ਦੀਪਕ ਠਾਕੁਰ
ਤਲਵਾੜਾ, 29 ਜਨਵਰੀ
ਨਗਰ ਕੌਂਸਲ ਤਲਵਾੜਾ ਦੀ ਕਾਰਗੁਜ਼ਾਰੀ ‘ਤੇ ਸ਼ਹਿਰ ਦੇ ਹੀ ਕੌਂਸਲਰਾਂ ਨੇ ਸਵਾਲ ਉਠਾਏ ਹਨ। ਇੱਥੇ ਮੀਡੀਆ ਮੀਟਿੰਗ ਦੌਰਾਨ ਕਾਂਗਰਸ ਧਿਰ ਦੇ 9 ਕੌਂਸਲਰਾਂ ਨੇ ਦੱਸਿਆ ਕਿ ਨਗਰ ਕੌਂਸਲ ਤਲਵਾੜਾ ਨੇ ਪਿਛਲੇ ਸਾਲ ਸ਼ਹਿਰ ਦੀਆਂ ਸੰਵੇਦਨਸ਼ੀਲ ਥਾਵਾਂ ‘ਤੇ ਕਰੀਬ 25 ਲੱਖ ਰੁਪਏ ਦੀ ਰਕਮ ਖਰਚ ਕਰਕੇ ਸੀਸੀਟੀਵੀ ਕੈਮਰੇ ਲਗਾਏ ਸਨ, ਜਿਸ ਨੂੰ ਸਾਂਝ ਕੇਂਦਰ ਤਲਵਾੜਾ ਵੱਲੋਂ ਚਲਾਇਆ ਜਾ ਰਿਹਾ ਹੈ। ਪਰ ਰੱਖ ਰਖਾਅ ਖੁਣੋਂ ਇਹ ਕੈਮਰੇ ਪਿਛਲੇ ਤਿੰਨ ਮਹੀਨਿਆਂ ਤੋਂ ਬੰਦ ਪਏ ਹੋਏ ਹਨ। ਕੌਂਸਲਰ ਜੋਗਿੰਦਰ ਪਾਲ ਛਿੰਦਾ, ਦੀਪਕ ਅਰੋੜਾ, ਰੌਕੀ ਚੱਡਾ, ਵਿਕਾਸ ਗੋਗਾ, ਸੁਮਨ ਦੁਆ, ਸ਼ੈਲੀ ਆਨੰਦ ਆਦਿ ਨੇ ਦੱਸਿਆ ਕਿ ਸ਼ਹਿਰ ‘ਚ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਅਤੇ ਸ਼ਰਾਰਤੀ ਅਨਸਰਾਂ ‘ਤੇ ਨਿਗ੍ਹਾ ਰੱਖਣ ਮਾਰਫ਼ਤ ਸ਼ਹਿਰ ਦੇ ਵੱਖ ਵੱਖ ਚੌਕਾਂ ਅਤੇ ਰਸਤਿਆਂ ‘ਤੇ ਲੱਖਾਂ ਰੁਪਏ ਦੇ ਸੀਸੀਟੀਵੀ ਕੈਮਰੇ ਲਗਾਏ ਗਏ ਸੀ, ਇਹ ਕੈਮਰੇ ਟੈਂਡਰ ਰਾਹੀਂ ਪਾਸ ਠੇਕੇਦਾਰ ਵੱਲੋਂ ਲਗਾਏ ਸਨ। ਪਰ ਪਿਛਲੇ ਤਿੰਨ ਮਹੀਨੇ ਤੋਂ ਬੰਦ ਪਏ ਇਹ ਕੈਮਰੇ ਨਗਰ ਕੌਂਸਲ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਸਬੰਧਤ ਠੇਕੇਦਾਰ ਵੱਲੋਂ ਲਗਾਏ ਗਏ ਸਮਾਨ ਦੀ ਉਚ ਪੱਧਰੀ ਜਾਂਚ ਕਰਨ ਕਰਵਾਉਣ ਅਤੇ ਕੈਮਰਿਆਂ ਨੂੰ ਤੁਰੰਤ ਚਲਾਉਣ ਦੀ ਮੰਗ ਕੀਤੀ ਹੈ।
ਥਾਣਾ ਤਲਵਾੜਾ ਮੁਖੀ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਖਰਾਬ ਕੈਮਰਿਆਂ ਨੂੰ ਠੀਕ ਕਰਵਾਉਣ ਲਈ ਉਨ੍ਹਾਂ ਤਿੰਨ ਵਾਰ ਨਗਰ ਕੌਂਸਲ ਨੂੰ ਲਿਖਤੀ ਰੂਪ ‘ਚ ਕਿਹਾ।
ਨਗਰ ਕੌਂਸਲ ਤਲਵਾੜਾ ਦੇ ਕਾਰਜਸਾਧਕ ਅਫ਼ਸਰ ਕਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੇ ਟੈਂਡਰ ‘ਚ ਮੁਰੰਮਤ ਸ਼ਾਮਲ ਨਹੀਂ ਸੀ। ਨਗਰ ਕੌਂਸਲ ਤਲਵਾੜਾ ‘ਚ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਲੰਮੇ ਸਮੇਂ ਤੋਂ ਰੇੜਕਾ ਚੱਲ ਰਿਹਾ ਹੈ, ਵਿਰੋਧੀ ਧਿਰ ਦੇ ਕਰੀਬ 9 ਕੌਂਸਲਰ ਜਾਂ ਤਾਂ ਮੀਟਿੰਗ ਵਿਚ ਹਾਜ਼ਰ ਨਹੀਂ ਹੁੰਦੇ ਜਾਂ ਫ਼ਿਰ ਪਾਏ ਮਤਿਆਂ ‘ਤੇ ਸਹਿਮਤੀ ਨਹੀਂ ਦਿੰਦੇ ਜਿਸ ਕਾਰਨ ਸ਼ਹਿਰ ‘ਚ ਸੀਸੀਟੀਵੀ ਕੈਮਰਿਆਂ ਸਮੇਤ ਹੋਰ ਵਿਕਾਸ ਕਾਰਜ ਲਗਪਗ ਠੱਪ ਪਏ ਹੋਏ ਹਨ।