ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਅਗਸਤ
ਚੰਡੀਗੜ੍ਹ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਵਿਜੈ ਐੱਨ ਜ਼ਾਦੇ ਨੇ ਵਧੀਕ ਮੁੱਖ ਚੋਣ ਅਧਿਕਾਰੀ ਵਿਨੈ ਪ੍ਰਤਾਪ ਸਿੰਘ ਅਤੇ ਸੰਯੁਕਤ ਮੁੱਖ ਚੋਣ ਅਧਿਕਾਰੀ ਸੌਰਭ ਕੁਮਾਰ ਅਰੋੜਾ ਨਾਲ ਵੋਟਰ ਸੂਚੀਆਂ ਵਿੱਚ ਸੋਧਾਂ ਬਾਰੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ 17 ਸਾਲ ਤੋਂ ਵੱਧ ਉਮਰ ਵਾਲੇ ਨੌਜਵਾਨਾਂ ਦੀਆਂ ਨਵੀਂਆਂ ਵੋਟਾਂ ਬਨਾਉਣ ਅਤੇ ਸਵੈ-ਇੱਛਾ ਨਾਲ ਫਾਰਮ 6-ਬੀ ਭਰਨ ਵਾਲਿਆਂ ਦੇ ਵੋਟਰ ਕਾਰਡ ਨੂੰ ਆਧਾਰ ਨਾਲ ਜੋੜਨ ਦੇ ਆਦੇਸ਼ ਦਿੱਤੇ ਗਏ। ਸ੍ਰੀ ਜ਼ਾਦੇ ਨੇ ਕਿਹਾ ਕਿ ਲੋਕ ਪ੍ਰਤੀਨਿਧਤਾ ਐਕਟ, 1950 ਦੀ ਧਾਰਾ 14 ਅਤੇ ਰਜਿਸਟ੍ਰੇਸ਼ਨ ਆਫ਼ ਇਲੈਕਟਰਜ਼ ਰੂਲਜ਼, 1960 ਵਿੱਚ ਕੀਤੀ ਸੋਧ ਅਨੁਸਾਰ ਜਿਹੜੇ ਨੌਜਵਾਨ ਪਹਿਲੀ ਅਪਰੈਲ 2022 ਤੋਂ ਲੈ ਕੇ ਪਹਿਲੀ ਜਨਵਰੀ 2023 ਤੱਕ 18 ਸਾਲ ਦੇ ਹੁੰਦੇ ਹਨ, ਉਹ ਨੌਜਵਾਨ ਵੋਟ ਬਨਵਾਉਣ ਲਈ ਅਪਲਾਈ ਕਰ ਸਕਦੇ ਹਨ। ਇਸ ਲਈ ਪਹਿਲੀ ਅਗਸਤ ਤੋਂ ਵੋਟਰ ਸੂਚੀਆਂ ਵਿੱਚ ਸੁਧਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਨਵੇਂ ਵੋਟਰਾਂ ਨੂੰ ਫਾਰਮ ਆਨਲਾਈਨ ਜਾਂ ਆਫਲਾਈਨ ਭਰਨਾ ਪਵੇਗਾ।
ਇਸੇ ਦੌਰਾਨ ਸੀਈਓ ਚੰਡੀਗੜ੍ਹ ਨੇ ਦੱਸਿਆ ਕਿ ਵੋਟਰ ਸੂਚੀਆਂ ਵਿੱਚ ਸੋਧ ਕਰਨ ਅਤੇ ਨਵੇਂ ਵੋਟਰਾਂ ਨੂੰ ਰਜਿਸਟਰ ਕਰਨ ਲਈ 19 ਤੇ 20 ਨਵੰਬਰ ਅਤੇ 3 ਤੇ 4 ਦਸੰਬਰ ਨੂੰ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਵਿੱਚ ਕੋਈ ਵੀ ਵਿਅਕਤੀ ਆਪਣੇ ਵੋਟਰ ਕਾਰਡ ਵਿੱਚ ਸੋਧ ਜਾਂ ਨਵਾਂ ਵੋਟਰ ਕਾਰਡ ਅਪਲਾਈ ਕਰ ਸਕਦਾ ਹੈ। ਇਸ ਤੋਂ ਬਾਅਦ 5 ਜਨਵਰੀ 2023 ਨੂੰ ਫਾਈਨਲ ਵੋਟਰ ਸੂਚੀ ਜਾਰੀ ਕਰ ਦਿੱਤੀ ਜਾਵੇਗੀ।