ਪਰਮਜੀਤ ਢੀਂਗਰਾ
ਇਕ ਪੁਸਤਕ – ਇਕ ਨਜ਼ਰ
ਵਾਰਤਕ ਦੇ ਵਿਭਿੰਨ ਰੂਪਾਂ ਵਿਚੋਂ ਰੇਖਾ ਚਿੱਤਰ ਵੱਖਰੀ ਕਿਸਮ ਦਾ ਰੂਪ ਹੈ। ਜੀਵਨੀ ਤੇ ਸਵੈ-ਜੀਵਨੀ ਵਾਂਗ ਇਸ ਵਿਚ ਵੀ ਕਿਸੇ ਪ੍ਰਸਿੱਧ ਵਿਅਕਤੀ, ਲੇਖਕ, ਕਲਾਕਾਰ, ਰਾਜਨੀਤੀਵੇਤਾ, ਗਾਇਕ ਤੇ ਕਿਸੇ ਵੀ ਵਿਅਕਤੀ ਦੇ ਗੁਣਾਂ/ਔਗੁਣਾਂ ਨੂੰ ਗਲਪੀ ਪਾਠ ਵਾਂਗ ਪੇਸ਼ ਕੀਤਾ ਜਾਂਦਾ ਹੈ। ਇਸ ਵਿਚ ਸੰਜਮ, ਸਹਿਜ ਤੇ ਗਲਪੀ ਭਾਸ਼ਾ ਦੀ ਸਮਝ ਜ਼ਰੂਰੀ ਹੈ। ਵਿਅੰਗ ਵਿਧੀ ਨੂੰ ਇਸ ਵਿਚ ਹਥਿਆਰ ਵਾਂਗ ਵਰਤਿਆ ਜਾਂਦਾ ਹੈ ਤਾਂ ਜੋ ਵਿਅਕਤੀ ਵਿਚਲੇ ਵਿਸਥਾਰ ਤੇ ਉਹਦੇ ਅੰਦਰਲੇ ਨੂੰ ਪੇਸ਼ ਕੀਤਾ ਜਾ ਸਕੇ।
ਗੁਰਮੀਤ ਕੜਿਆਲਵੀ ਉੱਘਾ ਕਹਾਣੀਕਾਰ ਹੈ। ਕਹਾਣੀ ਦੇ ਖੇਤਰ ਵਿਚ ਉਹਨੇ ਨਵੇਂ ਨਵੇਂ ਵਿਸ਼ਿਆਂ ਉੱਤੇ ਕਹਾਣੀਆਂ ਦੀ ਰਚਨਾ ਕੀਤੀ ਹੈ। ਇਸ ਦੇ ਨਾਲ ਹੀ ਉਹਨੇ ਵਾਰਤਕ ਵਿਧਾ ’ਤੇ ਵੀ ਹੱਥ ਅਜ਼ਮਾਇਆ ਹੈ। ਹੱਥਲੀ ਕਿਤਾਬ ‘ਨਕਸ਼ ਨੱਕਾਸ਼’ (ਕੀਮਤ: 200 ਰੁਪਏ; ਪੀਪਲਜ਼ ਫੋਰਮ, ਬਰਗਾੜੀ) ਰੇਖਾ ਚਿੱਤਰਾਂ ਨਾਲ ਸੰਬੰਧਿਤ ਹੈ। ਇਸ ਨੂੰ ਉਹਨੇ ਰੇਖਾਕਾਰੀ ਦੀ ਥਾਂ ਨਕਸ਼ਾਂ ਦੀ ਨੱਕਾਸ਼ੀ ਵਜੋਂ ਪੇਸ਼ ਕੀਤਾ ਹੈ। ਨਕਸ਼ ਨੱਕਾਸ਼ੀ ਵੀ ਰੇਖਾਕਾਰੀ ਵਰਗੇ ਵਿਹਾਰ ਨੂੰ ਪ੍ਰਗਾਟਾਉਣ ਵਾਲੀ ਕਲਾਕਾਰੀ ਹੈ। ਇਸ ਵਿਚ ਲੇਖਕ ਨੇ ਉਨ੍ਹਾਂ ਵਿਅਕਤੀਆਂ ਦੀ ਨੱਕਾਸ਼ੀ ਕਰਨ ਦਾ ਜਤਨ ਕੀਤਾ ਹੈ ਜਿਨ੍ਹਾਂ ਨੂੰ ਉਹ ਨੇੜਿਓਂ ਜਾਣਦਾ/ ਪਛਾਣਦਾ/ ਪਰਖਦਾ ਹੈ। ਉਹ ਉਨ੍ਹਾਂ ਨੂੰ ਗਲਪੀ ਪਾਠਾਂ ਵਿਚ ਢਾਲ ਕੇ ਨਾ ਸਿਰਫ਼ ਉਨ੍ਹਾਂ ਬਾਰੇ ਜਾਣਕਾਰੀ ਦਿੰਦਾ ਹੈ ਸਗੋਂ ਉਨ੍ਹਾਂ ਦੀ ਦੇਣ ਨੂੰ ਵੀ ਚਿਤਾਰਦਾ ਹੈ।
ਇਨ੍ਹਾਂ ਵਿਚ ਗੋਰਖਨਾਥ ਦਾ ਚੇਲਾ- ਦੇਵ ਥਰੀਕੇ, ਰਾਂਝਣ ਮਿਲਵਾਦੇ ਰੱਬਾ- ਹਾਕਮ ਸੂਫੀ, ਪੰਜਾਬੀਅਤ ਦਾ ਚਿਤੇਰਾ- ਜਰਨੈਲ ਸਿੰਘ ਆਰਟਿਸਟ, ਦੌਧਰ ਦਾ ਦੋਹਤਾ- ਕੇ.ਐਲ.ਗਰਗ, ਸੇਖਾ ਚਾਚਾ- ਜਰਨੈਲ ਸਿੰਘ, ਸ਼ਿਵਾਲਿਕ ਦਾ ਝਰਨਾ- ਬਲਬੀਰ ਪਰਵਾਨਾ, ਮਸ਼ਾਲਾਂ ਬਾਲ ਕੇ ਚਲਣਾ- ਮਹਿੰਦਰ ਸਾਥੀ, ਨੱਥੂਵਾਲੀਆ ਨਾਹਰ- ਜੋਗਿੰਦਰ ਨਾਹਰ, ਸਾਹਿਤ ਦਾ ਡਰਾਈਵਰ- ਬਲਦੇਵ ਸਿੰਘ, ਕਿਥੇ ਕੱਟੇਂਗਾ ਰਾਤ ਵੇ ਟੁੱਟਿਆ ਤਾਰਿਆ- ਤਾਰਾ ਸਿੰਘ ਸੰਧੂ ਤੇ ਪਾਰੇ ਵਰਗਾ ਆਦਮੀ- ਬਾਬੂ ਸਿੰਘ ਆਦਿ ਗਿਆਰਾਂ ਨਕਸ਼ ਸ਼ਾਮਲ ਹਨ। ਇਨ੍ਹਾਂ ਦੇ ਸਿਰਲੇਖਾਂ ਤੋਂ ਪਤਾ ਲੱਗਦਾ ਹੈ ਕਿ ਹਰ ਲੇਖਕ, ਕਲਾਕਾਰ, ਗਾਇਕ, ਗੀਤਕਾਰ ਤੇ ਨੇੜਲੇ ਵਿਅਕਤੀ ਦੇ ਗੁਣਾਂ ਨੂੰ ਆਧਾਰ ਬਣਾ ਕੇ ਸਿਰਲੇਖ ਦਿੱਤੇ ਹਨ। ਸਿਰਲੇਖ ਕਿਸੇ ਵੀ ਰਚਨਾ ਦਾ ਪਛਾਣ ਚਿੰਨ੍ਹ ਹੁੰਦਾ ਹੈ।
ਦੇਵ ਥਰੀਕਿਆਂ ਵਾਲੇ ਬਾਰੇ ਉਹ ਲਿਖਦਾ ਹੈ- ‘ਉਹਨੇ ਲੰਮਾ ਸਮਾਂ ਪੰਜਾਬੀ ਗੀਤਕਾਰੀ ਦਾ ਅਕਾਸ਼ ਮੱਲੀ ਰਖਿਆ ਹੈ। ਉਹ ਗੋਰਖਨਾਥ ਦੇ ਟਿੱਲੇ ਤੋਂ ਪੰਜਾਬੀ ਜਨਮਾਨਸ ਨੂੰ ਉਨ੍ਹਾਂ ਦੇ ਦਿਲਾਂ ’ਚ ਡੂੰਘੀ ਧਸੀ ਪਈ ਹੀਰ ਦੇ ਦਰਸ਼ਨ ਕਰਾਉਂਦਾ ਹੈ। ਮੈਂ ਉਹਨੂੰ ਓਦੋਂ ਤੋਂ ਜਾਣਦਾ ਹਾਂ ਜਦੋਂ ਅਜੇ ਚੌਥੀ ਜਮਾਤ ਵਿਚ ਪੜ੍ਹਦਾ ਸਾਂ।’ ਇਸ ਦੇ ਨਾਲ ਹੀ ਉਹ ਉਸ ਨਾਲ ਜੁੜੀਆਂ ਕਈ ਯਾਦਾਂ/ ਘਟਨਾਵਾਂ/ ਪਲ/ ਸਿਮਰਤੀਆਂ ਸਾਂਝੀਆਂ ਕਰਦਾ ਹੈ। ਉਹਦੇ ਲਿਖੇ ਵੱਖ ਵੱਖ ਗੀਤਾਂ ਤੇ ਉਨ੍ਹਾਂ ਨੂੰ ਗਾਉਣ ਵਾਲੇ ਗਾਇਕਾਂ ਬਾਰੇ ਜਾਣਕਾਰੀ ਸਾਂਝੀ ਕਰਦਾ ਹੈ। ਇਸ ਤਰ੍ਹਾਂ ਕੁਝ ਸਫ਼ਿਆਂ ਦੀ ਇਸ ਨਕਾਸ਼ੀ ਵਿਚ ਉਹਦੀ ਜ਼ਿੰਦਗੀ ਦੇ ਭਰਪੂਰ ਵੇਰਵੇ ਲੇਖਕ ਸਾਂਝੇ ਕਰਦਾ ਹੈ।
ਜਰਨੈਲ ਸਿੰਘ ਆਰਟਿਸਟ ਬਾਰੇ ਉਹਦਾ ਵਾਹਿਆ ਸ਼ਬਦ ਨਕਾਸ਼ ਵੀ ਵੇਖਣਯੋਗ ਹੈ। ਇਸ ਵਿਚ ਉਹ ਜਰਨੈਲ ਸਿੰਘ ਨਾਲ ਰਸ਼ਕ ਕਰਦਾ ਹੈ ਕਿ ਉਹ ਖੁਸ਼ਕਿਸਮਤ ਹੈ ਜਿਸ ਦੀ ਜੀਵਨੀ ਸਕੂਲਾਂ ਵਿਚ ਪੜ੍ਹਾਈ ਜਾ ਰਹੀ ਹੈ। ਉਹਨੇ ਪੰਜਾਬੀ ਸਭਿਆਚਾਰ ਨੂੰ ਆਪਣੇ ਚਿੱਤਰਾਂ ਵਿਚ ਖ਼ਾਸ ਪੰਜਾਬੀ ਰੰਗਾਂ ਵਿਚ ਚਿਤਰਿਆ ਹੈ। ਲੇਖਕ ਨੂੰ ਵੀ ਚਿਤਰਕਾਰੀ ਦਾ ਮੋਹ ਹੈ ਖ਼ਾਸ ਕਰਕੇ ਪੁਰਾਣੇ ਪੇਂਡੂ ਸਭਿਆਚਾਰ ਨਾਲ ਸੰਬੰਧਿਤ ਤਸਵੀਰਾਂ ਦਾ। ਇਸੇ ਕਰਕੇ ਉਹਨੂੰ ਜਰਨੈਲ ਸਿੰਘ ਦੇ ਚਿੱਤਰ ਮੋਂਹਦੇ ਨੇ।
ਕੇ.ਐਲ. ਗਰਗ ਦੀ ਨੱਕਾਸ਼ੀ ਉਹ ਨਿੱਕੀਆਂ ਨਿੱਕੀਆਂ ਛੋਹਾਂ ਨਾਲ ਕਰਦਾ ਹੈ। ਸ਼ਾਇਦ ਇਹ ਲੰਮੇ ਸਾਥ ਦਾ ਅਸਰ ਹੈ ਕਿਉਂਕਿ ਮੋਗੇ ਨੂੰ ਲੇਖਕਾਂ ਦਾ ਘਰ ਕਿਹਾ ਜਾਂਦਾ ਹੈ। ਇਸ ਸ਼ਹਿਰ ਦੇ ਸਾਰੇ ਲੇਖਕ ਇਕ ਦੂਜੇ ਨੂੰ ਨੇੜਿਓਂ ਜਾਣਦੇ/ਪਰਖਦੇ ਤੇ ਆਦਤਾਂ ਤੋਂ ਜਾਣੂੰ ਹਨ। ਗਰਗ ਦਾ ਰੇਖਾ ਚਿੱਤਰ ਕਹਾਣੀ ਦਾ ਪ੍ਰਭਾਵ ਸਿਰਜਦਾ ਹੈ।
ਬਲਦੇਵ ਸਿੰਘ ਪੰਜਾਬੀ ਦਾ ਉੱਘਾ ਨਾਵਲਕਾਰ ਤੇ ਮੋਗੇ ਦੀ ਜਿੰਦਜਾਨ ਹੈ। ਸੜਕਨਾਮਾ ਲਿਖਣ ਤੋਂ ਬਾਅਦ ਉਹ ਪੰਜਾਬੀ ਸਾਹਿਤ ਵਿਚ ਬਲਦੇਵ ਸੜਕਨਾਮਾ ਨਾਲ ਹੀ ਮਸ਼ਹੂਰ ਹੋ ਗਿਆ। ਇਸੇ ਕਰਕੇ ਲੇਖਕ ਉਹਨੂੰ ਸਾਹਿਤ ਦਾ ਡਰਾਈਵਰ ਕਹਿ ਕੇ ਉਹਦੀ ਨਕਸ਼ ਨੱਕਾਸ਼ੀ ਕਰਦਾ ਹੈ। ਉਹਦੇ ਬਾਰੇ ਲੇਖਕ ਦਾ ਕਥਨ ਹੈ- ‘ਡਰਾਈਵਰੀ ਬਲਦੇਵ ਸਿੰਘ ਦੇ ਖੂਨ ਵਿਚ ਰਚ ਚੁੱਕੀ ਹੈ। ਸਾਹਿਤਕ ਰਚਨਾਵਾਂ ਬਾਰੇ ਉਸ ਦੀਆਂ ਡਰਾਈਵਰਾਂ ਵਾਲੀਆਂ ਸਟੀਕ ਟਿੱਪਣੀਆਂ ਹੁੰਦੀਆਂ ਹਨ। ਠਾਹ ਸੋਟਾ ਮਾਰਨ ਵਾਲੀਆਂ।’
ਇਨ੍ਹਾਂ ਤੋਂ ਇਲਾਵਾ ਵੀ ਬਾਕੀ ਨਕਸ਼ ਰੌਚਕ ਤੇ ਸਵਾਦਲੇ ਹਨ। ਲੇਖਕ ਕੋਲ ਕਹਿਣ ਦਾ ਢੰਗ ਮਠਾਰਣ ਵਾਲਾ ਹੈ। ਉਹ ਗੱਲ ਨੂੰ ਨਾ ਬਹੁਤਾ ਲਮਕਾਉਂਦਾ ਹੈ ਨਾ ਸੁੰਗੇੜਦਾ ਹੈ। ਆਸ ਹੈ ਪੰਜਾਬੀ ਪਾਠਕ ਇਨ੍ਹਾਂ ਨੂੰ ਪੜ੍ਹ ਕੇ ਲੇਖਕਾਂ/ ਗਾਇਕਾਂ/ ਕਲਾਕਾਰਾਂ ਬਾਰੇ ਹੋਰ ਜ਼ਿਆਦਾ ਜਾਣਨ ਦੇ ਸਮਰੱਥ ਹੋਣਗੇ।
ਸੰਪਰਕ: 94173-58120