ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਫਰਵਰੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲਿਆਂ ਨੂੰ ਖਾਲਿਸਤਾਨੀ ਕਰਾਰ ਦੇਣ ਦੇ ਯਤਨਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਬਹੁਤ ਹੀ ਸ਼ਰਮਨਾਕ ਹੈ ਕਿ ਛੋਟੇ ਛੋਟੇ ਬੱਚਿਆਂ ਨੂੰ ਵੀ ਖਾਲਿਸਤਾਨੀ ਕਰਾਰ ਦਿੱਤਾ ਜਾ ਰਿਹਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਕਿਹਾ ਕਿ ਬਹੁਤ ਹੈਰਾਨੀਜਨਕ ਗੱਲ ਹੈ ਕਿ ਯੋਜਨਾਬੱਧ ਤਰੀਕੇ ਨਾਲ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਕੌਮਾਂਤਰੀ ਪ੍ਰਸਿਧੀ ਪ੍ਰਾਪਤ ਸਖ਼ਸ਼ੀਅਤਾਂ ਦੇ ਨਾਲ ਨਾਲ ਛੋਟੇ ਛੋਟੇ ਬੱਚਿਆਂ ਨੂੰ ਵੀ ਖਾਲਿਸਤਾਨੀ ਕਰਾਰ ਦੇਣ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਇਸ ਵੇਲੇ ਕਿਸਾਨਾਂ ਦੇ ਹੱਕ ਵਿਚ ਬੋਲਦਾ ਹੈ, ਸੋਸ਼ਲ ਮੀਡੀਆ ’ਤੇ ਹਮਾਇਤ ਕਰਦਾ ਹੈ, ਹਰ ਉਸ ਵਿਅਕਤੀ ਨੂੰ ਖਾਲਿਸਤਾਨੀ ਕਰਾਰ ਦਿੱਤਾ ਜਾ ਰਿਹਾ ਹੈ, ਜੋ ਕਿ ਬਹੁਤ ਹੀ ਨਿਖੇਧੀਯੋਗ ਗੱਲ ਹੈ।
ਸ੍ਰੀ ਸਿਰਸਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਕਿਸਾਨ ਅੰਦੋਲਨ ਦੇ ਖ਼ਿਲਾਫ਼ ਬੋਲਣ ਲਈ ਇੰਨੇ ਘਟੀਆ ਪੱਧਰ ’ਤੇ ਡਿੱਗ ਕੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਜਿਸ ਨੂੰ ਵੇਖ ਕੇ ਆਮ ਲੋਕਾਂ ਨੂੰ ਸ਼ਰਮ ਆ ਜਾਵੇ। ਉਨ੍ਹਾਂ ਕਿਹਾ ਕਿ ਜਿਹੜਾ ਵੀ ਕਿਸਾਨਾਂ ਨੂੰ ਲੰਗਰ ਛਕਾਵੇ, ਉਨ੍ਹਾਂ ਦੀ ਹਮਾਇਤ ਵਿਚ ਬੋਲੇ ਭਾਵੇਂ ਉਹ ਕਲਾਕਾਰ ਹੀ ਕਿਉਂ ਨਾ ਹੋਵੇ, ਉਸਨੂੰ ਖਾਲਿਸਤਾਨੀ ਕਰਾਰ ਦੇ ਦਿੱਤਾ ਜਾ ਰਿਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿਸਾਨ ਸੰਘਰਸ਼ ਦੇ ਖਿਲਾਫ਼ ਜਿੰਨੀ ਮਰਜ਼ੀ ਬਿਆਨਬਾਜ਼ੀ ਕਰ ਲਈ ਜਾਵੇ ਪਰ ਸਾਨੂੰ ਇਸਦੀ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰਾ ਜ਼ੋਰ ਲਗਾ ਕੇ ਵੀ ਕਿਸਾਨ ਅੰਦੋਲਨ ਦੇ ਵਿਰੋਧੀ, ਇਸਦੀ ਬਦਨਾਮੀ ਨਹੀਂ ਕਰ ਸਕੇ ਤੇ ਨਾ ਹੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਵਾਸਤੇ ਤੇ ਮਨੁੱਖਤਾ ਵਾਸਤੇ ਸੇਵਾਵਾਂ ਦਿੱਤੀਆਂ ਹਨ ਤੇ ਦਿੰਦੇ ਰਹਾਂਗੇ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਇਹ ਅੰਦੋਲਨ ਸਾਰੇ ਦੇਸ਼ ਦੇ ਕਿਸਾਨਾਂ ਦਾ ਹੈ ਤੇ ਇਸ ਲਈ ਅਸੀਂ ਡਟੇ ਹਾਂ ਤੇ ਡਟੇ ਰਹਾਂਗੇ ਤੇ ਲੋੜ ਪੈਣ ’ਤੇ ਅਦਾਲਤਾਂ ਵਿਚ ਕੇਸ ਲੜ ਕੇ ਇਸਦੀ ਹਮਾਇਤ ਕਰਾਂਗੇ।