ਪਟਿਆਲਾ: ਪੰਜਾਬ ਸਟੂਡੈਂਟਸ ਯੂਨੀਅਨ ਨੇ ਗੁਜਰਾਤ ਦੰਗਿਆਂ ‘ਤੇ ਆਧਾਰਿਤ ਬੀਬੀਸੀ ਦੀ ਦਸਤਾਵੇਜ਼ੀ ‘ਇੰਡੀਆ ਦਿ ਮੋਦੀ ਕੁਐਸਚਨ’ 30 ਜਨਵਰੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਦਿਖਾਉਣ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਅਮਨਦੀਪ ਸਿੰਘ ਖਿਉਵਾਲੀ ਨੇ ਕਿਹਾ ਕਿ ਯੂਨੀਵਰਸਿਟੀਆਂ ਵਿੱਦਿਆ ਦੇ ਉਹ ਕੇਂਦਰ ਹਨ, ਜਿੱਥੇ ਵੱਖੋ-ਵੱਖਰੇ ਵਿਚਾਰਾਂ ਦਾ ਵਿਕਾਸ ਹੁੰਦਾ ਹੈ। ਪੁਰਾਤਨ ਵਿਚਾਰਾਂ ਨੂੰ ਘੋਖਿਆ ਪਰਖਿਆ ਜਾਂਦਾ ਹੈ ਅਤੇ ਨਵੇਂ ਅਗਾਂਹਵਧੂ ਵਿਚਾਰ ਸਿਰਜੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਬੀਬੀਸੀ ਵੱਲੋਂ ਬਣਾਈ ਦਸਤਾਵੇਜ਼ੀ ‘ਇੰਡੀਆ ਦਿ ਮੋਦੀ ਕੁਐਸਚਨ’ ਵਿਚਾਰ-ਚਰਚਾ ਦੀ ਮੰਗ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਦਸਤਾਵੇਜ਼ੀ ਯੂਨੀਵਰਸਿਟੀ ਦੇ ਭਾਈ ਕਾਹਨ ਸਿੰਘ ਨਾਭਾ ਲਾਇਬ੍ਰੇਰੀ ਸਾਹਮਣੇ ਦਿਖਾ ਕੇ ਵਿਚਾਰ-ਚਰਚਾ ਕੀਤੀ ਜਾਵੇਗੀ। ਪੀਐੱਸਯੂ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਨਾਭਾ ਨੇ ਕਿਹਾ ਕਿ ਜੇਐੱਨਯੂ, ਜਾਮੀਆ ਅਤੇ ਦਿੱਲੀ ਯੂਨੀਵਰਸਿਟੀ ਸਮੇਤ ਬਾਕੀ ਯੂਨੀਵਰਸਿਟੀਆਂ ਵਿੱਚ ਵੀ ਫਿਲਮ ਦੀ ਸਕ੍ਰੀਨਿੰਗ ‘ਤੇ ਪਾਬੰਦੀ ਲਾਉਣ ਦੀ ਯੂਨੀਅਨ ਨਿਖੇਧੀ ਕਰਦੀ ਹੈ। -ਖੇਤਰੀ ਪ੍ਰਤੀਨਿਧ