ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਪਰੈਲ
ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਅੱਜ ਦਿੱਲੀ ਦੇ ਹਮਰੁਤਬਾ ਅਰਵਿੰਦ ਕੇਜਰੀਵਾਲ ਨਾਲ ਰਾਜਧਾਨੀ ਦੇ ਇੱਕ ਸਰਕਾਰੀ ਸਕੂਲ ਦਾ ਦੌਰਾ ਕੀਤਾ। ਇਸ ਮੌਕੇ ਐੱਮਕੇ ਸਟਾਲਿਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਿੱਲੀ ਦੀ ਤਰਜ਼ ‘ਤੇ ਦੱਖਣੀ ਰਾਜ ਵਿੱਚ ਮਾਡਲ ਸਕੂਲ ਬਣਾ ਰਹੀ ਹੈ। ਇਸ ਮੌਕੇ ਉਨ੍ਹਾਂ ਕੇਜਰੀਵਾਲ ਨੂੰ ਦੱੱਖਣੀ ਰਾਜ ਦੇ ਸਕੂਲਾਂ ਦਾ ਦੌਰਾ ਕਰਨ ਦਾ ਵੀ ਸੱਦਾ ਦਿੱਤਾ। ਇਸ ਮੌਕੇ ਕੇਜਰੀਵਾਲ ਨੇ ਸਟਾਲਿਨ ਨੂੰ ਕਿਹਾ ਕਿ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵਿਦੇਸ਼ਾਂ ਵਿੱਚ ਸਿਖਲਾਈ ਲਈ ਭੇਜਿਆ ਜਾਂਦਾ ਹੈ ਅਤੇ ਅਧਿਆਪਕਾਂ ਨੂੰ ਭਾਰਤੀ ਪ੍ਰਬੰਧਨ ਸੰਸਥਾਨਾਂ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੁੱਖ ਮੰਤਰੀ ਸਟਾਲਿਨ ਨੂੰ ਕਿਹਾ ਕਿ ਦਿੱਲੀ ਸਰਕਾਰ ਬੱਚਿਆਂ ਨੂੰ ਰੱਟੇ ਤੋਂ ਦੂਰ ਹੋ ਕੇ ਦਿਮਾਗੀ ਸਿੱਖਿਆ ਵੱਲ ਲਿਜਾ ਰਹੀ ਹੈ। ਜਦੋਂ ਸਟਾਲਿਨ ਨੇ ਅੰਗਰੇਜ਼ੀ ਦੇ ਮਾਮਲੇ ਵਿੱਚ ਸੁਧਾਰ ਬਾਰੇ ਪੁੱਛਿਆ ਤਾਂ ਕੇਜਰੀਵਾਲ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੇ ਭਾਸ਼ਾ ਵਿੱਚ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਬ੍ਰਿਟਿਸ਼ ਕੌਂਸਲ ਅਤੇ ਅਮਰੀਕੀ ਦੂਤਾਵਾਸ ਨਾਲ ਸਮਝੌਤਾ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਸਟਾਲਿਨ ਨੂੰ ਨਵੇਂ ਸਿੱਖਿਆ ਬੋਰਡ, ਖੁਸ਼ੀ ਦੇ ਪਾਠਕ੍ਰਮ, ਦੇਸ਼ ਭਗਤੀ ਪਾਠਕ੍ਰਮ ਅਤੇ ਉੱਦਮਤਾ ਪ੍ਰੋਗਰਾਮ ‘ਬਿਜ਼ਨਸ ਬਲਾਸਟਰਸ’ ਬਾਰੇ ਵੀ ਜਾਣਕਾਰੀ ਦਿੱਤੀ। ਕੇਜਰੀਵਾਲ ਨੇ ਆਪਣੇ ਤਾਮਿਲਨਾਡੂ ਹਮਰੁਤਬਾ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲੇ ਕੁਝ ਸਾਲਾਂ ਵਿੱਚ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ‘ਤੇ ਧਿਆਨ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਕੋਲ ਸਵਿਮਿੰਗ ਪੂਲ ਸਮੇਤ ਖੇਡਾਂ ਦੀਆਂ ਸਹੂਲਤਾਂ ਹਨ।