ਜਗਮੋਹਨ ਸਿੰਘ
ਰੂਪਨਗਰ, 18 ਜਨਵਰੀ
ਸੂਬੇ ਵਿੱਚ ਆਉਣ ਵਾਲੀ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਚੋਣਾਂ ਦੌਰਾਨ ਰੂਪਨਗਰ ਜ਼ਿਲ੍ਹੇ ਅੰਦਰ ਕਾਂਗਰਸ ਪਾਰਟੀ ਦੇ ਤਿੰਨ ਮਹਾਰਥੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਨ੍ਹਾਂ ਵਿੱਚੋਂ ਹਲਕਾ ਚਮਕੌਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਵਿਧਾਇਕ ਦਾ ਸਫਰ ਸ਼ੁਰੂ ਕਰਕੇ ਤਿੰਨ ਵਾਰੀ ਚੋਣ ਜਿੱਤਣ ਮਗਰੋਂ ਮੁੱਖ ਮੰਤਰੀ ਦੇ ਅਹੁਦੇ ਤੱਕ ਪੁੱਜੇ ਚਰਨਜੀਤ ਸਿੰਘ ਚੰਨੀ ਚੌਥੀ ਵਾਰੀ ਫਿਰ ਮੈਦਾਨ ਵਿੱਚ ਉੱਤਰੇ ਹਨ।
ਦੂਜੇ ਪਾਸੇ ਰਾਣਾ ਕੇਪੀ ਹਲਕਾ ਸ੍ਰੀ ਆਨੰਦਪੁਰ ਤੋਂ ਪਹਿਲੀ ਵਾਰੀ ਚੋਣ ਹਾਰ ਗਏ ਸਨ ਤੇ ਦੂਜੀ ਵਾਰ ਚੋਣ ਜਿੱਤ ਕੇ ਸਪੀਕਰ ਬਣੇ ਹਨ। ਵਿਧਾਨ ਸਭਾ ਹਲਕਾ ਰੂਪਨਗਰ ਦੀ ਚੋਣ ਲੜ ਰਹੇ ਬਰਿੰਦਰ ਸਿੰਘ ਢਿੱਲੋਂ 2012 ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਟਿਕਟ ਹਾਸਲ ਕਰਕੇ ਮੈਦਾਨ ਵਿੱਚ ਉੱਤਰੇ ਸਨ। ਉਸ ਸਮੇਂ ਟਿਕਟ ਲਈ ਜ਼ੋਰ ਅਜ਼ਮਾਈ ਕਰ ਚੁੱਕੇ ਸਥਾਨਕ ਉਮੀਦਵਾਰਾਂ ਨੇ ਉਨ੍ਹਾਂ ਦਾ ਡਟ ਕੇ ਵਿਰੋਧ ਕੀਤਾ, ਜਿਸ ਕਾਰਨ ਇੱਥੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਾਜ਼ੀ ਮਾਰਨ ਵਿੱਚ ਸਫਲ ਹੋ ਗਿਆ ਸੀ। ਚੋਣਾਂ ਹਾਰਨ ਤੋਂ ਬਾਅਦ ਵੀ ਢਿੱਲੋਂ ਦਾ ਆਪਣਿਆਂ ਵੱਲੋਂ ਵਿਰੋਧ ਜਾਰੀ ਰੱਖਣ ਦੇ ਬਾਵਜੂਦ ਉਹ ਪਹਿਲਾਂ ਜ਼ਿਲ੍ਹਾ ਰੂਪਨਗਰ ਕਾਂਗਰਸ ਦੇ ਪ੍ਰਧਾਨ ਅਤੇ ਬਾਅਦ ਵਿੱਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਣਨ ਵਿੱਚ ਸਫਲ ਰਹੇ। ਹੁਣ ਉਹ ਕਾਂਗਰਸ ਹਾਈਕਮਾਂਡ ਵੱਲੋਂ ਜਾਰੀ ਪਹਿਲੀ ਸੂਚੀ ਵਿੱਚ ਹੀ ਆਪਣੀ ਟਿਕਟ ਹਾਸਲ ਕਰਨ ਵਿੱਚ ਸਫਲ ਹੋ ਗਏ ਹਨ।
ਉਨ੍ਹਾਂ ਅੱਜ ਵੱਖ ਵੱਖ ਧਾਰਮਿਕ ਅਸਥਾਨਾਂ ਵਿੱਚ ਮੱਥਾ ਟੇਕ ਕੇ ਜ਼ੋਰ ਸ਼ੋਰ ਨਾਲ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਮੁੱਖ ਮੰਤਰੀ ਚੰਨੀ ਤੇ ਸਪੀਕਰ ਰਾਣਾ ਕੇ.ਪੀ. ਸਿੰਘ ਪਹਿਲਾਂ ਹੀ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਚੁੱਕੇ ਹਨ। ਉੱਧਰ ਯੂਥ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਰਿੰਦਰ ਸਿੰਘ ਹਰੀਪੁਰ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਢਿੱਲੋਂ ਨੂੰ ਟਿਕਟ ਦਿੱਤੇ ਜਾਣ ਦਾ ਵਿਰੋਧ ਜਤਾਇਆ, ਪਰ ਹਰੀਪੁਰ ਦੇ ਨਾਲ ਟਿਕਟ ਦਾ ਦਾਅਵੇਦਾਰ ਹੋਰ ਕੋਈ ਵੀ ਆਗੂ ਨਜ਼ਰ ਨਹੀਂ ਆਇਆ। ਹੁਣ ਤਿੰਨੋਂ ਹੀ ਆਗੂਆਂ ਲਈ ਆਪੋ ਆਪਣੀ ਸੀਟ ਜਿੱਤਣੀ ਵੱਕਾਰ ਦਾ ਸਵਾਲ ਬਣ ਚੁੱਕੀ ਹੈ।