ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਮਈ
ਹਮੇਸ਼ਾ ਹੀ ਆਪਣੇ ਅਣੌਖੇ ਤਰੀਕੇ ਦੇ ਪ੍ਰਦਰਸ਼ਨ ਰਾਹੀਂ ਮੁੱਦੇ ਚੁੱਕਣ ਵਾਲੇ ਟੀਟੂ ਬਾਣੀਆ ਨੇ ਅੱਜ ਡੇਢ ਸਾਲ ਤੋਂ ਕਰੋਨਾ ਮਹਾਮਾਰੀ ਦੇ ਚੱਲਦੇ ਆਰਥਿਕ ਤੰਗੀ ਦੀ ਮਾਰ ਝੱਲ ਰਹੇ ਕਲਾਕਾਰਾਂ ਦੇ ਹੱਕ ’ਚ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਟੀਟੂ ਬਾਣੀਆ ਇੱਥੇ ਆਪਣੇ ਸਾਥੀਆਂ ਦੇ ਨਾਲ ਡੀਸੀ ਦਫ਼ਤਰ ਦੇ ਬਾਹਰ ਪੁੱਜੇ। ਉਨ੍ਹਾਂ ਨੇ ਕਲਾਕਾਰਾਂ ਦੇ ਹੱਕ ’ਚ ਪੂਰਾ ਅਖਾੜਾ ਲਗਾਇਆ ਤੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਕਲਾਕਾਰਾਂ ਲਈ 25 ਹਜ਼ਾਰ ਰੁਪਏ ਭੱਤਾ ਜਾਰੀ ਕਰਨ। ਇਹ ਪੈਸਾ ਹਰ ਇੱਕ ਕਲਾਕਾਰ ਦੇ ਬੈਂਕ ’ਚ ਸਿੱਧਾ ਭੇਜਿਆ ਜਾਵੇ ਤਾਂ ਕਿ ਉਹ ਕੁਝ ਰਾਹਤ ਮਹਿਸੂਸ ਕਰ ਸਕਣ। ਟੀਟੂ ਬਾਣੀਆ ਨੇ ਲੋਕ ਸਭਾ ਮੈਂਬਰ ਭਗਵੰਤ ਮਾਨ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਉਹ ਖੁਦ ਇੱਕ ਕਲਾਕਾਰ ਰਹਿ ਚੁੱਕੇ ਹਨ, ਉਨ੍ਹਾਂ ਨੇ ਵੀ ਕਲਾਕਾਰਾਂ ਲਈ ਹਾਲੇ ਤੱਕ ਕੁਝ ਨਹੀਂ ਕੀਤਾ।
ਟੀਟੂ ਬਾਣੀਆ ਨੇ ਕਿਹਾ ਕਿ ਡੇਢ ਸਾਲ ਪਹਿਲਾਂ ਕਰੋਨਾ ਮਹਾਮਾਰੀ ਨੇ ਜਿਸ ਤਰ੍ਹਾਂ ਦਸਤਕ ਦਿੱਤੀ, ਪੂਰੇ ਦੇਸ਼ ’ਚ ਲੌਕਡਾਊਨ ਲੱਗ ਗਿਆ। ਖੁਸ਼ੀਆਂ ਦੇ ਸਾਰੇ ਸਮਾਗਮ ਬੰਦ ਹੋ ਗਏ। ਅਜਿਹੇ ’ਚ ਇਨ੍ਹਾਂ ਸਮਾਗਮਾਂ ’ਚ ਨੱਚ ਗਾ ਕੇ ਲੋਕਾਂ ਦਾ ਮੰਨੋਰੰਜਨ ਕਰਨ ਵਾਲੇ ਕਲਾਕਾਰ ਕੰਮਾਂ ਤੋਂ ਵਾਂਝੇ ਹੋ ਗਏ ਹਨ। ਵਿਆਹ ਸਮਾਗਮ ਬੰਦ ਹੋਣ ਕਾਰਨ ਸਾਰੇ ਘਰਾਂ ’ਚ ਬੇਰੁਜ਼ਗਾਰ ਬੈਠੇ ਹਨ। ਹੁਣ ਸਰਕਾਰ ਨੇ ਵਿਆਹ ਸਮਾਗਮਾਂ ’ਚ ਸਿਰਫ਼ 10 ਲੋਕਾਂ ਦੇ ਆਉਣ ਦੀ ਆਗਿਆ ਦਿੱਤੀ ਹੈ। ਜਦਕਿ ਵਿਆਹਾਂ ’ਚ ਗਾਉਣ ਵਾਲਿਆਂ ਦੇ ਨਾਲ ਹੀ 20 ਤੋਂ ਵੱਧ ਸਾਜੀ ਹੁੰਦੇ ਹਨ, ਅਜਿਹੇ ’ਚ ਸਿਰਫ਼ 10 ਲੋਕਾਂ ਦੇ ਮੰਨੋਰੰਜਨ ਲਈ ਕਲਾਕਾਰ ਕੌਣ ਬੁਲਾਉਂਦਾ ਹੈ। ਉਨ੍ਹਾਂ ਨੇ ਡੀਸੀ ਵਰਿੰਦਰ ਸ਼ਰਮਾ ਤੋਂ ਮੰਗ ਕੀਤੀ ਹੈ ਕਿ ਉਹ ਕਲਾਕਾਰਾਂ ਦੀ ਆਰਥਿਕ ਹਾਲਤ ਵੱਲ ਧਿਆਨ ਦੇਣ।