ਪਾਲ ਸਿੰਘ ਨੌਲੀ
ਜਲੰਧਰ, 15 ਫਰਵਰੀ
ਪੰਜਾਬ ਦੇ ਸਿੱਖਿਆ ਮੰਤਰੀ ਤੇ ਜਲੰਧਰ ਛਾਉਣੀ ਤੋਂ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਨੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਰਮਨਪਿਆਰਤਾ ਤੋਂ ਇੰਨੀ ਡਰੀ ਹੋਈ ਹੈ ਕਿ ਉਨ੍ਹਾਂ ਦਾ ਹੈਲੀਕਾਪਟਰ ਦੋ ਵਾਰ ਨਹੀਂ ਉੱਡਣ ਦਿੱਤਾ। ਪਰਗਟ ਸਿੰਘ ਆਪਣੇ ਹਲਕੇ ਦੇ ਪਿੰਡਾਂ ਵਿਚ ਚੋਣ ਪ੍ਰਚਾਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਦੀ ਰੈਲੀ ਦੌਰਾਨ 2014 ਵਿੱਚ ਆਪਣਾ ਹੈਲੀਕਾਪਟਰ ਨਾ ਉੱਡਣ ਦੇਣ ਦਾ ਰੋਣਾ ਰੋਇਆ ਸੀ, ਜਿਸ ਤੋਂ ਇਹ ਗੱਲ ਵੀ ਸਪੱਸ਼ਟ ਹੁੰਦੀ ਹੈ ਕਿ ਭਾਜਪਾ ਲੀਡਰਾਂ ਨੇ ਆਪਣੇ ਮਨ ਵਿਚ ਸਾਲਾਂ ਪੁਰਾਣੀ ਖੁੰਦਕ ਮੁੱਖ ਮੰਤਰੀ ਦਾ ਹੈਲੀਕਾਪਟਰ ਰੋਕ ਕੇ ਕੱਢੀ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਚੋਣ ਪ੍ਰਚਾਰ ਸਿਖਰਾਂ ਵੱਲ ਵਧ ਰਿਹਾ ਹੈ, ਭਾਜਪਾ ਉਮੀਦਵਾਰਾਂ ਨੂੰ ਲੋਕ ਮੂੰਹ ਨਹੀਂ ਲਾ ਰਹੇ ਤਾਂ ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਦਾ ਹੈਲੀਕਾਪਟਰ ਰੋਕ ਕੇ ਸਭ ਤੋਂ ਹਲਕੇ ਪੱਧਰ ਦੀ ਰਾਜਨੀਤੀ ਕੀਤੀ ਹੈ।
ਪਰਗਟ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿੱਚ ਬਾਹਰਲੇ ਸੂੁਬਿਆਂ ਤੋਂ ਲੋਕਾਂ ਨੂੰ ਲਿਆ ਕੇ ਕੀਤੇ ਗਏ ਇਕੱਠ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਭਾਜਪਾ ਵੱਲ ਨਹੀਂ ਜਾ ਰਹੇ ਸਗੋਂ ਕਾਂਗਰਸ ਦੀ 111 ਦਿਨਾਂ ਦੀ ਸਰਕਾਰ ਤੋਂ ਖੁਸ਼ ਹਨ। ਉਨ੍ਹਾਂ ਅੱਜ ਆਪਣੇ ਹਲਕੇ ਵਿੱਚ ਦਰਜਨ ਤੋਂ ਵੱਧ ਚੋਣ ਮੀਟਿੰਗਾਂ ਕੀਤੀਆਂ, ਜਿਨ੍ਹਾਂ ਵਿੱਚ ਜਲੰਧਰ ਛਾਉਣੀ, ਭੂਰ ਮੰਡੀ, ਨਾਨਕ ਪਿੰਡੀ, ਭੋਡੇ ਸਪਰਾਏ, ਚਿੱਤੇਵਾਣੀ ਤੇ ਕਾਦੀਆਂ ਵਾਲੀ ਆਦਿ ਸ਼ਾਮਲ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੈਲੀ ਦੌਰਾਨ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਕੀਤੇ ਗਏ ਐਲਾਨ ’ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਦਾ ਅਕਾਲੀ ਦਲ ਨਾਲ ਨਹੁੰ-ਮਾਸ ਦਾ ਰਿਸ਼ਤਾ ਸੀ, ਉਦੋਂ ਤਾਂ ਪੰਜਾਬ ਵਿੱਚ ਨਸ਼ਿਆਂ ਦਾ ਹੜ੍ਹ ਆਇਆ ਸੀ। ਉਸ ਵੇਲੇ ਭਾਜਪਾ ਦੇ ਆਗੂਆਂ ਨੇ ਆਪਣੀ ਜ਼ੁਬਾਨ ਕਿਉਂ ਬੰਦ ਰੱਖੀ ਸੀ।
ਪਰਗਟ ਸਿੰਘ ਨੇ ਜਲੰਧਰ ਛਾਉਣੀ ਤੋਂ ਚੋਣ ਲੜ ਰਹੇ ‘ਆਪ’ ਦੇ ਉਮੀਦਵਾਰ ਦਾ ਨਾਂ ਲਏ ਬਿਨਾਂ ਕਿਹਾ ਕਿ ਜਦੋਂ ਉਹ ਨਵਾਂਸ਼ਹਿਰ ਵਿੱਚ ਐੱਸਐੱਸਪੀ ਸਨ ਤਾਂ ਪੁਲੀਸ ਦੀ ਜਿਪਸੀ ਡੋਡਿਆਂ ਦੇ ਟਰੱਕਾਂ ਨੂੰ ਪੁਲੀਸ ਨਾਕਿਆਂ ਤੋਂ ਸੁਰੱਖਿਅਤ ਲੰਘਾਉਂਦੀ ਸੀ।