ਪੱਤਰ ਪ੍ਰੇਰਕ
ਜੀਂਦ, 1 ਅਪਰੈਲ
ਹਰਿਆਣਾ ਦੇ ਸਾਬਕਾ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਭ੍ਰਿਸ਼ਟਾਚਾਰ, ਪਰਿਵਾਰਵਾਦ ਅਤੇ ਜਾਤਿਵਾਦ ਦੇ ਖ਼ਿਲਾਫ਼ ਮਜ਼ਬੂਤ ਵਿਕਲਪ ਨਾ ਹੋਣ ਦਾ ਨਤੀਜਾ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਅਭਿਮੰਨਿਊ ਨੇ ਕਿਹਾ ਕਿ ਪੰਜਾਬ ਦੇ ਲੋਕ ਭ੍ਰਿਸ਼ਟਾਚਾਰ, ਜਾਤਿਵਾਦ ਅਤੇ ਪਰਿਵਾਰਵਾਦ ਤੋਂ ਤੰਗ ਆ ਚੁੱਕੇ ਸੀ ਤੇ ਮਜ਼ਬੂਤ ਵਿਕਲਪ ਲੋਕਾਂ ਦੇ ਸਾਹਮਣੇ ਨਾ ਹੋਣ ਕਰਕੇ ‘ਆਪ’ ਨੂੰ ਭਾਰੀ ਸਮਰਥਨ ਮਿਲ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਮੁਲਜ਼ਮਾਂ ਨੂੰ ਪੁਰਾਣੀ ਪੈਨਸ਼ਨ ਨੀਤੀ ਲਾਗੂ ਕਰਨ ਅਤੇ ਔਰਤਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦਾ ਵਾਅਦਾ ਕਰਕੇ ਵੋਟਾਂ ਪ੍ਰਾਪਤ ਕੀਤੀਆਂ ਹਨ। ਪੰਜਾਬ ਦੀ ਆਰਥਿਕ ਸਥਿਤੀ ਬਹੁਤ ਹੀ ਖਰਾਬ ਹੈ ਅਤੇ ਸਿਰਫ਼ ਇਨ੍ਹਾਂ ਦੋ ਵਾਅਦਿਆਂ ਨੂੰ ਪੂਰਾ ਕਰਨ ਲਈ ਹਰ ਸਾਲ 20,600 ਕਰੋੜ ਰੁਪਏ ਦੀ ਲੋੜ ਪਵੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਧਾਈ ਦਿੰਦਿਆਂ ਸਲਾਹ ਦਿੱਤੀ ਕਿ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਕਈ ਸਾਲ ਤੱਕ ਪੰਜਾਬ ਵਿੱਚ ਭਾਜਪਾ ਦੇ ਚੋਣ ਇੰਚਾਰਜ ਵੀ ਰਹਿ ਚੁੱਕੇ ਹਨ। ਇਸ ਨਾਤੇ ਉਹ ਕਹਿ ਸਕਦੇ ਹਨ ਕਿ ਪੰਜਾਬ ਵਿੱਚ ਅਗਲਾ ਵਿਕਲਪ ਭਾਜਪਾ ਹੈ। ਉੱਤਰ ਪ੍ਰਦੇਸ਼ ਸਮੇਤ 4 ਰਾਜਾਂ ਵਿੱਚ ਭਾਜਪਾ ਨੂੰ ਮਿਲੀ ਭਰਪੂਰ ਸਫਲਤਾ ਦਾ ਸਿਹਰਾ ਪ੍ਰਧਾਨ ਮੰਤਰੀ ਮੋਦੀ ਦੀ ਨੀਤੀਆਂ ਅਤੇ ਯੂਪੀ ਵਿੱਚ ਯੋਗੀ ਵੱਲੋਂ ਕੀਤੇ ਗਏ ਕੰਮਾਂ ਨੂੰ ਜਾਂਦਾ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮਹਾ ਮੰਤਰੀ ਡਾ. ਰਾਜ ਸੈਣੀ, ਬਬਲੂ ਸੈਣੀ ਅਤੇ ਸੁਭਾਸ਼ ਸਿਓਰਾਨ ਹਾਜ਼ਰ ਸਨ।