ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਬਾਜ਼ਾਰ ਸ਼ਹਿਰ ਦੇ ਸਾਰੇ ਬਾਜ਼ਾਰ, ਬੈਂਕ ਮੁਕੰਮਲ ਬੰਦ ਰਹੇ। ਸੈਂਕੜੇ ਕਿਸਾਨਾਂ ਵੱਲੋਂ ਰਾਜਪੁਰਾ-ਸਰਹਿੰਦ ਜੀਟੀ ਰੋਡ ਦੇ ਪਟਿਆਲਾ-ਸਰਹਿੰਦ ਬਾਈਪਾਸ ਵਾਲੇ ਚੌਕ ਵਿੱਚ ਕਿਸਾਨ ਆਗੂਆਂ ਮਾਨ ਸਿੰਘ ਰਾਜਪੁਰਾ, ਹਰਜੀਤ ਸਿੰਘ ਟਹਿਲਪੁਰਾ, ਮਨਜੀਤ ਸਿੰਘ ਘੁੰਮਾਣਾ, ਉਜਾਗਰ ਸਿੰਘ ਖੈਰਪੁਰ, ਜਸਵੰਤ ਸਿੰਘ ਖੇੜੀ ਗੰਡਿਆਂ, ਗੁਰਬਾਜ ਸਿੰਘ ਅਤੇ ਜਗਜੀਤ ਸਿੰਘ ਖਾਲਸਾ ਦੀ ਸਾਂਝੀ ਅਗਵਾਈ ਵਿੱਚ ਸੜਕੀ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ। ਇਸੇ ਦੌਰਾਨ ਰਾਜਪੁਰਾ-ਚੰਡੀਗੜ੍ਹ ਰੋਡ ’ਤੇ ਪਿੰਡ ਜਨਸੂਆ ਰੋਡ ’ਤੇ ਕਿਸਾਨਾਂ ਵੱਲੋਂ ਸੜਕੀ ਆਵਾਜਾਈ ਠੱਪ ਕਰ ਕੇ ਰੋਸ ਧਰਨਾ ਦਿੱਤਾ ਗਿਆ।