ਪ੍ਰਭੂ ਦਿਆਲ
ਸਿਰਸਾ, 3 ਜੂਨ
ਵਿਦੇਸ਼ੀ ਨੰਬਰਾਂ ਤੋਂ ਫੋਨ ਕਾਲ ਜ਼ਰੀਏ ਹਰਿਆਣਾ ਤੇ ਪੰਜਾਬ ’ਚ ਰੇਲਾਂ ਰੋਕਣ ਦੀ ਦਿੱਤੀ ਧਮਕੀ ਮਗਰੋਂ ਪੁਲੀਸ ਨੇ ਰੇਲਵੇ ਸਟੇਸ਼ਨਾਂ ’ਤੇ ਸੁਰੱਖਿਆ ਵਧਾ ਦਿੱਤੀ ਹੈ। ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਪਨੂੰ ਵੱਲੋਂ ਵੀਡੀਓ ਕਾਲ ਦੇ ਜ਼ਰੀਏ ਧਮਕੀ ਦਿੱਤੀ ਗਈ ਸੀ। ਗੁਰਪਤਵੰਤ ਪਨੂੰ ਵੱਲੋਂ ਵੀਡੀਓ ਕਾਲ ਰਾਹੀਂ ਦਿੱਤੀ ਗਈ ਧਮਕੀ ਮਗਰੋਂ ਰੇਲਵੇ ਪੁਲੀਸ ਤੇ ਸਿਵਲ ਲਾਈਨ ਥਾਣਾ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਸਰਚ ਮੁਹਿੰਮ ਚਲਾਈ ਗਈ। ਮੁਸਾਫਰਾਂ ਦੇ ਸਾਮਾਨ ਦੀ ਤਲਾਸ਼ੀ ਲਈ ਗਈ ਤੇ ਉਨ੍ਹਾਂ ਕੋਲੋਂ ਪੁੱਛ ਪੜਤਾਲ ਕੀਤੀ ਗਈ। ਇਸ ਦੌਰਾਨ ਰੇਲਵੇ ਥਾਣਾ ਮੁਖੀ ਓਮ ਪ੍ਰਕਾਸ਼ ਅਤੇ ਸਿਵਲ ਲਾਈਨ ਥਾਣਾ ਇੰਚਾਰਜ ਇੰਸਪੈਕਟਰ ਅਮਿਤ ਬੈਨੀਵਾਲ ਨੇ ਦੱਸਿਆ ਕਿ ਧਮਕੀ ਮਗਰੋਂ ਪੁਲੀਸ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਸਿਰਸਾ ਪੁਲੀਸ ਤੋਂ ਇਲਾਵਾ ਆਰਪੀਐੱਫ ਤੇ ਜੀਆਰਪੀ ਦੇ ਜਵਾਨਾਂ ਨੇ ਸਿਰਸਾ ਤੋਂ ਇਲਾਵਾ ਕਾਲਾਂਵਾਲੀ, ਆਦਮਪੁਰ ਰੇਲਵੇ ਸਟੇਸ਼ਨਾਂ ਉੱਤੇ ਵੀ ਚੌਕਸੀ ਰੱਖੀ।