ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 1 ਅਪਰੈਲ
ਵਾਟਰ ਸਪਲਾਈ ਤੇ ਸੀਵਰੇਜ ਬੋਰਡ ਰਾਜਪੁਰਾ ਦੇ ਆਊਟ ਸੋਰਸਿੰਗ ਤੇ ਠੇਕਾ ਮੁਲਾਜ਼ਮਾਂ ਨੇ ਇਕ ਵਫਦ ਦੇ ਰੂਪ ਵਿਚ ਸੁਮਿਤ ਕੁਮਾਰ ਤੇ ਸੰਜੀਵ ਕੁਮਾਰ ਦੀ ਅਗਵਾਈ ਹੇਠ ਅੱਜ ਹਲਕਾ ਰਾਜਪੁਰਾ ਦੀ ਵਿਧਾਇਕ ਨੀਨਾ ਮਿੱਤਲ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਆਗੂਆਂ ਨੇ ਵਿਧਾਇਕਾਂ ਨੂੰ ਦੱਸਿਆ ਕਿ ਕਰੋਨਾ ਮਹਾਂਮਾਰੀ ਦੌਰਾਨ ਜਦੋਂ ਹਰ ਵਿਅਕਤੀ ਘਰ ਤੋਂ ਬਾਹਰ ਨਿਕਲਣ ਤੋਂ ਡਰਦਾ ਸੀ, ਉਦੋਂ ਉਨ੍ਹਾਂ ਨੇ ਆਪਣੇ ਅਫਸਰਾਂ ਦਾ ਹੁਕਮ ਮੰਨਦਿਆਂ ਆਮ ਜਨਤਾ ਨੂੰ ਸੇਵਾਵਾਂ ਮੁਹੱਈਆ ਕਰਵਾਈਆਂ ਸਨ। ਵਫਦ ਨੇ ਦੱਸਿਆ ਕਿ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਅਤੇ ਪਿਛਲੇ 5 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ। ਹਰ ਸਰਕਾਰ ਨੇ ਉਨ੍ਹਾਂ ਨੂੰ ਪੱਕਾ ਕਰਨ ਦਾ ਲਾਰਾ ਹੀ ਲਗਾਇਆ ਹੈ। ਹੁਣ ਉਨ੍ਹਾਂ ਨੂੰ ‘ਆਪ’ ਦੀ ਸਰਕਾਰ ਤੋਂ ਉਮੀਦਾਂ ਹਨ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਕਰੋਨਾ ਕਾਲ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਪੱਕਾ ਕੀਤਾ ਜਾਵੇ। ਵਿਧਾਇਕਾ ਨੀਨਾ ਮਿੱਤਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਪੱਕੇ ਹੋਣ ਦੀ ਮੰਗ ਉਪਰ ਗੌਰ ਕੀਤਾ ਜਾਵੇਗਾ। ਇਸ ਮੌਕੇ ਸੀਵਰਮੈਨ ਸੁਨੀਲ ਕੁਮਾਰ, ਲਛਮਣ ਦਾਸ ਵੀ ਮੌਜੂਦ ਸਨ।