ਖੇਤਰੀ ਪ੍ਰਤੀਨਿਧ
ਪਟਿਆਲਾ, 29 ਜਨਵਰੀ
ਸੁਪਰੀਮ ਕੋਰਟ ਦੇ ਪਿਛਲੇ ਸਾਲ 4 ਨਵੰਬਰ ਨੂੰ ਰਿਟਾਇਰਡ ਕਰਮਚਾਰੀਆਂ ਨੂੰ ਸੋਧੀ ਪੈਨਸ਼ਨ ਲਗਾਉਣ ਸਬੰਧੀ ਈ.ਪੀ.ਐਫ.ਓ ਨੂੰ ਦਿੱਤੇ ਹੁਕਮਾਂ ਨੂੰ ਲਾਗੂ ਨਾ ਕਰਨ ਵਿਰੁੱਧ ਪਨਸਪ ਦੇ ਸੇਵਾਮੁਕਤ ਕਰਮਚਾਰੀਆਂ ਵਲੋਂ ਅੱਜ ਈ.ਪੀ.ਐਫ.ਓ ਖਿਲਾਫ਼ ਵਿਖਾਵਾ ਕੀਤਾ ਗਿਆ। ਰਿਟਾਇਰਡ ਮੁਲਾਜ਼ਮਾਂ ਦੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ, ਜਨਰਲ ਸਕੱਤਰ ਲਾਭ ਸਿੰਘ, ਬਲਦੇਵ ਗਰਗ ਨੇ ਕਿਹਾ ਕਿ ਈ.ਪੀ.ਐਫ.ਓ ਕੋਰਟ ਦੇ ਫੈਸਲੇ ਨੂੰ ਤਾਰੋਪੀਡ ਕਰਕੇ 1/9/2014 ਤੋਂ ਰਿਟਾਇਰ ਹੋਏ ਮੁਲਾਜ਼ਮਾਂ ਨੂੰ ਰਿਵਾਇਜ਼ ਪੈਨਸ਼ਨਾਂ ਲਗਾਉਣ ਲਈ ਟਾਲਮਟੋਲ ਕਰ ਰਿਹਾ ਹੈ ਜਿਸ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਫੀਲਡ ਅਫਸਰ ਰਾਜਿੰਦਰ ਸਿੰਘ ਥਿੰਦ ਦੇ ਦੱਸਿਆ ਕਿ ਈ.ਪੀ.ਐਫ.ਓ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਪੰਜਾਬ ਦੀਆ ਸਮੂਹ ਬੋਰਡ ਕਾਰਪੋਰੇਸ਼ਨਾਂ, ਸਹਿਕਾਰੀ ਅਦਾਰੇ ਅਤੇ ਹੋਰ ਜਥੇਬੰਦੀਆਂ ਦੇ ਮੁਲਾਜ਼ਮਾਂ ਵਲੋਂ 3 ਫਰਵਰੀ ਨੂੰ ਈ.ਪੀ.ਐਫ.ਓ ਚੰਡੀਗੜ੍ਹ ਦਫਤਰ ਦੇ ਸਾਹਮਣੇ ਸੂਬਾ ਪੱਧਰੀ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਵੱਡੀ ਗਿਣਤੀ ਸੇਵਾਮੁਕਤ ਮੁਲਾਜ਼ਮ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਵਿਭਾਗ 1/9/2014 ਤੋਂ ਪਹਿਲਾਂ ਰਿਟਾਇਰ ਹੋਏ ਮੁਲਾਜ਼ਮਾਂ ਦੀਆ ਲਗਾਈਆਂ ਪੈਨਸ਼ਨਾਂ ਨੂੰ ਬੰਦ ਕਰਨ ਦੀਆਂ ਚਾਲਾਂ ਚੱਲ ਰਿਹਾ ਹੈ। ਇਸ ਮੌਕੇ ਨਛੱਤਰ ਸਿੰਘ ਸਮਰਾਓ, ਭਗਵੰਤ ਸਿੰਘ ਸਿੱਧੂ, ਗੁਰਮੀਤ ਸਿੰਘ, ਅਮਰਜੀਤ ਸਿੰਘ, ਦਿਲਬਾਗ ਸਿੰਘ, ਹਰਦੇਵ ਸਿੰਘ ਆਦਿ ਮੌਜੂਦ ਸਨ।