ਨਵੀਂ ਦਿੱਲੀ, 1 ਅਪਰੈਲ
ਮੁੱਖ ਅੰਸ਼
- ਕਾਂਗਰਸੀ ਆਗੂ ਨੇ ਯੋਗੀ ਸਰਕਾਰ ਨੂੰ ਘੇਰਿਆ
- ਕਾਰਵਾਈ ਦੇ ਨਾਂ ’ਤੇ ਮਹਿਜ਼ ਖਾਨਾਪੂਰਤੀ ਦਾ ਕੀਤਾ ਦਾਅਵਾ
ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ’ਤੇ ਚੁਟਕੀ ਲੈਂਦਿਆਂ ਅੱਜ ਕਿਹਾ ਕਿ ਯੋਗੀ ਸਰਕਾਰ ਨੂੰ ‘ਪੇਪਰ ਲੀਕ ਮਾਮਲੇ ਉੱਤੇ ਚਰਚਾ ਕਰਨੀ ਚਾਹੀਦੀ ਹੈ।’ ਪ੍ਰਿਯੰਕਾ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ’ਚ ਸ਼ਾਮਲ ਸਿਸਟਮ ’ਤੇ ਅਜੇ ਤੱਕ ‘ਕੋਈ ਬੁਲਡੋਜ਼ਰ ਨਹੀਂ ਚੱਲਿਆ।’ ਪ੍ਰਿਯੰਕਾ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਅਜੇ ਇਕ ਦਿਨ ਪਹਿਲਾਂ ਪ੍ਰਸ਼ਨ ਪੱਤਰ ਲੀਕ ਹੋਣ ਕਰਕੇ 24 ਜ਼ਿਲ੍ਹਿਆਂ ਵਿੱਚ ਉੱਤਰ ਪ੍ਰਦੇਸ਼ ਸੈਕੰਡਰੀ ਸਕੂਲ ਬੋਰਡ ਦੀ ਬਾਰ੍ਹਵੀਂ ਜਮਾਤ ਦੀ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਨੂੰ ਰੱਦ ਕਰਨਾ ਪਿਆ ਹੈ। ਪ੍ਰਿਯੰਕਾ ਗਾਂਧੀ ਨੇ ਕਿਹਾ, ‘‘ਪਿਛਲੇ ਸਾਲ 28 ਨਵੰਬਰ ਨੂੰ ਲੱਖਾਂ ਨੌਜਵਾਨਾਂ ਨੂੰ ਯੂਪੀਟੀਈਟੀ ਪ੍ਰੀਖਿਆ ਦਾ ਪੇਪਰ ਲੀਕ ਹੋਣ ਕਰਕੇ ਵੱਡੀ ਮਾਰ ਪਈ ਸੀ। ਉਦੋਂ ਵੀ ਕਾਰਵਾਈ ਦੇ ਨਾਂ ਉੱਤੇ ਮਹਿਜ਼ ਦਿਖਾਵਾ ਕੀਤਾ ਗਿਆ ਸੀ।’’ ਕਾਂਗਰਸ ਦੀ ਜਨਰਲ ਸਕੱਤਰ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਪੇਪਰ ਲੀਕ ਪਿੱਛੇ ਉੱਤਰ ਪ੍ਰਦੇਸ਼ ਦੇ ਕਿਸ ਭ੍ਰਿਸ਼ਟ ਸਿਸਟਮ ਦਾ ਹੱਥ ਹੈ। ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ਹੁਣ ਇਸੇ ਭ੍ਰਿਸ਼ਟ ਪ੍ਰਬੰਧ ਕਰਕੇ ਇਕ ਹੋਰ ਪੇਪਰ ਲੀਕ ਹੋਇਆ ਹੈ। ਐਤਕੀਂ ਵੀ ਸਰਕਾਰ ਕਾਰਵਾਈ ਕਰਨ ਦਾ ਦਿਖਾਵਾ ਕਰਕੇ ਢੰਗ ਸਾਰ ਰਹੀ ਹੈ। ਪ੍ਰਿਯੰਕਾ ਨੇ ਯੋਗੀ ਆਦਿੱਤਿਆਨਾਥ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘‘ਪੇਪਰ ਲੀਕ ਦੀ ਰਿਪੋਰਟ ਨਸ਼ਰ ਕਰਨ ਵਾਲੇ ਪੱਤਰਕਾਰ ਨੂੰ ਤਾਂ ਜੇਲ੍ਹ ਭੇਜਿਆ ਜਾ ਰਿਹੈ। ਪੇਪਰ ਲੀਕ ਨਾਲ ਜੁੜੇ ਸਿਸਟਮ ਦੀਆਂ ਸਰਕਾਰ ਵਿੱਚ ਜੜ੍ਹਾਂ ਬਹੁਤ ਡੂੰਘੀਆਂ ਹਨ। ਕੋਈ ਬੁਲਡੋਜ਼ਰ ਇਸ ਨੂੰ ਨਿਸ਼ਾਨਾ ਨਹੀਂ ਬਣਾਉਂਦਾ ਤੇ ਨਾ ਹੀ ਕੋਈ ਬਦਲਾਅ ਆਏਗਾ।’’ -ਪੀਟੀਆਈ