ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 29 ਜਨਵਰੀ
ਪੰਜਾਬ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਇਕ ਸੂਚਨਾ ‘ਤੇ ਕਾਰਵਾਈ ਕਰਦਿਆਂ ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਕੱਕੜ ਦੇ ਇਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ ਪੰਜ ਕਿੱਲੋ ਹੈਰੋਇਨ ਸਣੇ 12.15 ਲੱਖ ਰੁਪਏ ਡਰੱਗ ਮਨੀ ਵਜੋਂ ਬਰਾਮਦ ਹੋਏ ਹਨ। ਮੁਲਜ਼ਮ ਦੀ ਪਛਾਣ ਰਸ਼ਪਾਲ ਸਿੰਘ ਉਰਫ਼ ਪਾਲਾ ਵਜੋਂ ਹੋਈ ਹੈ। ਪੁਲੀਸ ਮੁਤਾਬਕ ਮੁਲਜ਼ਮ ਕਥਿਤ ਤੌਰ ‘ਤੇ ਸਰਹੱਦ ਪਾਰ ਤਸਕਰੀ ਦੇ ਨੈੱਟਵਰਕ ਦਾ ਹਿੱਸਾ ਹੈ। ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਕੌਮਾਂਤਰੀ ਸਰਹੱਦ ਦੇ ਇਸ ਹਿੱਸੇ ਵਿੱਚ ਡਰੋਨ ਦੀ ਮਦਦ ਨਾਲ ਨਸ਼ਾ ਸੁੱਟਿਆ ਗਿਆ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਯੋਗ ਸੂਚਨਾ ਦੇ ਆਧਾਰ ‘ਤੇ ਸੀਆਈ ਵਿੰਗ ਨੇ ਲੋਪੋਕੇ ਦੇ ਪਿੰਡ ਠੱਠਾ ਨੇੜੇ ਇੱਕ ਵਿਸ਼ੇਸ਼ ਮੁਹਿੰਮ ਚਲਾਈ। ਪੁਲੀਸ ਨੇ ਰਸ਼ਪਾਲ ਨੂੰ ਉਸ ਵੇਲੇ ਕਾਬੂ ਕੀਤਾ, ਜਦੋਂ ਉਹ ਨਸ਼ੇ ਦੀ ਖੇਪ ਕਿਸੇ ਨੂੰ ਪਹੁੰਚਾਉਣ ਜਾ ਰਿਹਾ ਸੀ। ਥਾਣਾ ਐੱਸਐੱਸਓਸੀ ਅੰਮ੍ਰਿਤਸਰ ‘ਚ ਕੇਸ ਦਰਜ ਕੀਤਾ ਗਿਆ ਹੈ।