ਡੀਪੀਐੱਸ ਬੱਤਰਾ
ਸਮਰਾਲਾ, 27 ਸਤੰਬਰ
ਪਿੰਡ ਰੌਹਲੇ ਦੇ ਕਿਸਾਨ ਤਾਰਾ ਸਿੰਘ (65) ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਅਣਗੌਲਿਆਂ ਕਰਨ ਦੇ ਰੋਸ ਵਜੋਂ ਭਾਵੁਕ ਹੋ ਕੇ ਖ਼ੁਦਕੁਸ਼ੀ ਕਰ ਲਈ। ਤਾਰਾ ਸਿੰਘ ਨੇ ਆਪਣੇ ਸਿਰ ’ਤੇ ਬੰਨ੍ਹੇ ਪਰਨੇ ਨਾਲ ਘੁਲਾਲ ਟੌਲ ਪਲਾਜ਼ਾ ਦੇ ਖੰਭੇ ਨਾਲ ਫ਼ਾਹਾ ਲੈ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਤਾਰਾ ਸਿੰਘ, ਸੰਘਰਸ਼ ਆਰੰਭ ਹੋਣ ਦੇ ਦਿਨਾਂ ਤੋਂ ਹੀ ਘੁਲਾਲ ਟੌਲ ਪਲਾਜ਼ਾ ਧਰਨੇ ਵਿੱਚ ਸ਼ਾਮਲ ਸੀ। ਤਾਰਾ ਸਿੰਘ ਦੀ ਪਤਨੀ ਵੀ 10 ਮਹੀਨਿਆਂ ਤੋਂ ਦਿੱਲੀ ਦੇ ਟਿਕਰੀ ਮੋਰਚੇ ’ਤੇ ਕਿਸਾਨ ਸੰਘਰਸ਼ ਵਿੱਚ ਲੰਗਰ ਤਿਆਰ ਕਰਕੇ ਯੋਗਦਾਨ ਪਾ ਰਹੀ ਹੈ। ਅੱਜ ਸਵੇਰੇ ਜਿਵੇਂ ਹੀ ਇਲਾਕੇ ਦੇ ਕਿਸਾਨਾਂ ਨੂੰ ਤਾਰਾ ਸਿੰਘ ਦੀ ਖ਼ੁਦਕੁਸ਼ੀ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਤਾਰਾ ਸਿੰਘ ਦੀ ਲਾਸ਼ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦੀ ਜਿੱਥੇ ਪੋਸਟਮਾਰਟਮ ਮਗਰੋਂ ਲਾਸ਼ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਈ ਹੈ। ਦੇਸ਼ ਭਰ ਵਿੱਚ ਚੱਕਾ ਜਾਮ ਕਾਰਨ ਤਾਰਾ ਸਿੰਘ ਦੀ ਪਤਨੀ ਅੱਜ ਨਹੀਂ ਪੁੱਜ ਸਕੀ, ਜਿਸ ਕਾਰਨ ਤਾਰਾ ਸਿੰਘ ਦਾ ਸਸਕਾਰ ਹੁਣ ਭਲਕੇ ਕੀਤਾ ਜਾਵੇਗਾ। ਇਸ ਮੌਕੇ ਹਾਜ਼ਰ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸੰਘਰਸ਼ ਦੌਰਾਨ ਕਿ 700 ਤੋਂ ਵੀ ਵੱਧ ਕਿਸਾਨ ਸ਼ਹੀਦ ਹੋ ਗਏ ਹਨ, ਪਰ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਨਾ ਲਏ ਜਾਣ ਕਾਰਨ ਅਕਸਰ ਤਾਰਾ ਸਿੰਘ ਪ੍ਰੇਸ਼ਾਨ ਰਹਿੰਦਾ ਸੀ। ਇਸ ਪ੍ਰੇਸ਼ਾਨੀ ਕਾਰਨ ਹੀ ਤਾਰਾ ਸਿੰਘ ਨੇ ਦੁਖੀ ਹੋ ਕੇ ਆਪਣੀ ਜਾਨ ਦੇ ਦਿੱਤੀ ਹੈ।