ਸ਼ੁੱਕਰਵਾਰ ਪਟਿਆਲਾ ’ਚ ਦੋ ਧੜਿਆਂ ਵਿਚਕਾਰ ਟਕਰਾਅ ਦੌਰਾਨ ਪੁਲੀਸ ਨੇ ਹਵਾ ’ਚ ਗੋਲੀ ਚਲਾਈ ਅਤੇ ਕਰਫਿਊ ਲਗਾਉਣਾ ਪਿਆ। ਇਕ ਨੌਜਵਾਨ ਦੇ ਗੋਲੀ ਲੱਗੀ ਅਤੇ ਪੁਲੀਸ ਕਰਮਚਾਰੀਆਂ ਸਮੇਤ ਹੋਰ ਕਈ ਜ਼ਖ਼ਮੀ ਹੋਏ। ਪੰਜਾਬ ਸਰਕਾਰ ਨੇ ਪਟਿਆਲਾ ਰੇਂਜ ਦੇ ਇੰਸਪੈਕਟਰ ਜਨਰਲ, ਜ਼ਿਲ੍ਹਾ ਪੁਲੀਸ ਮੁਖੀ (ਐੱਸਐੱਸਪੀ) ਅਤੇ ਐੱਸਪੀ (ਸਿਟੀ) ਨੂੰ ਬਦਲ ਦਿੱਤਾ ਹੈ। ਖ਼ਬਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਧੜਿਆਂ ਵਿਚਕਾਰ ਤਣਾਅ ਕਈ ਦਿਨਾਂ ਤੋਂ ਵਧ ਰਿਹਾ ਸੀ ਅੇ ਪੁਲੀਸ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਸੀ। ਇਹ ਵੀ ਸਪੱਸ਼ਟ ਹੈ ਕਿ ਉਨ੍ਹਾਂ ਮੁੱਦਿਆਂ ’ਤੇ ਤਣਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਦਾ ਪੰਜਾਬ ਦੇ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਅਤੇ ਨਾ ਹੀ ਲੋਕਾਂ ਦੇ ਮਨਾਂ ਵਿਚ ਉਨ੍ਹਾਂ ਬਾਰੇ ਕੋਈ ਕਸ਼ਮਕਸ਼ ਹੈ। ਪੰਜਾਬ ਵਿਚ ਕੋਈ ਸਿਆਸੀ ਧਿਰ ਖਾਲਿਸਤਾਨ ਦੀ ਹਮਾਇਤ ਨਹੀਂ ਕਰਦੀ। ਕਿਸੇ ਵਿਦੇਸ਼ੀ ਬੰਦੇ ਵਿਰੁੱਧ ‘ਖਾਲਿਸਤਾਨ ਮੁਰਦਾਬਾਦ’ ਮਾਰਚ ਕੱਢਣਾ ਅਜਿਹੇ ਮੁੱਦੇ ਨੂੰ ਲੋਕਾਂ ਦੇ ਧਿਆਨ ਵਿਚ ਲਿਆਉਣ ਦੀ ਕੋਸ਼ਿਸ਼ ਹੈ ਜਿਸ ਨੂੰ ਉਨ੍ਹਾਂ ਨੇ ਪਹਿਲਾਂ ਹੀ ਅਸਵੀਕਾਰ ਕਰ ਦਿੱਤਾ ਹੈ।
ਹਿੰਦੂ ਤੇ ਸਿੱਖ ਭਾਈਚਾਰਿਆਂ ’ਚ ਸਦੀਆਂ ਤੋਂ ਭਾਈਚਾਰਕ, ਸਭਿਆਚਾਰਕ ਤੇ ਸਮਾਜਿਕ ਸਾਂਝਾਂ ਹਨ। ਇਹ ਸਾਂਝ ਗੁਰੂ ਨਾਨਕ ਦੇਵ ਜੀ ਅਤੇ ਸਿੱਖ ਗੁਰੂਆਂ ਦੇ ਸਮਿਆਂ ’ਚ ਹੋਰ ਵਧੀ। ਲੱਖਾਂ ਹਿੰਦੂਆਂ ਨੇ ਸਿੱਖ ਧਰਮ ਅਪਣਾਇਆ ਤੇ ਵੱਡੀ ਗਿਣਤੀ ਵਿਚ ਹਿੰਦੂ ਸਿੰਧ, ਪੰਜਾਬ, ਅਫ਼ਗਾਨਿਸਤਾਨ, ਹਰਿਆਣਾ, ਦਿੱਲੀ, ਰਾਜਸਥਾਨ, ਕਰਨਾਟਕ, ਮਹਾਰਾਸ਼ਟਰ, ਬਿਹਾਰ, ਉੱਤਰ ਪ੍ਰਦੇਸ਼, ਉੜੀਸਾ, ਤਿਲੰਗਾਨਾ ਤੇ ਹੋਰ ਪ੍ਰਾਂਤਾਂ ’ਚ ਨਾਨਕਪੰਥੀ ਸੰਪਰਦਾਵਾਂ ਨਾਲ ਜੁੜੇ। ਗੁਰਦੁਆਰਿਆਂ ਦੇ ਦਰ ਸਿੱਖਾਂ ਦੇ ਨਾਲ ਨਾਲ ਹਿੰਦੂਆਂ, ਮੁਸਲਮਾਨਾਂ, ਈਸਾਈਆਂ ਤੇ ਹੋਰ ਸਭ ਧਰਮਾਂ ਦੇ ਲੋਕਾਂ ਲਈ ਵੀ ਖੁੱਲ੍ਹੇ ਹਨ। ਵੱਡੀ ਗਿਣਤੀ ’ਚ ਹਿੰਦੂ ਤੇ ਮੁਸਲਮਾਨ ਗੁਰਦੁਆਰਿਆਂ ’ਚ ਹਾਜ਼ਰੀ ਭਰਦੇ ਹਨ। ਵੰਡ ਤੋਂ ਬਾਅਦ ਚੜ੍ਹਦੇ ਪੰਜਾਬ ’ਚ ਮਾਂ ਬੋਲੀ ਦੇ ਸਵਾਲ ਉੱਠੇ ਅਤੇ 1980ਵਿਆਂ ’ਚ ਹਿੰਦੂ ਤੇ ਸਿੱਖ ਭਾਈਚਾਰਿਆਂ ’ਚ ਕੁਝ ਕੁੜੱਤਣ ਪੈਦਾ ਹੋਈ ਪਰ ਇਸ ਦੇ ਬਾਵਜੂਦ ਦੋਵਾਂ ਭਾਈਚਾਰਿਆਂ ਵਿਚਕਾਰ ਕਦੇ ਫ਼ਿਰਕੂ ਦੰਗੇ ਨਹੀਂ ਹੋਏ। ਦੋਵਾਂ ਭਾਈਚਾਰਿਆਂ ਵਿਚ ਸਮਾਜਿਕ ਏਕਤਾ ਤੇ ਸਾਂਝਾਂ ਦਾ ਸੰਸਾਰ ਇੰਨਾ ਵਿਆਪਕ ਹੈ ਕਿ ਜੇ ਭੜਕਾਊ ਤੱਤ ਦਖ਼ਲ ਨਾ ਦੇਣ ਤਾਂ ਇਹ ਆਪਣੇ ਆਪ ਵਿਚ ਮੌਲਦਾ ਤੇ ਸਾਂਝਾਂ ਨੂੰ ਵਧਾਉਂਦਾ ਰਹਿੰਦਾ ਹੈ।
ਪ੍ਰਮੁੱਖ ਪ੍ਰਸ਼ਨ ਹੈ ਕਿ ਉਹ ਭੜਕਾਊ ਤੱਤ ਕਿਹੜੇ ਹਨ ਜਿਹੜੇ ਭਾਈਚਾਰਕ ਸਾਂਝ ’ਚ ਖਲਲ ਪਾਉਣਾ ਚਾਹੁੰਦੇ ਹਨ; ਉਨ੍ਹਾਂ ਨੂੰ ਕਿਹੜੀਆਂ ਤਾਕਤਾਂ ਦੀ ਸਰਪ੍ਰਸਤੀ ਹਾਸਿਲ ਹੈ? ਉਨ੍ਹਾਂ ਨੂੰ ਪੁਲੀਸ ਸੁਰੱਖਿਆ ਕਿਉਂ ਤੇ ਕਿਵੇਂ ਮਿਲਦੀ ਹੈ? ਕੀ ਇਹ ਸੋਚੀ ਸਮਝੀ ਸਾਜ਼ਿਸ਼ ਹੈ ਜਾਂ ਕੁਝ ਤੱਤ ਇਹ ਨੀਤੀ ਵਰਤਦੇ ਹਨ ਕਿ ਭੜਕਾਊ ਬਿਆਨ ਦੇ ਕੇ ਪਹਿਲਾਂ ਸਮਾਜਿਕ ਤਣਾਅ ਵਧਾਇਆ ਜਾਵੇ, ਫਿਰ ਪੁਲੀਸ ਸੁਰੱਖਿਆ ਹਾਸਿਲ ਕੀਤੀ ਜਾਵੇ ਅਤੇ ਫਿਰ ਪੁਲੀਸ ਸੁਰੱਖਿਆ ਦੇ ਸਿਰ ’ਤੇ ਗੁੰਡਾਗਰਦੀ ਕਰਨ ਦੇ ਨਾਲ ਨਾਲ ਭੜਕਾਊ ਬਿਆਨ ਦਿੱਤੇ ਜਾਣ। ਪੰਜਾਬ ਨੇ ਹੁਣੇ ਹੁਣੇ ਆਮ ਆਦਮੀ ਪਾਰਟੀ ਦੇ ਹੱਕ ’ਚ ਵੋਟਾਂ ਪਾਈਆਂ ਹਨ। ਚੋਣਾਂ ਵਿਚ ਪੰਜਾਬੀਆਂ ਨੇ ਵੋਟਾਂ ਧਰਮ, ਜਾਤ ਤੇ ਹੋਰ ਸਥਾਨਕ ਪਛਾਣਾਂ ਤੋਂ ਉੱਪਰ ਉੱਠ ਕੇ ਪਾਈਆਂ; ਉਨ੍ਹਾਂ ਨੇ ਸਥਾਪਿਤ ਸਿਆਸੀ ਧਿਰਾਂ ਪ੍ਰਤੀ ਆਪਣਾ ਗੁੱਸਾ ਤੇ ਰੋਹ ਜ਼ਾਹਿਰ ਕੀਤਾ। ਪੰਜਾਬ ਦਾ ਮਿਜ਼ਾਜ ਧਾਰਮਿਕ ਕੱਟੜਤਾ ਵਾਲਾ ਨਹੀਂ ਹੈ। ਸਾਂਝੇ ਪੰਜਾਬ ਨੇ ਮੁਸਲਿਮ ਲੀਗ ਨੂੰ ਵੀ ਹਰਾਇਆ ਸੀ; ਪੰਜਾਬ ਦੀ ਵੰਡ ਸਿਆਸੀ ਪਾਰਟੀਆਂ ਤੇ ਕੱਟੜਪੰਥੀ ਜਥੇਬੰਦੀਆਂ ਕਾਰਨ ਹੋਈ। ਪੰਜਾਬ ’ਚ ਸਿੱਖ ਗੁਰੂਆਂ, ਭਗਤੀ ਲਹਿਰ ਦੇ ਸੰਤਾਂ ਅਤੇ ਸੂਫ਼ੀਆਂ ਵੱਲੋਂ ਸੰਚਾਰਿਤ ਕੀਤੀ ਸਾਂਝੀਵਾਲਤਾ ਦੀ ਭਾਵਨਾ ਦੀਆਂ ਜੜ੍ਹਾਂ ਏਨੀਆਂ ਡੂੰਘੀਆਂ ਹਨ ਕਿ ਵਕਤੀ ਤੌਰ ’ਤੇ ਡਾਵਾਂਡੋਲ ਹੋਣ ਦੇ ਬਾਵਜੂਦ ਪੰਜਾਬੀ ਸਮਾਜ ਸਹਿਜ ਰੂਪ ਵਿਚ ਸਾਂਝੀਵਾਲਤਾ, ਸਮਾਜਿਕ ਏਕਤਾ ਤੇ ਸਮਤਾ ਦਾ ਮੁਦਈ ਹੈ। ਪੰਜਾਬੀ ਸਮਾਜ ਦੀਆਂ ਸਾਂਝੀਵਾਲਤਾ ਦੀਆਂ ਰਵਾਇਤਾਂ ’ਤੇ ਟੇਕ ਰੱਖਣ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਪੁਲੀਸ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿਖਾਈ ਅਣਗਹਿਲੀ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ। ਘਟਨਾਕ੍ਰਮ ਦੱਸਦਾ ਹੈ ਕਿ ਜੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਸਮੇਂ ਸਿਰ ਸਹੀ ਕਦਮ ਚੁੱਕਦੇ ਤਾਂ ਅਜਿਹੀਆਂ ਦੁਖਦਾਈ ਘਟਨਾਵਾਂ ਵਾਪਰ ਹੀ ਨਹੀਂ ਸਨ ਸਕਦੀਆਂ। ਅਸਮਾਜਿਕ ਤੱਤਾਂ ਨੂੰ ਸਰਕਾਰੀ ਸੁਰੱਖਿਆ ਦੇਣ ਦੇ ਵਿਸ਼ੇ ’ਤੇ ਵੀ ਵਿਚਾਰ ਹੋਣਾ ਚਾਹੀਦਾ ਹੈ।