ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਜਨਵਰੀ
ਚੰਡੀਗੜ੍ਹ ਵਿੱਚ ਹੋਣ ਵਾਲੇ ਦੋ ਰੋਜ਼ਾ ਜੀ-20 ਸੰਮੇਲਨ ਦੇ ਪਹਿਲੇ ਦਿਨ ਸੈਕਟਰ-26 ਸਥਿਤ ਕਲੱਬ ਵਿੱਚ ਬੰਬ ਦੀ ਧਮਕੀ ਮਿਲੀ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਚੰਡੀਗੜ੍ਹ ਪੁਲੀਸ ਦੀ ਟੀਮ ਨੇ ਕਲੱਬ ਵਿੱਚ ਪਹੁੰਚ ਕੇ ਸਰਚ ਅਪਰੇਸ਼ਨ ਚਲਾਇਆ। ਇਸ ਦੌਰਾਨ ਪੁਲੀਸ ਦੇ ਨਾਲ ਬੰਬ ਸੁਕਾਇਡ ਅਤੇ ਡੌਗ ਸੁਕਾਇਡ ਦੀ ਟੀਮ ਵੀ ਮੌਜੂਦ ਰਹੀ ਜਿਨ੍ਹਾਂ ਨੇ ਕਲੱਬ ਵਿੱਚ ਦੋ ਘੰਟੇ ਦੇ ਕਰੀਬ ਸਰਚ ਅਪਰੇਸ਼ਨ ਚਲਾਇਆ ਪਰ ਪੁਲੀਸ ਦੇ ਹੱਥ ਕੁਝ ਨਹੀਂ ਲੱਗਿਆ।
ਸੈਕਟਰ-26 ਦੇ ਏਐੱਸਓਡੀ ਕਲੱਬ ਦੇ ਮੈਨੇਜਰ ਨੂੰ ਕਲੱਬ ਵਿੱਚ ਬੰਬ ਹੋਣ ਦੀ ਧਮਕੀ ਮਿਲੀ। ਇਸ ਦੀ ਜਾਣਕਾਰੀ ਕਲੱਬ ਮੈਨੇਜਰ ਨੇ ਤੁਰੰਤ ਪੁਲੀਸ ਨੂੰ ਦਿੱਤੀ। ਪੁਲੀਸ ਨੇ ਉਕਤ ਸੂਚਨਾ ਦੇ ਆਧਾਰ ‘ਤੇ ਕਲੱਬ ਵਿੱਚ ਸਰਚ ਅਪਰੇਸ਼ਨ ਚਲਾਇਆ। ਇਸ ਬਾਰੇ ਡੀਐੱਸਪੀ ਪਲਕ ਗੋਇਨ ਨੇ ਕਿਹਾ ਕਿ ਕਲੱਬ ‘ਚ ਬੰਬ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਨੇ ਚੌਕਸੀ ਵਰਤੀ ਪਰ ਕਲੱਬ ਵਿੱਚੋਂ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਗਲਤ ਫੋਨ ਕਾਲ ਕਰਨ ਸਬੰਧੀ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੌਰਤਲਬ ਹੈ ਕਿ ਜੀ-20 ਸੰਮੇਲਨ ਕਰਕੇ ਸ਼ਹਿਰ ਵਿੱਚ 20 ਦੇਸ਼ਾਂ ਤੋਂ 100 ਦੇ ਕਰੀਬ ਡੈਲੀਗੇਟ ਪਹੁੰਚੇ ਹੋਏ ਹਨ। ਉੱਧਰ ਕੁਝ ਦਿਨ ਪਹਿਲਾਂ ਵੀ ਸੈਕਟਰ-43 ਜ਼ਿਲ੍ਹਾ ਅਦਾਲਤ ਅਤੇ ਬੱਸ ਅੱਡੇ ਨੂੰ ਉਡਾਉਣ ਦੀ ਧਮਕੀ ਵੀ ਮਿਲੀ ਸੀ। ਪੁਲੀਸ ਨੇ ਬੰਬ ਦੀ ਸੂਚਨਾ ਮਿਲਦਿਆਂ ਹੀ ਸ਼ਹਿਰ ਵਿੱਚ ਚੌਕਸੀ ਵਧਾ ਦਿੱਤੀ ਹੈ।