ਨਿੱਜੀ ਪੱਤਰ ਪ੍ਰੇਰਕ
ਜਲੰਧਰ, 22 ਨਵੰਬਰ
ਸਾਹਿਤਕ ਅਤੇ ਸਭਿਆਚਾਰਕ ਸੰਸਥਾ ਫੁਲਕਾਰੀ ਵੱਲੋਂ ਪੰਜਾਬ ਪ੍ਰੈਸ ਕਲੱਬ ਵਿੱਚ ਬਾਲ ਲੇਖਕਾ ਸੁਖਜਿੰਦਰ ਬੀਟਾ ਦੀਆਂ ਦੋ ਬਾਲ ਪੁਸਤਕਾਂ ‘ਸ਼ਾਮੂ ਦਾ ਸੰਕਲਪ’ ਅਤੇ ‘ਫੁੱਲਾਂ ਦੀ ਸੁਗੰਧੀ’ ਲੋਕ ਅਰਪਣ ਕੀਤੀਆਂ ਗਈਆਂ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਬਾਲ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਬੀਟਾ ਨੇ ਦੋਹਾਂ ਪੁਸਤਕਾਂ ਵਿੱਚ ਬੱਚਿਆਂ ਦੀ ਮਾਨਸਿਕਤਾ ਨੂੰ ਮੁੱਖ ਰੱਖ ਕੇ ਹੀ ਕਹਾਣੀਆਂ ਲਿਖੀਆਂ ਹਨ। ਇਨ੍ਹਾਂ ਕਹਾਣੀਆਂ ਵਿਚਲਾ ਵਾਤਾਵਰਨ ਸਮਾਜ, ਕੁਦਰਤ ਅਤੇ ਸਿੱਖਿਆ ਦੇ ਨਾਲ-ਨਾਲ ਨੈਤਿਕ ਕਦਰਾਂ ਕੀਮਤਾਂ ਨਾਲ ਜੁੜਿਆ ਹੋਇਆ ਹੈ। ਪੁਲੀਸ ਅਧਿਕਾਰੀ ਰਜੇਸ਼ਵਰ ਸਿੰਘ ਸਿੱਧੂ ਨੇ ਪੁਸਤਕਾਂ ਦੀ ਮਹੱਤਤਾ ਦਾ ਆਮ ਲੋਕਾਂ ’ਤੇ ਪ੍ਰਭਾਵ ਬਾਰੇ ਆਪਣੇ ਬੇਬਾਕ ਵਿਚਾਰ ਦਿੱਤੇ। ਡਾ. ਰਾਜਵੰਤ ਕੌਰ ਪੰਜਾਬੀ ਅਤੇ ਪ੍ਰਵੀਨ ਅਬਰੋਲ ਤੇ ਸੁਰਜੀਤ ਸੁਮਨ ਨੇ ਵੀ ਪੁਸਤਕਾਂ ਦੇ ਵਿਸ਼ੇ ਪੱਖ ਨੂੰ ਲੈ ਕੇ ਕਹਾਣੀਆਂ ਵਿੱਚ ਵਾਤਾਵਰਨ ਪ੍ਰਦੂਸ਼ਣ, ਪਾਣੀ ਦੀ ਮਹੱਤਤਾ ਪ੍ਰਤੀ ਬੱਚਿਆ ਨੂੰ ਸੁਚੇਤ ਕੀਤਾ ਗਿਆ ਹੈ। ਗੁਰਚਰਨ ਕੌਰ ਕੋਚਰ ਨੇ ਬਾਲ ਕਹਾਣੀਆਂ ਦਾ ਗਹਿਰਾ ਅਧਿਐਨ ਪੇਸ਼ ਕੀਤਾ। ਜਤਿੰਦਰਜੀਤ ਸਿੰਘ ਰੰਧਾਵਾ ਨੇ ਆਸ ਪ੍ਰਗਟਾਈ ਕਿ ਲੇਖਿਕਾ ਉਹ ਭਵਿੱਖ ਵਿੱਚ ਸੇਧਮਈ ਸਾਹਿਤ ਲਿਖ ਕੇ ਆਪਣਾ ਯੋਗਦਾਨ ਪਾਵੇ। ਨਾਵਲਕਾਰ ਪਰਗਟ ਸਿੰਘ ਸਿੱਧੂ ਨੇ ਕਿਹਾ ਕਿ ਬੀਟਾ ਕਹਾਣੀ ਦੇ ਖੇਤਰ ਵਿਚ ਕਾਫੀ ਦੇਰ ਤੋਂ ਸਰਗਰਮ ਹੈ।
ਕਾਵਿ ਸੰਗ੍ਰਹਿ ‘ਟਾਹਲੀਆਂ ਦੀ ਛਾਵੇਂ’ ਲੋਕ ਅਰਪਣ
ਰਈਆ (ਦਵਿੰਦਰ ਸਿੰਘ): ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਅੰਮ੍ਰਿਤ ਏ.ਸੀ. ਹਾਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰੀ ਮੈਂਬਰ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਜਸਬੀਰ ਸਿੰਘ ਝਬਾਲ ਮੁੱਖ ਸੰਪਾਦਕ ਸਤਰੰਗੀ ਮੈਗਜ਼ੀਨ, ਜਸਵਿੰਦਰ ਸਿੰਘ ਢਿੱਲੋਂ ਪ੍ਰਧਾਨ ਪੰਜਾਬੀ ਸਾਹਿਤ ਸਭਾ ਤਰਨ ਤਾਰਨ, ਐਡਵੋਕੇਟ ਸ਼ੁਕਰ ਗੁਜ਼ਾਰ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ, ਡਾ. ਕਰਮਜੀਤ ਸਿੰਘ ਪ੍ਰਧਾਨ ਸਾਹਿਤਕ ਪਿੜ ਨਡਾਲਾ, ਦਰਸ਼ਨ ਨੰਦੜਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਕਰਤਾਰਪੁਰ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ ਆਦਿ ਹਾਜ਼ਰ ਸਨ।