ।
ਕਿਸਾਨਾਂ ਦੇ ਰੇਲ ਰੋਕੋ ਸੱਦੇ ਨੂੰ ਦੇਖਦਿਆਂ ਸਾਰੇ ਹੀ ਰੇਲਵੇ ਸਟੇਸ਼ਨਾਂ ‘ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਭਾਵੇਂ ਲੁਧਿਆਣਾ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਗੱਡੀਆਂ ਨਹੀਂ ਰੋਕੀਆਂ ਗਈਆਂ ਪਰ ਫਗਵਾੜਾ ਅਤੇ ਹੋਰ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਕਰ ਕੇ ਸੂਬੇ ਦੇ ਸਭ ਤੋਂ ਵੱਡੇ ਰੇਲਵੇ ਸਟੇਸ਼ਨ ਵਜੋਂ ਜਾਣੇ ਜਾਂਦੇ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਵੀ ਉਕਤ ਸੱਦੇ ਦਾ ਕਾਫੀ ਅਸਰ ਦੇਖਣ ਨੂੰ ਮਿਲਿਆ। ਭਾਵੇਂ ਉਤਰੀ ਰੇਲਵੇ ਵੱਲੋਂ ਇਸ ਸੱਦੇ ਨੂੰ ਦੇਖਦਿਆਂ 9 ਪੈਸੰਜਰ ਗੱਡੀਆਂ ਰੱਦ ਕਰ ਦਿੱਤੀਆਂ ਸਨ ਪਰ ਦਿੱਲੀ ਤੋਂ ਪਠਾਨਕੋਟ ਜਾਣ ਵਾਲੀ 22429 ਨੰਬਰ ਗੱਡੀ ਤਿੰਨ ਘੰਟੇ ਤੱਕ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਰੁਕੀ ਰਹੀ। ਇਸ ਕਾਰਨ ਗੱਡੀ ਵਿੱਚ ਸਵਾਰ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਗੱਡੀ ‘ਚ ਬੈਠੇ ਉਨ੍ਹਾਂ ਯਾਤਰੀਆਂ ਨੂੰ ਵੱਧ ਮੁਸ਼ਕਲ ਹੋਈ ਜਿਹੜੇ ਆਪਣੇ ਪਰਿਵਾਰਾਂ ਨਾਲ ਅਤੇ ਖਾਸ ਕਰਕੇ ਛੋਟੇ ਬੱਚਿਆਂ ਨਾਲ ਸਫਰ ਕਰ ਰਹੇ ਸਨ। ਠੰਢ ਦਾ ਮੌਸਮ ਹੋਣ ਕਰ ਕੇ ਛੋਟੇ ਬੱਚਿਆਂ ਦੇ ਨਾਲ ਨਾਲ ਵੱਡਿਆਂ ਦਾ ਵੀ ਬੁਰਾ ਹਾਲ ਸੀ। ਬਾਅਦ ਵਿੱਚ ਇਸ ਰੇਲ ਗੱਡੀ ਨੂੰ ਵਾਇਆ ਧੂਰੀ ਤੋਂ ਜਲੰਧਰ ਸਿਟੀ ਅਤੇ ਉਥੋਂ ਪਠਾਨਕੋਟ ਲਈ ਰਵਾਨਾ ਕੀਤਾ ਗਿਆ। ਕਈ ਗੱਡੀਆਂ ਦੇ ਰੱਦ ਹੋਣ ਅਤੇ ਕਈਆਂ ਦੇ ਦੇਰੀ ਨਾਲ ਚੱਲਣ ਕਰਕੇ ਰੇਲਵੇ ਸਟੇਸ਼ਨ ਤੇ ਸਾਰਾ ਦਿਨ ਯਾਤਰੀਆਂ ਦੀ ਭੀੜ ਰਹੀ।
ਇਸ ਭੀੜ ਨੂੰ ਦੇਖਦਿਆਂ ਪੁਲੀਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਚੌਕਸ ਰਿਹਾ। ਰੇਲ ਗੱਡੀ ਰਾਹੀਂ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਇੱਕ ਬਰਾਤ ਦੇ ਮੈਂਬਰਾਂ ਨੂੰ ਰੇਲਵੇ ਸਟੇਸ਼ਨ ‘ਤੇ ਕਈ ਘੰਟੇ ਤੱਕ ਰੁਕਣਾ ਪਿਆ। ਕਈ ਘੰਟੇ ਰੇਲਵੇ ਸਟੇਸ਼ਨ ‘ਤੇ ਗੱਡੀਆਂ ਰੁਕਣ ਕਾਰਨ ਆਸ-ਪਾਸ ਦੀਆਂ ਦੁਕਾਨਾਂ ਅਤੇ ਰੇੜੀਆਂ ਵਾਲਿਆਂ ਨੇ ਚੀਜ਼ਾਂ ਦਾ ਭਾਅ ਵੀ ਕਈ ਗੁਣਾਂ ਵਧਾ ਕੇ ਯਾਤਰੀਆਂ ਦੀ ਭਾਰੀ ਲੁੱਟ ਕੀਤੀ ਗਈ।