ਗੁਰਿੰਦਰ ਸਿੰਘ
ਲੁਧਿਆਣਾ, 29 ਜਨਵਰੀ
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਖੋਲ੍ਹੇ ਜਾ ਰਹੇ ਆਮ ਆਦਮੀ ਕਲੀਨਿਕ ਲਗਾਤਾਰ ਵਿਵਾਦਾਂ ਵਿੱਚ ਘਿਰ ਰਹੇ ਹਨ ਅਤੇ ਸਿਆਸੀ ਪਾਰਟੀਆਂ ਅਜਿਹੇ ਕਲੀਨਿਕ ਨੂੰ ਲੋਕਾਂ ਨਾਲ ਵੱਡਾ ਮਜ਼ਾਕ ਕਰਾਰ ਦੇ ਰਹੇ ਹਨ।
ਵਿਧਾਨ ਸਭਾ ਹਲਕਾ ਆਤਮ ਨਗਰ ਵਿੱਚ ਖੁੱਲ੍ਹੇ ਆਮ ਆਦਮੀ ਕਲੀਨਕ ਬਾਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਠਾਏ ਗਏ ਸਵਾਲਾਂ ਨਾਲ ਇਹ ਸ਼ੁਰੂ ‘ਚ ਹੀ ਵਿਵਾਦਾਂ ਦੇ ਘੇਰੇ ਵਿੱਚ ਫਸ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਹਰਭਜਨ ਸਿੰਘ ਡੰਗ ਅਤੇ ਸਾਬਕਾ ਵਿਧਾਇਕ ਹਰੀਸ਼ ਰਾਏ ਢਾਂਡਾ ਦੀ ਅਗਵਾਈ ਵਿੱਚ ਅਕਾਲੀ ਵਰਕਰਾਂ ਨੇ ਮਾਡਲ ਟਾਊਨ ਸਥਿਤ ਇਸ ਆਮ ਆਦਮੀ ਕਲਿਨਿਕ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਅਤੇ ਇਸ ਨੂੰ ਸੂਬਾ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਸਾਜ਼ਿਸ਼ ਕਰਾਰ ਦਿੱਤਾ। ਇਸ ਮੌਕੇ ਜਥੇਦਾਰ ਡੰਗ ਅਤੇ ਐਡਵੋਕੇਟ ਢਾਂਡਾ ਨੇ ਕਿਹਾ ਕਿ ਇਹ ਨਵੀਂਆਂ ਬੋਤਲਾਂ ਵਿੱਚ ਪੁਰਾਣੀ ਸ਼ਰਾਬ ਪਾਉਣ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਇੱਥੇ ਤਕਰੀਬਨ 40 ਸਾਲਾਂ ਤੋਂ ਅਰਬਨ ਹੈਲਥ ਸੈਂਟਰ ਦੇ ਨਾਂ ਹੇਠ ਡਿਸਪੈਂਸਰੀ ਬੜੀ ਵਧੀਆ ਚੱਲ ਰਹੀ ਹੈ ਜਦਕਿ ਹੁਣ ਇਸ ਨੂੰ ਆਮ ਆਦਮੀ ਕਲੀਨਿਕ ਦਾ ਨਾਮ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਾ ਦਿੱਤੀ ਗਈ ਹੈ ਜਦਕਿ ਇੱਥੇ ਉਹੀ ਪਹਿਲਾਂ ਵਾਲਾ ਸਟਾਫ ਅਤੇ ਪਹਿਲਾਂ ਵਾਲੀਆਂ ਹੀ ਸਹੂਲਤਾਂ ਹਨ।
ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਅਜਿਹਾ ਕਰ ਕੇ ਖਰਚੇ ਦੀ ਆੜ ‘ਚ ਵੱਡੇ ਪੱਧਰ ਤੇ ਘੁਟਾਲੇ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਮ ਆਦਮੀ ਕਲੀਨਿਕ ਖੋਲ੍ਹਣੇ ਹੀ ਹਨ ਤਾਂ ਨਵੇਂ ਸਥਾਨਾਂ ਤੇ ਕਿਉਂ ਨਹੀਂ ਖੋਲ੍ਹੇ ਜਾ ਰਹੇ? ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਦੋਂ ਤੋਂ ਭਗਵੰਤ ਮਾਨ ਦੀ ਸਰਕਾਰ ਸੱਤਾ ਵਿੱਚ ਆਈ ਹੈ ਹਰ ਰੋਜ਼ ਲੋਕਾਂ ਨਾਲ ਨਵੇਂ-ਨਵੇਂ ਧੋਖੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਪਾਰਟੀ ਨੇ ਲੋਕਾਂ ਨਾਲ ਧੋਖੇਬਾਜੀਆਂ ਕਰਨੀਆਂ ਬੰਦ ਨਾ ਕੀਤੀਆਂ ਤਾਂ ਜਲਦੀ ਹੀ ਇਸ ਦੇ ਖਿਲਾਫ਼ ਪੰਜਾਬ ਭਰ ਵਿੱਚ ਵੱਡੇ ਪੱਧਰ ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਐਡਵੋਕੇਟ ਢਾਂਡਾ ਨੇ ਕਿਹਾ ਕਿ ਆਪ ਮੁਮੁਫ਼ ਦੀ ਸ਼ੋਹਰਤ ਖੱਟਣ ਲਈ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਿਓਂਕਿ ਇਸ ਕਲੀਨਕ ਵਿੱਚ ਵੀ ਜ਼ਿਲ੍ਹਾ ਪ੍ਰੀਸ਼ਦ ਤੋਂ ਇੱਕ ਫਾਰਮਾਸਿਸਟ ਲਿਆਂਦੀ ਗਈ ਹੈ ਪਰ ਬਾਕੀ ਸਟਾਫ ਪੁਰਾਣਾ ਹੀ ਹੈ। ਇਸ ਮੌਕੇ ਮਾਸਟਰ ਰਣਜੀਤ ਸਿੰਘ, ਹਰਪ੍ਰੀਤ ਸਿੰਘ ਸੋਨੀ ਡੰਗ, ਮਨਸਿਮਰਨ ਸਿੰਘ, ਚਰਨਜੀਤ ਸਿੰਘ ਬਰਾੜ, ਕ੍ਰਿਪਾਲ ਸਿੰਘ ਮਨੋਚਾ, ਦਰਸ਼ਨ ਸਿੰਘ ਪ੍ਰਧਾਨ, ਗੁਰਮੀਤ ਸਿੰਘ ਸਿੱਧੂ, ਰਾਕੇਸ਼ਇੰਦਰ ਰੂਬੀ, ਚੰਦਨ ਰਾਏ ਝਾਂਡਾ, ਸੁਰਿੰਦਰ ਸਿੰਘ ਸੇਵਾਮੁਕਤ ਐਕਸੀਅਨ ਆਦਿ ਵੀ ਹਾਜ਼ਰ ਸਨ।