ਬੀਰਬਲ ਰਿਸ਼ੀ
ਸ਼ੇਰਪੁਰ, 21 ਦਸੰਬਰ
ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸੈਂਕੜੇ ਸਕੂਲਾਂ ਨੂੰ ਅੱਪਗਰੇਡ ਕੀਤਾ ਗਿਆ ਪਰ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਪਿੰਡ ਹੇੜੀਕੇ ਦੇ ਸਰਕਾਰੀ ਸਕੂਲ ਨੂੰ ਅਪਗਰੇਡ ਨਾ ਕਰਨ ’ਤੇ ਪਿੰਡ ਵਾਸੀਆਂ ਵਿੱਚ ਰੋਸ ਹੈ। ਹੁਕਮਰਾਨ ਧਿਰ ਨਾਲ ਸਬੰਧਤ ਆਗੂ ਵਰਕਰ ਵੀ ਸਰਕਾਰ ਦੇ ਫੈਸਲੇ ਤੋਂ ਨਾਖੁਸ਼ ਹਨ।
ਸਰਕਾਰੀ ਸਕੂਲ ਦੇ ਮੁੱਖ ਅਧਿਆਪਕ ਬਲਵਿੰਦਰ ਸਿੰਘ ਅਲਾਲ ਨੇ ਦੱਸਿਆ ਕਿ ਸਕੂਲ ਦੇ ਅਧਿਆਪਕਾਂ ਨੇ ਅੱਠਵੀਂ ਤੱਕ ਸਕੂਲ ਹੋਣ ਦੇ ਬਾਵਜੂਦ ਸੰਨ 2006 ਵਿੱਚ ਡੀਪੀਆਈ ਤੋਂ ਮਨਜ਼ੂਰੀ ਲੈ ਕੇ ਸਕੂਲ ’ਚ ਨੌਵੀਂ ਤੇ ਫਿਰ ਅਗਲੇ ਵਰ੍ਹੇ 10ਵੀਂ ਤੱਕ ਕਲਾਸਾਂ ਸ਼ੁਰੂ ਕੀਤੀਆਂ ਅਤੇ ਅੱਜ ਸਕੂਲ ਵਿੱਚ ਆਲੇ-ਦੁਆਲੇ ਦੇ ਸਕੂਲਾਂ ਨੂੰ ਨਾਲੋਂ ਵੱਧ 173 ਬੱਚੇ ਹਨ। ਪਿੰਡ ਦੀ ਕਾਂਗਰਸੀ ਸਰਪੰਚ ਬੀਬੀ ਪਾਲਵਿੰਦਰ ਕੌਰ ਨੇ ਦੱਸਿਆ ਕਿ ਜੇਕਰ ਸਕੂਲ ਨੂੰ ਬਾਰਵੀਂ ਤੱਕ ਅੱਪਗਰੇਡ ਕੀਤਾ ਜਾਂਦਾ ਤਾਂ ਵੀ ਸਕੂਲ ਕੋਲ ਮੌਜੂਦਾ ਪੰਜ ਨਵੇਂ ਵਾਧੂ ਕਮਰੇ, ਲੋੜੀਂਦਾ ਫਰਨੀਚਰ ਅਤੇ ਵਿਦਿਆਰਥੀ ਦੇ ਖੇਡਣ ਲਈ ਮੈਦਾਨ ਵੀ ਮੌਜੂਦ ਹੈ। ਪਿੰਡ ਦੇ ਕਾਂਗਰਸੀ ਆਗੂ ਅਵਤਾਰ ਸਿੰਘ ਹੇੜੀਕੇ ਨੇ ਦੱਸਿਆ ਕਿ ਆਲੇ-ਦੁਆਲੇ ਦੇ ਉਹ ਸਕੂਲ ਵੀ ਅੱਪਗਰੇਡ ਹੋ ਚੁੱਕੇ ਹਨ ਜਿੱਥੇ ਬੱਚਿਆਂ ਦੀ ਗਿਣਤੀ ਹੇੜੀਕੇ ਪਿੰਡ ਤੋਂ ਵੀ ਘੱਟ ਹੈ। ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨੇ ਕਿਹਾ ਕਿ ਹੇੜੀਕੇ ਸਕੂਲ ਅਪਗਰੇਡ ਨਾ ਹੋਣ ਦੇ ਮਾਮਲੇ ’ਚ ਉਹ ਛੇਤੀ ਹੀ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਮਿਲ ਕੇ ਸਕੂਲ ਦਾ ਦਰਜਾ ਵਧਾਉਣ ਦੀ ਮੰਗ ਕਰਨਗੇ।