ਪਰਮਜੀਤ ਸਿੰਘ
ਫਾਜ਼ਿਲਕਾ, 23 ਨਵੰਬਰ
ਆਲ ਇੰਡੀਆ ਆਸ਼ਾ ਵਰਕਰਜ਼ ਯੂਨੀਅਨ ਅਤੇ ਆਸ਼ਾ ਫੈਸੀਲੇਟਰ ਯੂਨੀਅਨ ਪੰਜਾਬ (ਏਟਕ) ਦੇ ਸੱਦੇ ’ਤੇ ਜ਼ਿਲ੍ਹਾ ਫਾਜ਼ਿਲਕਾ ਦੀਆਂ ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲੇਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਸਾਹਮਣੇ ਧਰਨਾ ਲਗਾਕੇ ਅਤੇ ਨਾਅਰੇਬਾਜ਼ੀ ਕੀਤੀ। ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਭੇਜਣ ਲਈ ਡਿਪਟੀ ਕਮਿਸ਼ਨਰ ਦਫ਼ਤਰ ’ਚ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਯੂਨੀਅਨ ਦੀ ਸੀਨੀਅਰ ਮੀਤ ਪ੍ਰਧਾਨ ਦੁਰਗੋ ਬਾਈ, ਜ਼ਿਲ੍ਹਾ ਪ੍ਰਧਾਨ ਸੰਤੋਸ਼ ਰਾਣੀ ਅਤੇ ਜ਼ਿਲ੍ਹਾ ਸਕੱਤਰ ਨੀਲਮ ਰਾਣੀ ਨੇ ਕਿਹਾ ਕਿ ਸਿਹਤ ਵਿਭਾਗ (ਪੰਜਾਬ) ’ਚ 2008 ਤੋਂ ਆਸ਼ਾ ਵਰਕਰਾਂ ਬਿਨਾਂ ਕਿਸੇ ਬੱਝਵੀਂ ਤਨਖਾਹ ਤੋਂ ਨਿਗੂਣੇ ਇਨਸੈਂਟਿਵਾਂ ’ਤੇ ਕੰਮ ਕਰਦੀਆਂ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰਾਂ ਤੋਂ 52 ਤਰ੍ਹਾਂ ਦੇ ਕੰਮ ਕਰਵਾਏ ਜਾਂਦੇ ਹਨ। ਉਨ੍ਹਾਂ ਨੇ ਮੰਗ ਕਰਦਿਆਂ ਕਿਹਾ ਕਿ ਆਸ਼ਾ ਵਰਕਰਾਂ ਨੂੰ 18000 ਰੁਪਏ ਪ੍ਰਤੀ ਮਹੀਨਾ ਬੱਝਵੀਂ ਤਨਖਾਹ ਲਾਗੂ ਕੀਤੀ ਜਾਵੇ ਅਤੇ ਇਨਸੈਂਟਿਵ ਦੁਗਣੇ ਕੀਤੇ ਜਾਣ, ਫੈਸੀਲੇਟਰਾਂ ਨੂੰ 25000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ ਅਤੇ ਜਦੋਂ ਤੱਕ ਉਜਰਤ ਲਾਗੂ ਨਹੀਂ ਕੀਤੀ ਜਾਂਦੀ ਉਦੋਂ ਤੱਕ ਗੁਆਂਢੀ ਸੂਬੇ ਵਾਂਗ ਹਰਿਆਣਾ ਪੈਟਰਨ ਤੁਰੰਤ ਲਾਗੂ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਮੀਤ ਸਕੱਤਰ ਵੀਰਪਾਲ ਕੌਰ, ਪੁਸ਼ਪਾ ਰਾਣੀ, ਸਵਰਣਾ ਰਾਣੀ, ਅਬਿਨਾਸ਼ ਕੌਰ, ਰਜਿੰਦਰ ਕੌਰ, ਕਿਰਨਾ ਰਾਣੀ, ਕਿਰਨਦੀਪ ਖੂਈਖੇੜਾ, ਰੀਤੂ ਬਾਲਾ, ਸੀਮਾ ਰਾਣੀ, ਕ੍ਰਿਸ਼ਨਾ ਖੂਈਖੇੜਾ ਹਾਜ਼ਰ ਸਨ।