ਬਹਾਦਰ ਸਿੰਘ ਮਰਦਾਂਪੁਰ/ਦਰਸ਼ਨ ਮਿੱਠਾ
ਰਾਜਪੁਰਾ, 4 ਜੁਲਾਈ
ਸੂਬੇ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਇੱਥੋਂ ਦੇ ਚਿਲਡਰਨ ਹੋਮ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਜੂਨ ਦੇ ਅੰਤਿਮ ਹਫਤੇ ਚਿਲਡਰਨ ਹੋਮ ਵਿੱਚੋਂ ਫਰਾਰ ਹੋਏ ਅੱਠ ਬੱਚਿਆਂ, ਜਿਨ੍ਹਾਂ ਵਿੱਚੋਂ ਪੰਜ ਬੱਚੇ ਮਿਲ ਵੀ ਗਏ ਹਨ, ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਵਾਪਸ ਪਰਤੇ ਬੱਚਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਦੇ ਇੱਥੋਂ ਫਰਾਰ ਹੋਣ ਦੇ ਮਾਮਲੇ ਵਿੱਚ ਕੋਈ ਵੀ ਕੁਤਾਹੀ ਸਾਹਮਣੇ ਆਈ ਤਾਂ ਇਸ ਲਈ ਜ਼ਿੰਮੇਵਾਰ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਵਿਭਾਗ ਨੂੰ ਚਿਲਡਰਨ ਹੋਮ ਦੀ ਸੁਰੱਖਿਆ ਵਧਾਉਣ ਤੇ ਬਾਹਰਲੇ ਰਾਜਾਂ ਤੋਂ ਆ ਕੇ ਇੱਥੇ ਰਹਿ ਰਹੇ ਬੱਚਿਆਂ ਨੂੰ ਉਨ੍ਹਾਂ ਦੇ ਇੱਛਾ ਅਨੁਸਾਰ ਆਪਣੇ ਗ੍ਰਹਿ ਸੂਬੇ ਵਿੱਚ ਭੇਜਣ ਦੀ ਕਾਰਵਾਈ ਕਰਨ ਸਬੰਧੀ ਹਦਾਇਤ ਕੀਤੀ।
ਇਸ ਮੌਕੇ ਹਲਕਾ ਵਿਧਾਇਕ ਨੀਨਾ ਮਿੱਤਲ, ਐੱਸ.ਡੀ.ਐੱਮ. ਡਾ. ਸੰਜੀਵ ਕੁਮਾਰ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸੰਯੁਕਤ ਡਾਇਰੈਕਟਰ ਜੀ.ਐਸ ਮੋੜ ਵੀ ਉਨ੍ਹਾਂ ਨਾਲ ਮੌਜੂਦ ਸਨ। ਚਿਲਡਰਨ ਹੋਮ ਵਿੱਚ ਪਰਤੇ ਬੱਚਿਆਂ ਨੇ ਡਾ. ਬਲਜੀਤ ਕੌਰ ਨੂੰ ਦੱਸਿਆ ਕਿ ਉਹ ਆਪਣੀ ਮਰਜ਼ੀ ਨਾਲ ਘੁੰਮਣ ਫਿਰਨ ਗਏ ਸਨ। ਇਨ੍ਹਾਂ ਬੱਚਿਆਂ ਵਿੱਚੋਂ ਇੱਕ ਬੱਚੇ ਦਾ ਕਹਿਣਾ ਸੀ ਕਿ ਉਹ ਪਿਛਲੇ 3-4 ਸਾਲਾਂ ਦੌਰਾਨ ਆਪਣੀ ਮਰਜ਼ੀ ਮੁਤਾਬਕ ਛੇ ਵਾਰ ਇਥੋਂ ਚਲਿਆ ਗਿਆ ਸੀ। ਮੰਤਰੀ ਨੇ ਇੱਥੇ ਰਹਿੰਦੇ ਬੱਚਿਆਂ ਦੇ ਖਾਣ-ਪੀਣ ਤੇ ਹੋਰ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਐੱਸ.ਪੀ ਹਰਪਾਲ ਸਿੰਘ, ਜ਼ਿਲ੍ਹਾ ਅਧਿਕਾਰੀ ਜੋਬਨਦੀਪ ਕੌਰ ਚੀਮਾ, ਜ਼ਿਲ੍ਹਾ ਪ੍ਰੋਗਰਾਮ ਅਫਸਰ ਪਰਦੀਪ ਸਿੰਘ ਗਿੱਲ ਅਤੇ ਹੋਰ ਮੌਜੂਦ ਸਨ।