ਪੱਤਰ ਪ੍ਰੇਰਕ
ਬਨੂੜ, 22 ਅਕਤੂਬਰ
ਫੂਡ ਸੇਫਟੀ ਵਿਭਾਗ ਪੰਜਾਬ ਦੀ ਬਰਨਾਲਾ ਤੋਂ ਆਈ ਟੀਮ ਨੇ ਬਨੂੜ ਦੀ ਐਮਸੀ ਰੋਡ ਉੱਤੇ ਸਥਿਤ ਮਠਿਆਈਆਂ ਦੀਆਂ ਤਿੰਨ ਦੁਕਾਨਾਂ ਤੋਂ ਵੱਖ-ਵੱਖ ਮਠਿਆਈਆਂ ਦੇ ਸੈਂਪਲ ਭਰੇ। ਟੀਮ ਵਿੱਚ ਸ਼ਾਮਲ ਜ਼ਿਲ੍ਹਾ ਸਿਹਤ ਅਫ਼ਸਰ ਜਲੰਧਰ ਡਾ ਰੀਮਾ ਗੋਗੀਆ ਅਤੇ ਫੂਡ ਸੇਫ਼ਟੀ ਅਫ਼ਸਰ ਬਰਨਾਲਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੈਣੀ ਸਵੀਟਸ, ਚੌਧਰੀ ਸਵੀਟਸ ਅਤੇ ਚੌਧਰੀ ਡੇਅਰੀ ਤੋਂ ਦੋ-ਦੋ ਬਰਫੀ ਅਤੇ ਇੱਕ-ਇੱਕ ਖੋਏ ਦੇ ਨਮੂਨੇ ਲਏ ਗਏ ਹਨ, ਜਿਨਾਂ ਨੂੰ ਜਾਂਚ ਲਈ ਲੈਬਾਰਟਰੀ ਵਿੱਚ ਭੇਜਿਆ ਜਾਵੇਗਾ ਅਤੇ ਰਿਪੋਰਟ ਉਪਰੰਤ ਅਗਲੇਰੀ ਕਾਰਵਾਈ ਹੋਵੇਗੀ। ਟੀਮ ਦੀ ਭਿਣਕ ਪੈਂਦਿਆਂ ਹੀ ਕਈ ਦੁਕਾਨਾਂ ਬੰਦ ਹੋ ਗਈਆਂ। ਸ਼ਹਿਰ ਵਾਸੀਆਂ ਨੇ ਕਿਹਾ ਕਿ ਨਮੂਨਿਆਂ ਦੀ ਰਿਪੋਰਟ ਇੱਕ ਮਹੀਨੇ ਮਗਰੋਂ ਆਵੇਗੀ ਅਤੇ ਉਦੋਂ ਤੱਕ ਸਾਰੀ ਮਠਿਆਈ ਵਿਕ ਜਾਵੇਗੀ।