ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਜੂਨ
ਕੇਂਦਰ ਤੇ ਪੰਜਾਬ ਸਰਕਾਰ ਦੁਆਰਾ ਦਿੱਤਾ ਜਾਂਦਾ ਕਰੋਨਾ ਭੱਤਾ ਬੰਦ ਕਰਨ ਦੇ ਖਿਲਾਫ ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਵਲੋਂ ਅੱਜ ਵੱਖ ਵੱਖ ਥਾਵਾਂ ’ਤੇ ਸਮੂਹਕ ਮੀਟਿੰਗਾਂ ਕੀਤੀਆਂ ਗਈਆਂ ਹਨ ਅਤੇ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ ਹੈ।
ਵੱਖ ਵੱਖ ਥਾਵਾਂ ’ਤੇ ਕੀਤੀਆਂ ਮੀਟਿੰਗਾਂ ਦੌਰਾਨ ਜਥੇਬੰਦੀ ਦੇ ਵੱਖ ਵੱਖ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਆਖਿਆ ਕਿ ਇਸ ਵੇਲੇ ਕਰੋਨਾ ਟੀਕਾਕਰਨ ਦੀ ਮੁਹਿੰਮ ਚਲ ਰਹੀ ਹੈ, ਜਿਸ ਦੌਰਾਨ ਆਸ਼ਾ ਵਰਕਰਾਂ ਕੋਲੋਂ ਹਰ ਤਰ੍ਹਾਂ ਦਾ ਕੰਮ ਲਿਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਮਿਲਣ ਵਾਲਾ ਮਿਹਨਤਾਨਾ 31 ਮਾਰਚ ਤੋਂ ਬੰਦ ਕਰਕੇ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ।
ਪਠਾਨਕੋਟ(ਪੱਤਰ ਪ੍ਰੇਰਕ): ਇਥੇ ਕਰੋਨਾ ਦੌਰਾਨ ਮਿਲ ਰਹੇ ਮਾਣ ਭੱਤੇ ਬੰਦ ਕਰਨ ਖ਼ਿਲਾਫ਼ ਅੱਜ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਜ਼ਿਲ੍ਹਾ ਪ੍ਰਧਾਨ ਰਜਨੀ ਘਰੋਟਾ ਦੀ ਅਗਵਾਈ ਹੇਠ ਤਿੰਨ-ਰੋਜ਼ਾ ਕੰਮ ਛੱਡੋ ਹੜਤਾਲ ਸ਼ੁਰੂ ਕਰ ਕੇ ਐੱਸਐੱਮਓ ਡਾ. ਸਤਨਾਮ ਸਿੰਘ ਗਿੱਲ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਅਰਬਨ ਐਸੋਸੀਏਸ਼ਨ ਦੀ ਪ੍ਰਧਾਨ ਚਰਨਜੀਤ, ਕਿਰਨ ਬਾਲਾ, ਚੰਦਰ ਪ੍ਰਭਾ, ਸੁਮਨ, ਸੁਸ਼ਮਾ, ਅਨੂ ਤੇ ਪੂਨਮ ਆਦਿ ਹਾਜ਼ਰ ਸਨ। ਸਮੂਹ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਕਿਹਾ ਕਿ ਸੱਤਾ ਵਿੱਚ ਆਉਂਦੇ ਸਾਰ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁਲਾਜ਼ਮ ਵਿਰੋਧੀ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੂੰ ਕੋਵਿਡ ਦੌਰਾਨ ਕੇਂਦਰ ਅਤੇ ਸਾਬਕਾ ਪੰਜਾਬ ਸਰਕਾਰ ਵੱਲੋਂ ਕਰੋਨਾ ਸਬੰਧੀ ਸਪੈਸ਼ਲ 2500 ਰੁਪਏ ਮਾਣ ਭੱਤਾ ਦਿੱਤਾ ਜਾਂਦਾ ਸੀ ਜੋ ਮੌਜੂਦਾ ਸਰਕਾਰ ਨੇ ਬੰਦ ਕਰ ਦਿੱਤਾ ਹੈ ਪਰ ਉਨ੍ਹਾਂ ਕੋਲੋਂ ਕਰੋਨਾ ਸਬੰਧੀ ਪੂਰਾ ਕੰਮ ਲਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਬੰਦ ਕੀਤੇ ਭੱਤੇ ਨੂੰ ਮੁੜ ਜਾਰੀ ਕੀਤਾ ਜਾਵੇ ਨਹੀਂ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨ ਨੂੰ ਮਜਬੂਰ ਹੋ ਜਾਣਗੀਆਂ।
ਆਸ਼ਾ ਵਰਕਰਾਂ ਦੇ ਮਸਲੇ ਕਰਵਾਏ ਹੱਲ
ਫਿਲੌਰ (ਪੱਤਰ ਪ੍ਰੇਰਕ): ਸੀਆਈਟੀਯੂ ਦੀ ਅਗਵਾਈ ਹੇਠ ਅੱਜ ਸਥਾਨਕ ਸ਼ਹਿਰ ’ਚ ਕੰਮ ਕਰਦੀਆਂ ਆਸ਼ਾ ਵਰਕਰਾਂ ਦੇ ਭੱਤੇ ਬੈਂਕ ਖਾਤਿਆਂ ’ਚ ਜਮ੍ਹਾਂ ਹੋ ਗਏ। ਰੁਕੇ ਹੋਏ ਭੱਤੇ ਲੈਣ ਲਈ ਅੱਜ ਵਰਕਰਾਂ ਨੇ ਸੰਕੇਤਕ ਧਰਨਾ ਲਗਾਇਆ, ਜਿਸ ਉਪਰੰਤ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਰੋਹਿਨੀ ਮਹਿੰਗੀ ਨੇ ਗੱਲਬਾਤ ਸੁਣੀ ਅਤੇ ਮਸਲੇ ਦਾ ਹੱਲ ਕਰਵਾਇਆ। ਇਸ ਉਪਰੰਤ ਆਸ਼ਾ ਵਰਕਰਜ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਰਜੀਤ ਕੌਰ ਨੇ ਦੱਸਿਆ ਕਿ ਇਸ ਦੌਰਾਨ ਫਿਲੌਰ ਦਾ ਮਸਲਾ ਸਾਹਮਣੇ ਆਇਆ ਸੀ, ਜਿਸ ਦਾ ਤੁਰੰਤ ਹੱਲ੍ਹ ਕਰਵਾ ਦਿੱਤਾ ਗਿਆ। ਇਸ ਸਬੰਧੀ ਐੱਸਐੱਮਓ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਸਰਜਨ ਦਫ਼ਤਰ ਤੋਂ ਫੰਡ ਨਾ ਆਏ ਹੋਣ ਕਾਰਨ ਸਮੱਸਿਆ ਆਈ ਹੈ, ਜਿਸ ਦੀ ਪੜਤਾਲ ਕਰਕੇ ਬੈਂਕ ਖਾਤਿਆਂ ’ਚ ਪੈਸੇ ਪਵਾ ਦਿੱਤੇ ਗਏ ਹਨ।
‘ਆਪ’ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਤਰਨ ਤਾਰਨ (ਪੱਤਰ ਪ੍ਰੇਰਕ): ਆਸ਼ਾ ਵਰਕਰਜ਼ ਅਤੇ ਆਸ਼ਾ ਫੈਸਿਲੀਟੇਟਰਜ਼ ਸਾਂਝਾ ਫਰੰਟ ਪੰਜਾਬ ਦੀ ਸਥਾਨਕ ਜ਼ਿਲ੍ਹਾ ਇਕਾਈ ਵੱਲੋਂ ਅੱਜ ਇਥੇ ਸਿਵਲ ਸਰਜਨ ਦੇ ਦਫਤਰ ਸਾਹਮਣੇ ਰੋਸ ਧਰਨਾ ਦੇ ਕੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ 2500 ਰੁਪਏ ਦਾ ਦਿੱਤਾ ਜਾਣ ਵਾਲਾ ਬਝਵਾਂ ਭੱਤਾ ਬੰਦ ਕਰਨ ਵਾਲਾ ਪੱਤਰ ਵਾਪਸ ਲੈਣ ਦੀ ਮੰਗ ਕੀਤੀ| ਵਰਕਰਾਂ ਨੇ ਸਿਵਲ ਸਰਜਨ ਦੇ ਦਫਤਰ ਦੇ ਅਧਿਕਾਰੀ ਨੂੰ ਇਸ ਸਬੰਧੀ ਇਕ ਮੰਗ ਪੱਤਰ ਦਿੱਤਾ ਅਤੇ ਸਰਕਾਰ ਦੇ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਵੀ ਸਾੜੀਆਂ| ਇਸ ਮੌਕੇ ਜਿਲ੍ਹਾ ਭਰ ਤੋਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਭਾਗ ਲਿਆ| ਧਰਨਾਕਾਰੀਆਂ ਨੂੰ ਜਥੇਬੰਦੀ ਦੀ ਆਗੂ ਗੁਰਵੰਤ ਕੌਰ, ਸੀਮਾ ਸੋਹਲ, ਲਖਵਿੰਦਰ ਕੌਰ ਝਬਾਲ, ਰਾਜਵਿੰਦਰ ਕੌਰ, ਕੁਲਵੰਤ ਕੌਰ, ਰਮਨਦੀਪ ਕੌਰ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ|