ਪੱਤਰ ਪ੍ਰੇਰਕ
ਭੁੱਚੋ ਮੰਡੀ, 4 ਜੁਲਾਈ
ਇੱਥੋਂ ਦੇ ਇੱਕ ਨਿੱਜੀ ਬੈਂਕ ਦੇ ਅਧਿਕਾਰੀਆਂ ਵੱਲੋਂ ਕਿਸਾਨ ਦੁਆਰਾ ਗੋਲਡ ਲੋਨ ਸਕੀਮ ਤਹਿਤ ਰੱਖਿਆ ਸੋਨਾ ਵੇਚੇ ਜਾਣ ਅਤੇ ਕਥਿਤ ਤੌਰ ’ਤੇ ਸਮਝੌਤੇ ਤਹਿਤ ਬਣਦਾ ਅਠਾਰਾਂ ਹਜ਼ਾਰ ਰੁਪਏ ਵਾਪਸ ਨਾ ਕਰਨ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਅੱਜ ਬੈਂਕ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟਾਇਆ।
ਇਸ ਮੌਕੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ, ਔਰਤ ਵਿੰਗ ਦੀ ਬਲਾਕ ਆਗੂ ਕਰਮਜੀਤ ਕੌਰ, ਸੁਖਪ੍ਰੀਤ ਕੌਰ, ਚਰਨਜੀਤ ਕੌਰ, ਅਜਮੇਰ ਸਿੰਘ ਅਤੇ ਜੰਗੀਰ ਸਿੰਘ ਨੇ ਕਿਹਾ ਕਿ ਪਿੰਡ ਭੁੱਚੋ ਖੁਰਦ ਦੇ ਕਿਸਾਨ ਬਿੱਕਰ ਸਿੰਘ ਨੇ ਲੱਗਪਗ ਡੇਢ ਸਾਲ ਪਹਿਲਾਂ ਆਈਸੀਆਈਸੀਆਈ ਬੈਂਕ ਤੋਂ ਛੇ ਤੋਲੇ ਸੋਨਾ ਰੱਖ ਕੇ 1,53,000 ਰੁਪਏ ਲੋਨ ਲਿਆ ਸੀ। ਉਸ ਦੀ 10 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਵੀ ਭਰ ਦਿੱਤੀ ਸੀ। ਪਰ ਆਰਥਿਕ ਤੰਗੀ ਕਾਰਨ ਇੱਕ ਸਾਲ ਉਹ ਕਿਸ਼ਤ ਨਹੀਂ ਭਰ ਸਕਿਆ। ਚਾਰ ਮਹੀਨੇ ਪਹਿਲਾਂ ਜਦੋਂ ਉਹ ਬੈਂਕ ਵਿੱਚ 45,000 ਰੁਪਏ ਭਰਨ ਆਇਆ ਤਾਂ ਬੈਂਕ ਅਧਿਕਾਰੀਆਂ ਨੇ ਕਿਹਾ ਕਿ ਉਸ ਦਾ ਸੋਨਾ ਤਾਂ ਵੇਚ ਦਿੱਤਾ ਗਿਆ ਹੈ ਉਹ ਆਪਣੀ ਬਾਕੀ ਬਣਦੀ ਰਕਮ 16,000 ਰੁਪਏ ਵਾਪਸ ਲੈ ਜਾਏ।
ਕਿਸਾਨ ਆਗੂਆਂ ਨੇ ਕਿਹਾ ਕਿ ਬੈਂਕ ਅਧਿਕਾਰੀਆਂ ਨੇ ਕਿਸਾਨ ਬਿੱਕਰ ਸਿੰਘ ਨੂੰ ਬਿਨਾਂ ਕੋਈ ਨੋਟਿਸ ਭੇਜੇ ਹੀ ਸੋਨਾ ਵੇਚ ਦਿੱਤਾ। ਆਗੂਆਂ ਨੇ ਜਦੋਂ ਕਿਸਾਨ ਦਾ ਸੋਨਾ ਵਾਪਸ ਲੈਣ ਦੀ ਜ਼ਿੱਦ ਕੀਤੀ ਤਾਂ ਕਾਫੀ ਕਸ਼ਮਕਸ਼ ਤੋਂ ਬਾਅਦ ਬੈਂਕ ਅਧਿਕਾਰੀਆਂ ਨੇ 50 ਹਜ਼ਾਰ ਰੁਪਏ ਵਿੱਚ ਸਮਝੌਤਾ ਕਰਕੇ ਕਿਸਾਨ ਨੂੰ 32 ਹਜ਼ਾਰ ਰੁਪਏ ਦੇ ਦਿੱਤੇ ਅਤੇ 18 ਹਜ਼ਾਰ ਬਾਕੀ ਰਹਿ ਗਏ। ਆਗੂਆਂ ਨੇ ਕਿਹਾ ਕਿ ਅੱਜ ਮੈਨੇਜਰ ਨੇ 18 ਹਜ਼ਾਰ ਰੁਪਏ ਦੇਣ ਤੋਂ ਸਾਫ ਜਵਾਬ ਦੇ ਦਿੱਤਾ। ਇਸ ਦੇ ਵਿਰੋਧ ਵਿੱਚ 7 ਜੁਲਾਈ ਨੂੰ ਕਿਸਾਨਾਂ ਵੱਲੋਂ ਬੈਂਕ ਅੱਗੇ ਧਰਨਾ ਦਿੱਤਾ ਜਾਵੇਗਾ।
ਉਧਰ, ਇਸ ਸਬੰਧੀ ਪੱਖ ਜਾਣਨ ਲਈ ਜਦੋਂ ਬੈਂਕ ਮੈਨੇਜਰ ਰਾਕੇਸ਼ ਆਹੂਜਾ ਨੂੰ ਫੋਨ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਬੈਂਕ ਅਧਿਕਾਰੀ ਜਗਸੀਰ ਸਿੰਘ ਨੇ ਕਿਹਾ ਕਿ ਕਿਸਾਨ ਬਿੱਕਰ ਸਿੰਘ ਨੂੰ ਸੋਨਾ ਵੇਚਣ ਤੋਂ ਪਹਿਲਾਂ ਦੋ ਨੋਟਿਸ ਭੇਜੇ ਗਏ ਸਨ। ਉਸ ਦੇ ਬੈਂਕ ਦੀ ਸਟੇਟਮੈਂਟ ਅਨੁਸਾਰ 16 ਹਜ਼ਾਰ ਰੁਪਏ ਬਣਦੇ ਸਨ, ਪਰ ਰੌਲਾ ਮੁਕਾਉਣ ਲਈ ਉਸ ਨੂੰ 32 ਹਜ਼ਾਰ ਰੁਪਏ ਦੇ ਦਿੱਤੇ ਗਏ। ਉਨ੍ਹਾਂ ਦੇ ਪਿੰਡ ਦੇ ਇੱਕ ਕਰਜ਼ਦਾਰ ਤੋਂ ਬੈਂਕ ਨੇ 18 ਹਜ਼ਾਰ ਰੁਪਏ ਲੈਣੇ ਸਨ। ਉਨ੍ਹਾਂ ਨੂੰ ਕਹਿ ਦਿੱਤਾ ਗਿਆ ਸੀ ਕਿ ਉਸ ਤੋਂ ਉਹ ਰੁਪਏ ਲੈ ਲੈਣ। ਇਸ ਤਰ੍ਹਾਂ 50 ਹਜ਼ਾਰ ਰੁਪਏ ਪੂਰੇ ਕਰ ਦਿੱਤੇ ਗਏ ਸਨ। ਕਰਜ਼ਦਾਰ ਨੇ 18 ਹਜ਼ਾਰ ਰੁਪਏ ਬਿੱਕਰ ਸਿੰਘ ਨੂੰ ਨਹੀਂ ਦਿੱਤੇ, ਜਿਸ ਕਾਰਨ ਉਹ ਬੈਂਕ ਤੋਂ ਰੁਪਏ ਮੰਗਣ ਪਹੁੰਚ ਗਏ। ਇਸ ਵਿੱਚ ਬੈਂਕ ਦਾ ਕੋਈ ਕਸੂਰ ਨਹੀਂ ਹੈ।