ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਜਨਵਰੀ
ਇੱਥੋਂ ਦੇ ਸੈਕਟਰ-46 ਵਿੱਚ ਕੁਝ ਨੌਜਵਾਨਾਂ ਨੇ ਥਾਣਾ ਸੈਕਟਰ-34 ਦੇ ਏਐੱਸਆਈ ਦਰਸ਼ਨ ਸਿੰਘ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਪੀੜਤ ਨੂੰ ਸੈਕਟਰ-32 ਦੇ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਸ ਸਬੰਧੀ ਸੈਕਟਰ-34 ਦੀ ਪੁਲੀਸ ਨੇ ਨੌਜਵਾਨ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਅਮਿਤ ਕੁਮਾਰ ਵਾਸੀ ਸੈਕਟਰ-30 ਵਜੋਂ ਹੋਈ ਜਿਸ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ। ਪੁਲੀਸ ਨੇ ਮੁਲਜ਼ਮ ਦਾ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕਰ ਕੇ ਹੋਰਨਾਂ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਸੈਕਟਰ-46 ਵਿੱਚ ਸ਼ਰਾਬ ਦੇ ਠੇਕੇ ਦੇ ਨਜ਼ਦੀਕ ਕੁਝ ਨੌਜਵਾਨ ਹੰਗਾਮਾ ਕਰ ਰਹੇ ਸਨ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਏਐੱਸਆਈ ਦਰਸ਼ਨ ਸਿੰਘ ਅਤੇ ਕਾਂਸਟੇਬਲ ਨੇ ਨੌਜਵਾਨਾਂ ਨੂੰ ਹੰਗਾਮਾ ਕਰਨ ਤੋਂ ਰੋਕਿਆ। ਇਸ ਦੌਰਾਨ ਕੁਝ ਨੌਜਵਾਨ ਭੱਜ ਗਏ ਜਦੋਂ ਕਿ ਪੁਲੀਸ ਨੇ ਅਮਿਤ ਕੁਮਾਰ ਨੂੰ ਫੜ ਲਿਆ। ਏਐੱਸਆਈ ਦਰਸ਼ਨ ਸਿੰਘ, ਜਦੋਂ ਅਮਿਤ ਨੂੰ ਪੁਲੀਸ ਬੀਟ ਬਾਕਸ ‘ਤੇ ਲਿਜਾ ਕੇ ਪੁਛਗਿੱਛ ਕਰ ਰਹੇ ਸਨ ਤਾਂ ਇਸੇ ਦੌਰਾਨ ਕੁਝ ਨੌਜਵਾਨਾਂ ਨੇ ਬੀਟ ਬਾਕਸ ਦੇ ਬਾਹਰ ਆ ਕੇ ਹੰਗਾਮਾ ਸ਼ੁਰੂ ਕਰ ਦਿੱਤਾ।
ਪੁਲੀਸ ਨੇ ਉਕਤ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਕ ਨੌਜਵਾਨ ਨੇ ਏਐੱਸਆਈ ਦਰਸ਼ਨ ਸਿੰਘ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਅਮਿਤ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਅਤੇ ਉਕਤ ਨੌਜਵਾਨਾਂ ਵਿੱਚ ਝੜਪ ਹੋ ਗਈ। ਇਸੇ ਦੌਰਾਨ ਸਾਰੇ ਨੌਜਵਾਨ ਫਰਾਰ ਹੋ ਗਏ। ਥਾਣਾ ਸੈਕਟਰ-34 ਦੇ ਮੁਖੀ ਨੇ ਘਟਨਾ ਦੀ ਪੁਸ਼ਟੀ ਕੀਤੀ।