ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 27 ਸਤੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਇੱਥੇ ਵੀ ਵੱਖ ਵੱਖ ਥਾਵਾਂ ’ਤੇ ਕਿਸਾਨਾਂ ਵੱਲੋਂ ਧਰਨੇ ਲਾਏ ਗਏ ਹਨ ਅਤੇ ਆਵਾਜਾਈ ਰੋਕੀ ਗਈ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਥੇ ਜੀਟੀ ਰੋਡ ’ਤੇ ਗੋਲਡਨ ਗੇਟ ਨੇੜੇ ਧਰਨਾ ਲਾ ਕੇ ਆਵਾਜਾਈ ਰੋਕੀ ਗਈ ਹੈ। ਇਸ ਤੋਂ ਇਲਾਵਾ ਜੰਡਿਆਲਾ ਨੇੜੇ ਦੇਵੀਦਾਸਪੁਰਾ ਵਿਖੇ ਰੇਲ ਪਟੜੀਆਂ ’ਤੇ ਧਰਨਾ ਲਾ ਕੇ ਰੇਲ ਆਵਾਜਾਈ ਰੋਕੀ ਗਈ ਹੈ। ਜਥੇਬੰਦੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦਾਅਵਾ ਕੀਤਾ ਕਿ ਜ਼ਿਲ੍ਹੇ ਵਿੱਚ 30 ਥਾਵਾਂ ’ਤੇ ਧਰਨੇ ਦਿੱਤੇ ਗਏ ਹਨ ਅਤੇ ਆਵਾਜਾਈ ਰੋਕੀ ਗਈ ਹੈ। ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਹੋਰ ਬਾਕੀ ਜਥੇਬੰਦੀਆਂ ਨੇ ਵੀ ਵੱਖ ਵੱਖ ਥਾਵਾਂ ’ਤੇ ਧਰਨੇ ਲਾਏ ਹਨ ਅਤੇ ਆਵਾਜਾਈ ਰੋਕੀ ਗਈ ਹੈ। ਕਿਸਾਨ ਆਗੂ ਰਤਨ ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਦਾਖ਼ਲੇ ਦੀਆਂ ਦਸ ਪ੍ਰਮੁੱਖ ਥਾਵਾਂ ’ਤੇ ਧਰਨੇ ਦੇ ਕੇ ਰੋਸ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਦੁਕਾਨਾਂ ਅਤੇ ਹੋਰ ਕਾਰੋਬਾਰੀ ਅਦਾਰੇ ਵਧੇਰੇ ਕਰਕੇ ਬੰਦ ਹਨ। ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ’ਤੇ ਵੀ ਸੁੰਨ ਪਸਰੀ ਹੋਈ ਹੈ।