ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 1 ਮਈ
ਜਲ ਸਰੋਤ, ਜਲ ਸਪਲਾਈ ਤੇ ਸੈਨੀਟੇਸ਼ਨ, ਮਾਲ ਤੇ ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸੂਬੇ ਵਿਚ ਸੁਚਾਰੂ ਤਰੀਕੇ ਨਾਲ ਸਿੰਜਾਈ ਦੇ ਪ੍ਰਾਜੈਕਟ ਚਲਾਏ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਨਹਿਰੀ ਸਿੰਜਾਈ ਲਈ ਲੋੜੀਂਦੀ ਮਾਤਰਾ ਵਿਚ ਪਾਣੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਹ ਅੱਜ ਕੰਢੀ ਕਨਾਲ ਸਟੇਜ-1 (ਕੰਕਰੀਟ ਲਾਈਨਿੰਗ) 0 ਤੋਂ 30 ਕਿਲੋਮੀਟਰ ਦਾ ਅੱਡਾ ਬੈਰੀਅਰ ਤਲਵਾੜਾ ਦੇ ਨਜ਼ਦੀਕ ਉਦਘਾਟਨ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ’ਤੇ ਉਨ੍ਹਾਂ ਨਾਲ ਵਿਧਾਇਕ ਦਸੂਹਾ ਐਡਵੋਕੇਟ ਕਰਮਵੀਰ ਘੁੰਮਣ ਵੀ ਸਨ। ਮੰਤਰੀ ਨੇ ਇਸ ਦੌਰਾਨ ਦੱਸਿਆ ਕਿ ਕੰਢੀ ਨਹਿਰ ਦੇ ਪਹਿਲੇ ਪੜਾਅ ਵਿਚ ਤਲਵਾੜਾ ਤੋਂ ਹੁਸ਼ਿਆਰਪੁਰ ਤੱਕ ਕਰੀਬ 60 ਕਿਲੋਮੀਟਰ ਲਈ 125 ਕਰੋੜ ਦੀ ਲਾਗਤ ਨਾਲ ਰਿਹੈਬਲੀਟੇਸ਼ਨ (ਕੰਕਰੀਟ ਲਾਈਨਿੰਗ) ਦਾ ਕੰਮ ਕਰਵਾਇਆ ਜਾਵੇਗਾ, ਜਿਸ ਵਿਚੋਂ ਅੱਜ 70 ਕਰੋੜ ਰੁਪਏ ਦੀ ਲਾਗਤ ਨਾਲ ਆਰਡੀ 0 ਤੋਂ 30 ਕਿਲੋਮੀਟਰ ਤੱਕ ਮਲਕੋਵਾਲ ਤੱਕ ਰਿਹੈਬਲੀਟੇਸ਼ਨ (ਕੰਕਰੀਟ ਲਾਈਨਿੰਗ) ਦਾ ਕੰਮ ਕਰੀਬ ਪੂਰਾ ਹੋ ਚੁੱਕਾ ਹੈ। 125 ਕਰੋੜ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਰਾਹੀਂ ਕਿਸਾਨਾਂ ਨੂੰ ਨਹਿਰੀ ਸਿੰਜਾਈ ਦੀ ਸੁਵਿਧਾ ਲਈ 44 ਦੇ ਕਰੀਬ ਥਾਵਾਂ ਤੋਂ ਪਾਈਪਾਂ ਰਾਹੀਂ 105 ਪਿੰਡਾਂ ਨੂੰ ਸਿੰਜਾਈ ਲਈ ਨਿਰਵਿਘਨ ਪਾਣੀ ਪਹੁੰਚਾਇਆ ਜਾਵੇਗਾ। ਇਸ ਤਹਿਤ ਵਿਧਾਨ ਸਭਾ ਦਸੂਹਾ ਤੇ ਮੁਕੇਰੀਆਂ ਦਾ 30 ਕਿਲੋਮੀਟਰ ਏਰੀਆ ਕਰ ਕੀਤਾ ਗਿਆ ਹੈ। ਸ੍ਰੀ ਜਿੰਪਾ ਨੇ ਕਿਹਾ ਕਿ ਨਹਿਰ ਦੀ ਇਸ ਪਹੁੰਚ ਵਿਚ ਘੋਗਰਾ ਡਿਸਟ੍ਰੀਬਿਊਟਰੀ, ਦਸੂਹਾ, ਰਜਵਾਹਾ, ਮੀਰਪੁਰ ਮਾਈਨਰ, ਪਨਵਾਂ ਡਿਸਟ੍ਰੀਬਿਊਟਰੀ, ਬਲੱਗਣ ਮਾਈਨਰ, ਜੁਝਾਰ ਰਜਵਾਹਾ ਤੇ ਡੱਫਰ ਰਜਵਾਹਾ ਆਉਂਦੀ ਹੈ ਅਤੇ ਇਨ੍ਹਾਂ ਡਿਸਟ੍ਰੀਬਿਊਟਰੀ ਤੇ ਮਾਈਨਰਾਂ ਦੀ ਮਨਰੇਗਾ ਸਕੀਮ ਤਹਿਤ ਸਫ਼ਾਈ ਦਾ ਕੰਮ ਕਰਵਾਇਆ ਗਿਆ ਹੈ। ਕੰਢੀ ਨਹਿਰ ਦੀ ਬੁਰਜੀ 0 ਤੋਂ 30 ਕਿਲੋਮੀਟਰ ਤੱਕ ਦੇ ਕੰਕਰੀਟ ਲਾਈਨਿੰਗ ਦਾ ਕੰਮ ਮੁਕੰਮਲ ਹੋਣ ਨਾਲ ਜ਼ਿੰਮੀਦਾਰਾਂ ਨੂੰ ਹੋਰ ਵੀ ਬੇਹਤਰ ਢੰਗ ਨਾਲ ਸਿੰਜਾਈ ਸੁਵਿਧਾ ਉਪਲਬੱਧ ਹੋਵੇਗੀ। ਇਸ ਪ੍ਰਾਜੈਕਟ ਤਹਿਤ ਦਸੂਹਾ ਤੇ ਮੁਕੇਰੀਆਂ ਦੀ 13309 ਏਕੜ ਜ਼ਮੀਨ ਦੀ ਸਿੰਜਾਈ ਹੋਵੇਗੀ, ਜਿਸ ਵਿਚੋਂ ਦਸੂਹਾ ਵਿਧਾਨ ਸਭਾ ਹਲਕੇ ਦੀ 2150 ਏਕੜ ਤੇ ਮੁਕੇਰੀਆਂ ਵਿਧਾਨ ਸਭਾ ਹਲਕੇ ਦਾ ਕਰੀਬ 11159 ਏਕੜ ਰਕਬਾ ਸਿੰਚਾਈ ਅਧੀਨ ਹੈ। ਇਸ ਦੌਰਾਨ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਾਹ ਨਹਿਰ ਬੈਰਾਜ ਤੋਂ ਲੈ ਕੇ ਟੇਰਕਿਆਣਾ ਟੇਲ ਤੱਕ ਖਰਾਬ ਹੋਈ ਨਹਿਰ ਦਾ ਦੁਬਾਰਾ ਨਿਰਮਾਣ ਵੀ ਕਰਵਾਇਆ ਜਾਵੇਗਾ। ਇਸ ਮੌਕੇ ਐੱਸਈ ਕੰਢੀ ਕੈਨਾਲ ਵਿਜੇ ਗਿੱਲ, ਐੱਸਈ ਢੋਲਬਾਹਾ ਡੈਮ ਸਰਕਲ ਗੁਰਪਿੰਦਰ ਸੰਧੂ, ਐਕਸੀਅਨ ਕੰਢੀ ਕੈਨਾਲ ਸਟੇਜ-1 ਮਨਜੀਤ ਸਿੰਘ, ਐਕਸੀਅਨ ਕੰਢੀ ਕਨਾਲ ਸਟੇਜ-2 ਹਰਪਿੰਦਰਜੀਤ ਸਿੰਘ, ਐਕਸੀਅਨ ਕੰਢੀ ਕਨਾਲ ਮਕੈਨੀਕਲ ਅਮਿਤ ਸਭਰਵਾਲ, ਐਕਸੀਅਨ ਸ਼ਾਹ ਨਹਿਰ ਵਿਨੇ ਕੁਮਾਰ, ਐਕਸੀਅਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਅਰਜੁਨ ਸ਼ਰਮਾ, ਐੱਸਡੀਓ ਜਤਿੰਦਰ ਸੈਣੀ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।