ਹਰਦੀਪ ਸਿੰਘ
ਫਤਹਿਗੜ੍ਹ ਪੰਜਤੂਰ, 14 ਫ਼ਰਵਰੀ
ਧਰਮਕੋਟ ਹਲਕੇ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਦਾ ਮੰਜਾ ਵੀ ਲੋਕਾਂ ਵੱਲੋਂ ਭਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਮੋਰਚੇ ਦੇ ਉਮੀਦਵਾਰ ਹਰਪ੍ਰੀਤ ਸਿੰਘ ਹੀਰੋ ਵੱਲੋਂ ਹਲਕੇ ਅੰਦਰ ਕੀਤੀ ਜਾ ਰਹੀ ਸਖ਼ਤ ਮਿਹਨਤ ਸਦਕਾ ਪਿੰਡਾਂ ਦੀਆਂ ਸੱਥਾਂ ਵਿੱਚ ‘ਮੰਜਾ’ ਡਹਿਣਾ ਸ਼ੁਰੂ ਹੋ ਗਿਆ ਹੈ। ਮੋਰਚੇ ਦੇ ਉਮੀਦਵਾਰ ਨੇ ਆਪਣੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਕਿਸਾਨੀ ਰੰਗ ਵਿਚ ਰੰਗ ਦਿੱਤਾ ਹੈ। ਉਮੀਦਵਾਰ ਹੀਰੋ ਵੱਲੋਂ ਹਲਕੇ ਅੰਦਰ ਟਰੈਕਟਰਾਂ ’ਤੇ ਸ਼ੁਰੂ ਕੀਤੇ ਗਏ ਆਪਣੇ ਨਿਵੇਕਲੇ ਚੋਣ ਪ੍ਰਚਾਰ ਸਦਕਾ ਕਿਸਾਨ ਇਸ ਉਮੀਦਵਾਰ ਪ੍ਰਤੀ ਕਾਫੀ ਆਕਰਸ਼ਤ ਹੋਏ ਦਿਖਾਈ ਦੇ ਰਹੇ ਹਨ। ਨਿਰੋਲ ਕਿਸਾਨੀ ਹਲਕਾ ਹੋਣ ਸਦਕਾ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਹੀਰੋ ਵਿਰੋਧੀ ਉਮੀਦਵਾਰਾਂ ਦਾ ਗਣਿਤ ਵਿਗਾੜਨ ਦੇ ਸਮਰੱਥ ਦਿਖਾਈ ਦੇਣ ਲੱਗੇ ਹਨ।
ਮੋਰਚੇ ਦੇ ਉਮੀਦਵਾਰ ਹਰਪ੍ਰੀਤ ਸਿੰਘ ਹੀਰੋ ਵੱਲੋਂ ਅੱਜ ਹਲਕੇ ਦੇ ਵੱਖ ਵੱਖ ਪਿੰਡਾਂ ਖੰਭੇ, ਪਰੱਲੀ ਵਾਲਾ, ਕੰਬੋ ਕਲਾਂ ਸ਼ੇਰੇਵਾਲਾ, ਰਾਜਾਂਵਾਲਾ ਅਤੇ ਚਿਰਾਗ ਸ਼ਾਹ ਵਾਲਾ ਵਿਖੇ ਚੋਣ ਰੈਲੀਆਂ ਕੀਤੀਆਂ ਗਈਆਂ ਅਤੇ ਆਪਣੇ ਹੱਕ ਵਿੱਚ ਲੋਕ ਲਾਮਬੰਦੀ ਕੀਤੀ। ਇਨ੍ਹਾਂ ਰੈਲੀਆਂ ’ਚ ਬੋਲਦੇ ਹੋਏ ਉਮੀਦਵਾਰ ਹਰਪ੍ਰੀਤ ਸਿੰਘ ਹੀਰੋ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੀ ਤਰ੍ਹਾਂ ਆਮ ਆਦਮੀ ਪਾਰਟੀ ਵੀ ਉਨ੍ਹਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸੰਯੁਕਤ ਸਮਾਜ ਮੋਰਚੇ ਦੀ ਜਿੱਤ ਪੰਜਾਬ ਦੀ ਦਿਸ਼ਾ ਬਦਲ ਕੇ ਰੱਖ ਦੇਵੇਗੀ।