ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਜੂਨ
ਪੰਜਾਬ ਦੀਆਂ ਵਿਰੋਧੀ ਪਾਰਟੀਆਂ ਵੱਲੋਂ ਅਮਨ-ਕਾਨੂੰਨ ਦੇ ਮੁੱਦੇ ’ਤੇ ‘ਆਪ’ ਸਰਕਾਰ ਦੀ ਘੇਰਾਬੰਦੀ ਲਈ ਸੱਦੀ ਗਈ ਮੀਟਿੰਗ ਪਹਿਲਾਂ ਹੀ ਪਾਟੋਧਾੜ ਦਾ ਸ਼ਿਕਾਰ ਹੋ ਗਈ ਹੈ। ਵਿਰੋਧੀਆਂ ਦੀ ਇਕਜੁੱਟਤਾ ਸਿਰੇ ਨਾ ਲੱਗਣ ’ਤੇ ਸਰਕਾਰ ਨੇ ਰਾਹਤ ਮਹਿਸੂਸ ਕੀਤੀ ਹੈ ਕਿਉਂਕਿ ਉਹ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਆਪਣੇ ਆਪ ਨੂੰ ਘਿਰੀ ਹੋਈ ਮਹਿਸੂਸ ਕਰ ਰਹੀ ਸੀ। ਜਾਣਕਾਰੀ ਮੁਤਾਬਕ ਹਰੇਕ ਪਾਰਟੀ ਮੀਟਿੰਗ ਦੀ ਅਗਵਾਈ ਕਰਨ ਦੀ ਇੱਛੁਕ ਸੀ ਜਿਸ ਕਾਰਨ ਸਹਿਮਤੀ ਨਹੀਂ ਬਣ ਸਕੀ। ਕਾਂਗਰਸ ਪਾਰਟੀ ਨੇ ਪਹਿਲ ਕਰਦਿਆਂ ਕਿਹਾ ਸੀ ਕਿ ਸੂਬੇ ਵਿਚ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ਨੂੰ ਦੇਖਦਿਆਂ ਸਾਰੀਆਂ ਵਿਰੋਧੀ ਧਿਰਾਂ ਨੂੰ ਇੱਕ ਮੰਚ ’ਤੇ ਇਕੱਠਾ ਹੋਣਾ ਚਾਹੀਦਾ ਹੈ। ਵਿਰੋਧੀ ਪਾਰਟੀਆਂ ਦੀ ਇਹ ਮੀਟਿੰਗ ਅੱਜ ਪੰਜਾਬ ਭਵਨ ਵਿਚ ਦੁਪਹਿਰ ਬਾਅਦ ਤਿੰਨ ਵਜੇ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਸੂਚਨਾ ਆ ਗਈ ਕਿ ਇਹ ਮੀਟਿੰਗ ਨਹੀਂ ਹੋ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰੁਝੇਵਿਆਂ ਕਰਕੇ ਮੀਟਿੰਗ ਮੁਲਤਵੀ ਕੀਤੀ ਗਈ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਉਹ ਇਹ ਮਾਮਲਾ ਪਾਰਟੀ ਦੀ ਕੋਰ ਕਮੇਟੀ ਵਿਚ ਵਿਚਾਰਨਾ ਚਾਹੁੰਦੇ ਹੈ ਅਤੇ ਉਸ ਵਿਚ ਲਏ ਗਏ ਫ਼ੈਸਲੇ ਮੁਤਾਬਕ ਹੀ ਅਗਲੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਅੰਦਰਲੀ ਗੱਲ ਇਹ ਹੈ ਕਿ ਸਾਂਝੇ ਮੰਚ ਨੂੰ ਲੀਡ ਕਰਨ ਦੀ ਵਿਰੋਧੀ ਧਿਰਾਂ ’ਚ ਲੜਾਈ ਹੈ। ਕੋਈ ਵੀ ਪਾਰਟੀ ਇਹ ਨਹੀਂ ਚਾਹੁੰਦੀ ਕਿ ਇਸ ਸਾਂਝੇ ਮੰਚ ਦਾ ਕਿਸੇ ਹੋਰ ਧਿਰ ਨੂੰ ਸਿਆਸੀ ਲਾਹਾ ਮਿਲੇ। ਵਿਰੋਧੀ ਮੰਚ ਬਣਨ ਦਾ ਮਾਮਲਾ ਫ਼ਿਲਹਾਲ ਟਲ ਗਿਆ ਹੈ ਪ੍ਰੰਤੂ ਜੇ ਇਹ ਮੰਚ ਜੁੜ ਜਾਂਦਾ ਤਾਂ ‘ਆਪ’ ਸਰਕਾਰ ਲਈ ਉਹ ਚੁਣੌਤੀ ਖੜ੍ਹੀ ਕਰ ਸਕਦਾ ਸੀ। ਇਸੇ ਮਹੀਨੇ ‘ਆਪ’ ਸਰਕਾਰ ਦਾ ਪਹਿਲਾ ਬਜਟ ਸੈਸ਼ਨ ਵੀ ਆ ਰਿਹਾ ਹੈ। ਵਿਰੋਧੀ ਦਲਾਂ ਵਿਚ ਇਕਸੁਰਤਾ ਬਣਦੀ ਤਾਂ ਵਿਧਾਨ ਸਭਾ ਵਿਚ ਵੀ ਸਰਕਾਰ ਲਈ ਮੁਸ਼ਕਲ ਖੜ੍ਹੀ ਹੋ ਸਕਦੀ ਸੀ। ਕਾਂਗਰਸ ਤਰਫ਼ੋਂ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਬਸਪਾ ਤੋਂ ਇਲਾਵਾ ਸਾਰੀਆਂ ਕਮਿਊਨਿਸਟ ਧਿਰਾਂ ਆਦਿ ਨੂੰ ਵੀ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ। ਇਹ ਪਤਾ ਨਹੀਂ ਲੱਗ ਸਕਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੂੰ ਮੀਟਿੰਗ ਵਾਸਤੇ ਸੱਦਿਆ ਗਿਆ ਸੀ ਜਾਂ ਨਹੀਂ।