ਪ੍ਰੋ. ਸੁਹਿੰਦਰ ਬੀਰ
ਸ਼ਸ਼ੀ ਸਮੁੰਦਰਾ ਨੂੰ ਕਿਸੇ ਇਕ ਸੀਮਤ ਦਾਇਰੇ ਵਿਚ ਰੱਖ ਕੇ ਪੜ੍ਹਨਾ-ਵਿਚਾਰਨਾ ਭੁੱਲ ਹੋਵੇਗਾ। ਉਹ ਕਿਸੇ ਇਕ ਵਾਦ ਦੀ ਵਲਗਣ ਵਿਚ ਨਹੀਂ ਬੱਝਦੀ। ਪਹਿਲੀ ਝਾਤੇ ਰੁਮਾਂਸਵਾਦ, ਨਾਰੀਵਾਦ, ਪ੍ਰਕਿਰਤੀਵਾਦ ਆਦਿ ਨਾਲ ਉਸ ਦਾ ਪੱਕਾ ਨਾਤਾ ਮਹਿਸੂਸ ਹੁੰਦਾ ਹੈ ਅਤੇ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ ਆਦਿ ਕਵੀਆਂ ਦਾ ਉਸ ਦੀ ਰਚਨਾ ਉੱਪਰ ਪ੍ਰਭਾਵ ਪ੍ਰਤੀਤ ਹੁੰਦਾ ਹੈ, ਪਰ ਅਸਲ ਵਿਚ ਸ਼ਸ਼ੀ ਨੇ ਇਨ੍ਹਾਂ ਸਾਰਿਆਂ ਪ੍ਰਭਾਵਾਂ ਨੂੰ ਏਨੇ ਸਹਿਜ ਨਾਲ ਆਪਣੇ ਅਵਚੇਤਨ ਵਿਚ ਵਸਾ ਲਿਆ ਹੈ ਕਿ ਉਹ ਖ਼ੁਦ ਹੀ ਸੁਤੰਤਰਤਾ, ਮਾਨਵਵਾਦ, ਮਨੁੱਖ ਅਤੇ ਪ੍ਰਕਿਰਤੀ ਦੀਆਂ ਸਾਰੀਆਂ ਵਸਤਾਂ ਦੇ ਉਜਲੇ ਭਵਿੱਖ ਦੀ ਕਾਮਨਾ ਕਰਦੀ ਹੈ।
ਸ਼ਸ਼ੀ ਸਮੁੰਦਰਾ ਅਮਰੀਕੀ ਪੰਜਾਬੀ ਕਵਿਤਾ ਦੇ ਖੇਤਰ ਵਿਚ ਇਕ ਚਰਚਿਤ ਨਾਮ ਹੈ। 1971 ਵਿਚ ਉਸਨੇ ਅਮਰੀਕਾ ਵਿਖੇ ਪਰਵਾਸ ਧਾਰਨ ਕੀਤਾ। ਹੁਣ ਤਕ ਉਸਨੇ ਦੋ ਕਾਵਿ-ਸੰਗ੍ਰਹਿ ‘ਬੋਗਨਵਿਲਾ ਦੇ ਵਸਤਰ’ (1992) ਅਤੇ ‘ਮੇਰੇ ਮਨ ਦੀ ਕੋਇਲ’ (2011) ਪ੍ਰਕਾਸ਼ਿਤ ਕਰਵਾਏ ਹਨ। ਇਨ੍ਹਾਂ ਦੋਹਾਂ ਕਾਵਿ-ਸੰਗ੍ਰਹਿਆਂ ਨੂੰ ਵਾਚਣ ਦੇ ਨਾਲ ਨਾਲ ਪਿਛਲੇ ਚਾਲੀ ਸਾਲਾਂ ਦਾ ਇਤਿਹਾਸ ਅਤੇ ਸ਼ਸ਼ੀ ਦੇ ਪੰਜਾਬੀ ਅਤੇ ਪਰਵਾਸੀ ਅਨੁਭਵ ਨੂੰ ਧਿਆਨ ਵਿਚ ਰੱਖਿਆ ਜਾਵੇ ਤਾਂ ਜਿਹੜੀਆਂ ਦੋ ਮੁੱਖ ਧਾਰਨਾਵਾਂ ਸਾਹਮਣੇ ਆਉਂਦੀਆਂ ਹਨ, ਉਨ੍ਹਾਂ ਵਿਚ ਪਹਿਲੀ ਇਹ ਹੈ ਕਿ ਸ਼ਸ਼ੀ ਨੂੰ ਕਿਸੇ ਇਕ ਸੀਮਤ ਦਾਇਰੇ ਵਿਚ ਰੱਖ ਕੇ ਪੜ੍ਹਨਾ-ਵਿਚਾਰਨਾ ਭੁੱਲ ਹੋਵੇਗਾ। ਉਹ ਕਿਸੇ ਇਕ ਵਾਦ ਦੀ ਵਲਗਣ ਵਿਚ ਨਹੀਂ ਬੱਝਦੀ। ਪਹਿਲੀ ਝਾਤੇ ਰੁਮਾਂਸਵਾਦ, ਨਾਰੀਵਾਦ, ਪ੍ਰਕਿਰਤੀਵਾਦ ਆਦਿ ਨਾਲ ਉਸ ਦਾ ਪੱਕਾ ਨਾਤਾ ਮਹਿਸੂਸ ਹੁੰਦਾ ਹੈ ਅਤੇ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ ਆਦਿ ਕਵੀਆਂ ਦਾ ਉਸ ਦੀ ਰਚਨਾ ਉੱਪਰ ਪ੍ਰਭਾਵ ਪ੍ਰਤੀਤ ਹੁੰਦਾ ਹੈ, ਪਰ ਅਸਲ ਵਿਚ ਸ਼ਸ਼ੀ ਨੇ ਇਨ੍ਹਾਂ ਸਾਰਿਆਂ ਪ੍ਰਭਾਵਾਂ ਨੂੰ ਏਨੇ ਸਹਿਜ ਨਾਲ ਆਪਣੇ ਅਵਚੇਤਨ ਵਿਚ ਵਸਾ ਲਿਆ ਹੈ ਕਿ ਉਹ ਖ਼ੁਦ ਹੀ ਸੁਤੰਤਰਤਾ, ਮਾਨਵਵਾਦ, ਮਨੁੱਖ ਅਤੇ ਪ੍ਰਕਿਰਤੀ ਦੀਆਂ ਸਾਰੀਆਂ ਵਸਤਾਂ ਦੇ ਉਜਲੇ ਭਵਿੱਖ ਦੀ ਕਾਮਨਾ ਕਰਦੀ ਹੈ। ਕਾਵਿ ਸਿਧਾਂਤ ਬਾਰੇ ਆਪਣੇ ਬੋਲ ਪ੍ਰਗਟ ਕਰਦਿਆਂ ਉਸ ਨੇ ਆਪਣੀ ਸਿਰਜਨਾਤਮਕਤਾ ਨੂੰ ‘ਮੇਰੇ ਮਨ ਦੀ ਕੋਇਲ’ ਦੇ ਰੂਪ ਵਿਚ ਬੰਨ੍ਹਿਆ ਹੈ। ਸੁਚੇਤ ਤੌਰ ’ਤੇ ਉਹ ਇਸ ਕੋਇਲ ਨੂੰ ਬਾਹਰ ਵਾਚਦੀ ਹੈ, ਪਰ ਅਚੇਤ ਤੌਰ ’ਤੇ ਉਹ ਉਸਦੇ ਮਨ ਵਿਚ ਵੱਸੀ ਹੋਈ ਹੈ। ਮੈਨੂੰ ਉਸ ਦੀਆਂ ਕੁਝ ਕਵਿਤਾਵਾਂ ਵਿਚ ਮਨੁੱਖੀ ਪ੍ਰਕਿਰਤੀ ਅਤੇ ਸਮਾਜ ਦੀ ਨੈਤਿਕ ਪ੍ਰਕਿਰਤੀ ਵਿਚ ਵਿਰੋਧ ਉਸਰਦਾ ਨਜ਼ਰ ਆਇਆ ਹੈ। ਇਹ ਵਿਰੋਧ ਪ੍ਰੋ-ਚੋਇਸ ਅਤੇ ਪ੍ਰੋ-ਲਾਈਫ ਦਾ ਵੀ ਹੈ। ਇਸਨੂੰ ਅਸੀਂ ਕਵਿਤ੍ਰੀ ਦਾ ਰੁਮਾਨੀ ਅੰਦਾਜ਼ ਵੀ ਕਹਿ ਸਕਦੇ ਹਾਂ:
ਮੇਰੇ ਸੁਪਨਿਆਂ ਦੇ ਹਮਸਫ਼ਰ
ਅੱਖ ਖੁੱਲ੍ਹਦੇ ਹੀ ਕਿੱਥੇ ਚਲੇ ਜਾਂਦਾ ਹੈ ਤੂੰ?
ਮੈਂ ਜਾਗਦੀਆਂ ਅੱਖਾਂ ਨਾਲ ਲੱਭਦੀ ਰਹਿੰਦੀ ਹਾਂ ਤੈਨੂੰ
ਵੀਰਾਨ ਪਗਡੰਡੀਆਂ ’ਤੇ/ ਚੌਰਾਹਿਆਂ ’ਤੇ/ਬਾਗ਼ਾਂ ਵਿਚ
ਬਾਜ਼ਾਰਾਂ ਵਿਚ/ਤਾਰਿਆਂ ਵਿਚ/ ਚੰਨ ਦੀਆਂ ਠੰਢੀਆਂ ਰਿਸ਼ਮਾਂ ਵਿਚ
ਤੇ ਪ੍ਰਭਾਤ ਦੀ ਲਾਲੀ ਵਿਚ
ਤੈਨੂੰ ਤਲਾਸ਼ਦੀ ਥੱਕ ਕੇ ਸੌ ਜਾਂਦੀ ਹਾਂ ਜਦ
ਤੂੰ ਇਕ ਭੰਵਰੇ ਦੀ ਤਰ੍ਹਾਂ
ਗੁਣਗਣਾਉਂਦਾ, ਮੁਸਕਰਾਉਂਦਾ ਆਉਂਦਾ ਹੈਂ ਤੂੰ
ਮੇਰੇ ਸੁਪਨਿਆਂ ਦੇ ਹਮਸਫ਼ਰ!
ਸਮਾਜਿਕ ਜੀਵਨ ਦਾ ਸਾਰਾ ਵਿਹਾਰ ਮਨੁੱਖ ਦੇ ਆਪਣੇ ਹੱਥ ਵਿਚ ਨਹੀਂ ਹੈ। ਸਮੇਂ ਦੀ ਇਤਿਹਾਸਕ ਚੇਤਨਾ ਮਨੁੱਖ ਨੂੰ ਗਿਆਨ ਦੇ ਜਿਸ ਦਾਇਰੇ ਉੱਪਰ ਪਹੁੰਚਾ ਦਿੰਦੀ ਹੈ, ਮਨੁੱਖ ਆਪਣੀ ਜ਼ਿੰਦਗੀ ਨੂੰ ਉਸੇ ਤਰ੍ਹਾਂ ਹੀ ਸੋਚਣ ਲੱਗ ਪੈਂਦਾ ਹੈ। ਸਮੇਂ ਨਾਲ ਮਨੁੱਖ ਨੂੰ ਆਪਣੀ ਸੋਚ ਵੀ ਬਦਲਣੀ ਪੈਂਦੀ ਹੈ। ਸਮਾਂ ਬਹੁਤ ਬਲਵਾਨ ਹੁੰਦਾ ਹੈ; ਇਨਸਾਨ ਨੂੰ ਇਸ ਦੇ ਵਹਾਅ ਵਿਚ ਵਹਿਣਾ ਹੀ ਪੈਂਦਾ ਹੈ:
ਵਹਿੰਦੀ ਨਦੀ ਦੇ ਪਾਣੀਆਂ ’ਤੇ
ਤੈਰ ਰਹੇ ਕੱਖ-ਕਾਨਿਆਂ ਵਿਚ
ਹਵਾ ਦੇ ਰੁਖ਼ ਹੋ ਜਾਂਦੀਆਂ ਲਹਿਰਾਂ
ਓਧਰ ਨੂੰ ਹੀ ਹੋ ਜਾਂਦਾ ਹੈ ਇਹ ਸਾਰਾ ਕਾਰਵਾਂ
ਕੀ ਨਦੀ ਦੇ ਵੱਸ ਵਿਚ ਕੁਝ ਵੀ ਨਹੀਂ?
ਜਿਵੇਂ ਉੱਪਰ ਕਿਹਾ ਹੈ ਕਿ ਸ਼ਸ਼ੀ ਨੂੰ ਕਿਸੇ ਇਕ ਵਿਚਾਰਧਾਰਾਈ ਸੀਮਾ ਵਿਚ ਬੰਨ੍ਹ ਕੇ ਰੱਖਣਾ-ਵਿਚਾਰਨਾ ਉਚਿਤ ਨਹੀਂ ਹੋਵੇਗਾ। ਉਸਨੂੰ ਰੰਜ ਹੈ ਕਿ ਅੱਜ ਦਾ ਮਨੁੱਖ ਆਪਣੇ ਆਲੇ-ਦੁਆਲੇ ਦੀਵਾਰਾਂ ਉਸਾਰ ਰਿਹਾ ਹੈ। ਇਹ ਦੀਵਾਰਾਂ ਰੰਗ, ਧਰਮ, ਜਾਤ, ਨਸਲ, ਦੇਸ਼ ਆਦਿ ਦੀਆਂ ਹਨ, ਇਸ ਕਰਕੇ ਮਨੁੱਖ ਦੀ ਸੋਚ ਵੀ ਗੰਧਲੀ ਹੋ ਰਹੀ ਹੈ। ਜੇ ਮਨੁੱਖ ਇਨ੍ਹਾਂ ਸਾਰੀਆਂ ਦੀਵਾਰਾਂ ਤੋਂ ਪਾਰ ਝਾਕ ਕੇ ਗਲੋਬਲੀ ਅਤੇ ਅੰਤਰਰਾਸ਼ਟਰੀ ਚੇਤਨਾ/ ਮਾਨਵਤਾ ਨੂੰ ਧਾਰਨ ਕਰ ਲਵੇ ਤਾਂ ਮਨੁੱਖ ਆਉਣ ਵਾਲੀਆਂ ਸਮੱਸਿਆਵਾਂ ਤੋਂ ਮੁਕਤੀ ਪਾ ਸਕੇਗਾ, ਇਹ ਸ਼ਸ਼ੀ ਦਾ ਆਦਰਸ਼ ਸੰਸਾਰ ਹੈ ਜੋ ਉਸ ਦੀ ਕਲਪਨਾ ਹੈ ਅਤੇ ਸਮਾਜਿਕ ਜੀਵਨ ਲਈ ਇਹ ਬਹੁਤ ਹੀ ਸਾਰਥਕ ਹੈ ਜੋ ਮਨੁੱਖ ਦੀ ਮਨੁੱਖਤਾ ਨੂੰ ਪਕੇਰਿਆਂ ਕਰਦਾ ਹੈ:
ਤੂੰ ਫੈਲ ਜਾ ਹਵਾਵਾਂ ਦੀ ਬੇਪ੍ਰਵਾਹ ਮੌਜ ਵਿਚ
ਦਰਿਆਵਾਂ ਦੀ ਮਸਤ ਚਾਲ ਵਿਚ
ਸਮੁੰਦਰ ਦੀਆਂ ਲਹਿਰਾਂ ਦੇ ਜੋਸ਼ ਵਿਚ
ਤੂੰ ਫੈਲ ਜਾਂ ਬੱਦਲਾਂ ਦੀ ਦਿਸ਼ਾਹੀਣ ਉਡਾਣ ਵਿਚ
ਅਸਮਾਨ ਦੀ ਅਥਾਹ ਵਿਸ਼ਾਲਤਾ ਵਿਚ
ਸੂਰਜ ਦੀਆਂ ਨਿੱਘੀਆਂ ਕਿਰਨਾਂ ਵਿਚ
ਤੇ ਚੰਦਰਮਾ ਦੀ ਸੁਖਨ ਠੰਢ ਵਿਚ
ਤੂੰ ਫੈਲ ਜਾ…
ਤੂੰ ਮਹਿਜ਼ ਇਕ ਜਿਸਮ ਨਹੀਂ ਹੈ
ਜੋ ਉੱਠਦਾ ਹੈ/ਅੰਨ ਖਾਂਦਾ ਹੈ
ਦੋਸਤੀਆਂ ਤੇ ਦੁਸ਼ਮਣੀਆਂ ਨਿਭਾਉਂਦਾ
ਕਦੇ ਸਿਫ਼ਤਾਂ ਕਦੇ ਚੁਗਲੀਆਂ ਕਰਦਾ ਫਿਰਦਾ ਹੈ
ਸੌ ਜਾਂਦਾ ਹੈ…
ਤੂੰ ਸਮੁੱਚੇ ਬ੍ਰਹਿਮੰਡ ਦਾ ਇਕ ਹਿੱਸਾ ਹੈ
ਇਸ ਵਿਸ਼ਾਲਤਾ ਦਾ ਇਕ ਹਿੱਸਾ ਹੈ
ਇਸ ਰੌਸ਼ਨੀ ਦਾ ਇਕ ਹਿੱਸਾ ਹੈ
ਸੋ ਇਸ ਤਰ੍ਹਾਂ ਉਹ ਇਕ ਬ੍ਰਹਿਮੰਡਕ ਅਤੇ ਉਦਾਰ-ਭਾਵਨਾਵਾਂ ਵਾਲੀ ਸਿਰਜਕ ਸ਼ਾਇਰਾ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ। ਉਹ ਜ਼ਿੰਦਗੀ ਦੀਆਂ ਸੀਮਾਵਾਂ ਨੂੰ ਵਿਰਾਟਤਾ ਦੇ ਰੂਪ ਵਿਚ ਦੇਖਣ ਵਾਲੀ ਅਸਲੋਂ ਵਿਲੱਖਣ ਅਤੇ ਨਾਮਵਰ ਸ਼ਾਇਰਾ ਹੈ।
ਔਰਤ ਦੇ ਵਿਯੋਗ ਅਤੇ ਦੁਖਾਂਤ ਦੀ ਹੋਣੀ ਦਾ ਭਾਵੇਂ ਉਸ ਦੀ ਸ਼ਾਇਰੀ ਵਿਚ ਘੱਟ ਪ੍ਰਗਟਾਵਾ ਮਿਲਦਾ ਹੈ, ਪਰ ਇਹ ਹੈ ਬਹੁਤ ਹੀ ਪ੍ਰਮਾਣਕ ਰੂਪ ਵਿਚ। ਇੱਥੇ ਸ਼ਾਇਰਾ ਆਪਣੀ ਸਹੇਲੀ ਬੰਤੋ ਦੀ ਮਾਂ, ਭੈਣ, ਨਜ਼ਦੀਕੀ, ਆਂਢ, ਗੁਆਂਢ, ਸਾਕ-ਸਰੀਕੇ ਦੇ ਰੂਪ ਵਿਚ ਵਿਸ਼ਾਲ ਅਰਥ ਗ੍ਰਹਿਣ ਕਰ ਗਈ ਹੈ:
ਮੇਰੀ ਸਹੇਲੀ ਬੰਤੋ
ਇਕ ਦਿਨ ਪਹੇ ’ਤੇ ਇਕ ਛੰਨਾਟਾ ਹੋਇਆ
ਝਾਂਜਰਾਂ ਵਾਲੇ
ਫੁੰਮਣਾਂ ਦੀਆਂ ਲੜੀਆਂ ਵਾਲੇ
ਬੋਤੇ ’ਤੇ ਬੈਠਾ
ਇਕ ਛੈਲ ਛਬੀਲਾ
ਸਾਡੇ ਪਿੰਡ ਆਇਆ
ਤੇੜ ਚਾਦਰਾ
ਤਿੱਲੇ ਵਾਲੀ ਜੁੱਤੀ
ਕੰਨੀ ਨੱਤੀਆਂ
ਗੱਲ ਵਿਚ ਕੈਂਠਾ
ਸਿਰ ਉਤੇ ਤੁਰਲਾ-ਛੱਡ
ਪਿਆਜ਼ੀ ਪੱਗ
ਅੱਖੀਂ ਸੁਰਮਾ
ਖੱਬਲ ਦਾੜ੍ਹੀ
ਰਾਂਝੇ ਦਾ ਭਾਈ
ਸਾਡੇ ਪਿੰਡ ਆਇਆ
ਉਹਨੂੰ ਦੇਖ
ਖੇਡਦੀ ਬੰਤੋ ਘਰ ਨੂੰ ਭੱਜ ਗਈ
ਤੇ ਜਾ ਅੰਦਰ ਲੁਕ ਗਈ
ਦੂਜੇ ਦਿਨ
ਹਰੇ ਸੂਟ ਵਿਚ
ਸਿਰ ’ਤੇ ਫੁਲਕਾਰੀ ਤੇ ਸੱਗੀ ਫੁੱਲ
ਕੰਨੀ ਪਿੱਪਲ ਪੱਤੀਆਂ
ਗਲ ਗੁਲੂਬੰਦ
ਹੱਥੀਂ ਲਾਲ ਚੂੜੀਆਂ
ਪੈਰੀਂ ਮੌਜੇ ਤੇ ਪੰਜੇਬਾਂ ਛਣਕਾਉਂਦੀ ਘੁੰਡ ਕੱਢੀ
ਉਹ ਉਸ ਬੰਦੇ ਪਿੱਛੇ
ਬੋਤੇ ’ਤੇ ਬਹਿ ਕੇ ਚਲੀ ਗਈ
ਪਤਾ ਨਹੀਂ ਘੁੰਡ ਵਿਚ ਉਹ ਰੋਂਦੀ ਜਾਂ ਹੱਸਦੀ ਸੀ?
ਪਰ ਮੈਂ ਹਿਕ ਨਾਲ ਗੁੱਡੀ ਨੂੰ ਘੁੱਟੀ
ਉਸ ਨੂੰ ਪਹੇ ਦੇ ਮੋੜ ਤੱਕ ਦੇਖਦੀ
ਖੜ੍ਹੀ ਰੋਂਂਦੀ ਰਹੀ ਸਾਂ
ਸ਼ਸ਼ੀ ਸਮੁੰਦਰਾ ਨੇ ਇਕ ਨਿੱਕੇ ਜਿਹੇ ਬਿਰਤਾਂਤ ਨੂੰ ਦ੍ਰਿਸ਼ਟਾਂਤਾਂ ਰਾਹੀਂ ਬਹੁਤ ਹੀ ਭਾਵਪੂਰਤ ਅਤੇ ਮਹੱਤਵਪੂਰਨ ਅੰਦਾਜ਼ ਵਿਚ ਪ੍ਰਗਟ ਕੀਤਾ ਹੈ। ਇਹ ਬਿਰਤਾਂਤ ਉਸ ਵੇਲੇ ਵਧੇਰੇ ਪ੍ਰਭਾਵਸ਼ਾਲੀ ਬਣ ਜਾਂਦਾ ਹੈ ਜਦੋਂ ਸ਼ਾਇਰਾ ਖ਼ੁਦ ਬੰਤੋ ਦੀਆਂ ਭਾਵਨਾਵਾਂ ਵਿਚ ਸ਼ਰੀਕ ਹੋ ਜਾਂਦੀ ਹੈ। ਇਹੀ ਜਜ਼ਬਾ ਹੈ ਜੋ ਮਨੁੱਖ ਨੂੰ ਮਨੁੱਖ ਅਤੇ ਮਾਨਵੀ ਚੇਤਨਾ ਦਾ ਚਿਤੇਰਾ ਬਣਾਉਂਦਾ ਹੈ।
ਇਸੇ ਤਰ੍ਹਾਂ ਮਨੁੱਖ ਜਦੋਂ ਆਪਣੀ ਦਿਮਾਗ਼ੀ ਸਮਰੱਥਾ ਰੱਖਣ ਕਰਕੇ ਇਸ ਧਰਤੀ ਦੀਆਂ ਦੂਸਰੀਆਂ ਵਸਤਾਂ ਉੱਪਰ ਆਪਣਾ ਅਧਿਕਾਰ ਸਥਾਪਿਤ ਕਰਕੇ ਉਨ੍ਹਾਂ ਦਾ ਸ਼ੋਸ਼ਣ ਕਰਦਾ ਹੈ ਤਾਂ ਅਜਿਹੀਆਂ ਵਧੀਕੀਆਂ ਸ਼ਸ਼ੀ ਦੇ ਕਾਵਿਕ-ਮਨ ਨੂੰ ਠੇਸ ਪਹੁੰਚਾਉਂਦੀਆਂ ਹਨ:
ਕਰਤਾਰੀ ਨੇ ਚੂਲੀ ਕੁ ਛੱਡ ਸਾਰਾ ਦੁੱਧ ਹੀ ’ਚੋ ਲੀਤਾ
ਚੂਲੀ ਕੁ ਦੁੱਧ ਦੀ ਧੀ ਭੁੱਖਾ ਬੱਛਾ ਸਾਰਾ ਦਿਨ
ਮਾਂ ਮਾਂ ਕਹਿੰਦਾ ਰਿਹਾ
ਕੁਝ ਪਰ੍ਹਾਂ ਗੜਵੀ ਦੁੱਧ ਦੀ ਭਰਕੇ
ਕਰਤਾਰੀ ਦਾ ਪੁੱਤ ਗਟ ਗਟ ਕਰਦਾ ਪੀ ਗਿਆ
ਤੇ ਮਾਂ ਉਹ ਨੂੰ ਹੋਰ ਪੀਣ ਨੂੰ ਆਖ ਰਹੀ ਸੀ
ਸੰਗਲ ਬੱਝੀ ਮਾਂ ਸੰਗਲ ਬੱਝੇ ਪੁੱਤ ਨੂੰ ਮਮਤਾ ਨਾਲ ਵੇਂਹਦੀ ਹੈ
ਤੇ ਥਾਂ ਥਾਂ ਬੋਲੀ ਵਿਚ ਫੇਰ ਹੌਸਲਾ ਦਿੰਦੀ ਹੈ
ਇਸ ਤੋਂ ਵੱਧ ਉਹ ਕਰ ਵੀ ਕੀ ਸਕਦੀ ਹੈ?
ਤਾਕਤ ਜ਼ੁਲਮ ਢਾਹੁੰਦੀ ਹੈ
ਮਜਬੂਰੀ ਬਰਦਾਸ਼ਤ ਕਰਦੀ ਹੈ।
ਇਸ ਤਾਕਤ ਦੇ ਕਈ ਰੂਪ ਹਨ। ਪ੍ਰੋ. ਪੂਰਨ ਸਿੰਘ ਨੇ ਇਨ੍ਹਾਂ ਸਾਰੀਆਂ ਸਥਿਤੀਆਂ ਨੂੰ ਵੇਖ ਕੇ ਹੀ ਕਿਹਾ ਸੀ ਕਿ ਮਨੁੱਖੀ ਜੀਵਨ ਵਿਚ ਏਨੀਆਂ ਗਿਰਾਵਟਾਂ ਆ ਚੁੱਕੀਆਂ ਹਨ, ਇਸ ਲਈ ਉਹ ਪਸ਼ੂ ਬਣਨ ਨੂੰ ਬਿਹਤਰ ਸਮਝਣ ਲੱਗ ਪਿਆ ਹੈ।
ਇਸ ਨਿੱਕੀ ਜਿਹੀ ਕਵਿਤਾ ਰਾਹੀਂ ਉਸਨੇ ਨਾਰੀਵਾਦ ਦੇ ਸਿਧਾਂਤ ਨੂੰ ਸਹਿਜ ਨਾਲ ਹੀ ਪੇਸ਼ ਕਰ ਦਿੱਤਾ ਹੈ। ਆਪਣੇ ਕਾਵਿਕ ਤਰਕ ਨਾਲ ਆਪਣੇ ਉਚਾਰ ਨੂੰ ਸ਼ਸ਼ੀ ਪ੍ਰਭਾਵਸ਼ਾਲੀ ਬਣਾ ਦਿੰਦੀ ਹੈ:
ਉਸ ਔਰਤ ਨੂੰ
ਚਿੜੀ, ਵੇਸਵਾ, ਦੇਵੀ,
ਗਾਂ ਤੇ ਸੁਲਫ਼ੇ ਦੀ ਲਾਟ ਬਣਾਇਆ
ਹੁਣ ਔਰਤ ਨੇ
ਆਮ ਇਨਸਾਨ ਬਣਨਾ ਹੈ
ਨਾਰੀਵਾਦੀ ਲਹਿਰ ਦਾ ਮੁੱਢਲਾ ਅਸੂਲ ਇਹ ਸੀ ਕਿ ਔਰਤ ਨੂੰ ਨਹੀਂ ਬਲਕਿ ਮਾਨਵੀ ਹੋਂਦ ਦੇ ਤੌਰ ’ਤੇ ਸਮਝਿਆ ਜਾਵੇ। ਸ਼ਸ਼ੀ ਸਮੁੰਦਰਾ ਦੇ ਸੁਭਾਅ ਵਿਚ ਅਲਬੇਲਾਪਨ ਹੈ ਅਤੇ ਇਹ ਅਲਬੇਲਾਪਨ ਉਸ ਨੂੰ ਪ੍ਰੋ. ਪੂਰਨ ਸਿੰਘ ਅਤੇ ਪ੍ਰਕਿਰਤੀਵਾਦੀ ਕਵੀਆਂ ਨਾਲ ਜੋੜਦਾ ਹੈ। ਉਸ ਦਾ ਉਹ ਅਲਬੇਲਾਪਨ ਉਸ ਨੂੰ ਵਿਚ ਬੱਝੀ ਹੋਈ ਪਰੰਪਰਾਗਤ ਅਤੇ ਪਿਛਾਂਹ ਖਿਚੂ ਔਰਤ ਨਾਲੋਂ ਨਿਖੇੜਦਾ ਹੈ:
ਅਲਬੇਲਾ ਮਨ
ਪੰਛੀਆਂ ਨੂੰ ਟਾਹਣੀਏ ਬਹਿੰਦੇ, ਚਹਿਕਦੇ
ਅਸਮਾਨੀ ਉੱਡਦੇ ਤੱਕਦਾ ਹੈ
ਉਨ੍ਹਾਂ ਦੀ ਰੀਸੇ ਅਲਬੇਲਾ ਮਨ
ਅਸਮਾਨੀ ਉੱਡਣ ਲੱਗਦਾ ਹੈ…
ਹੇ ਮੇਰੇ ਅਲਬੇਲੇ ਮਨ
ਤੂੰ ਔਰਤ ਦੇ ਜਿਸਮ ’ਚ ਰਹਿੰਦਾ ਹੈ
ਕਦੇ ਕਦੇ ਕਿਸੇ ਸਾਊ ਔਰਤ ਦੀ ਰੀਸ ਵੀ ਕਰ ਲਿਆ ਕਰ
ਸ਼ਸ਼ੀ ਸਮੁੰਦਰਾ 1971 ਤੋਂ ਅਮਰੀਕਾ ਵਿਖੇ ਰਹਿ ਰਹੀ ਹੈ, ਪਰ ਦੂਸਰੇ ਪੰਜਾਬੀ ਸਾਹਿਤਕਾਰਾਂ ਵਾਂਗ ਹੀ ਉਹ ਵੀ ਸਰੀਰਿਕ ਤੌਰ ’ਤੇ ਭਾਵੇਂ ਅਮਰੀਕਾ ਵਿਚ ਵਸਦੀ ਹੈ, ਪਰ ਉਸ ਦਾ ਮਨ ਦੇਸ਼ ਅਤੇ ਮਾਤਭੂਮੀ ਨਾਲ ਅਨਿੱਖੜ ਰੂਪ ਵਿਚ ਜੁੜਿਆ ਰਹਿੰਦਾ ਹੈ। ਸ਼ਸ਼ੀ ਦਾ ਕਹਿਣਾ ਹੈ ਕਿ ਅਮਰੀਕਾ ਆ ਕੇ ਮੈਂ ਬਦਲੀ ਨਹੀਂ ਹਾਂ। ਉਵੇਂ ਹੀ ਹਾਂ ਜਿਵੇਂ ਪੰਜਾਬ ਵਿਚ ਸਾਂ। ਏਥੇ ਪਹੁੰਚ ਕੇ ਉਸ ਦਾ ਗਿਆਨ ਅਤੇ ਅਨੁਭਵ ਦਾਇਰਾ ਵਿਸਤ੍ਰਿਤ ਹੋਇਆ ਹੈ। ਪੰਜਾਬ ਸੰਕਟ ਬਾਰੇ ਉਸ ਦੀ ਕਵਿਤਾ ‘ਫਿਰ ਤੋਂ’ ਮਹੱਤਵਪੂਰਨ ਹੈ। ਇਸ ਸੰਕਟ ਅਤੇ ਦੁਖਾਂਤ ਨੂੰ ਉਹ ਕਾਲੀ ਹਨੇਰੀ ਦੇ ਰੂਪਕ ਵਜੋਂ ਗਰਦਾਨਦੀ ਹੈ, ਪਰ ਉਸ ਨੂੰ ਇਹ ਵੀ ਵਿਸ਼ਵਾਸ ਸੀ ਕਿ ਪ੍ਰਕਿਰਤੀ ਦੀਆਂ ਰੁੱਤਾਂ, ਬਹਾਰਾਂ, ਮੌਸਮਾਂ ਵਾਂਗ ਇਸ ਆਰਜ਼ੀ ਹਨੇਰੀ ਨੇ ਵੀ ਅਲੋਪ ਹੋ ਜਾਣਾ ਹੈ। ਉਹ ਲਿਖਦੀ ਹੈ:
ਏਥੇ ਏਸ ਸਾਡੇ ਰੁੱਖੜੇ ’ਤੇ
ਕਈ ਬੋਲੀਆਂ ’ਤੇ ਰੰਗਾਂ ਦੇ
ਬੜੇ ਹੀ ਪੰਛੀ ਰਹਿੰਦੇ ਸਨ…
ਪਰ ਇਕ ਵਾਰੀ, ਕਾਲੀ ਬੋਲੀ ਰਾਤ ਨੂੰ
ਸ਼ੂਕਦੀ ਚੜ੍ਹ ਹਨੇਰੀ ਆਈ…
ਵਕਤ ਦੇ ਨਾਲ ਫਿਰ ਬਹਾਰ ਨੇ ਮੁੜਨਾ ਸੀ
ਹਨੇਰੀ ਨੇ ਕਦੇ ਤਾਂ ਥੰਮਣਾ ਹੁੰਦਾ ਹੈ
ਏਸੇ ਤਰ੍ਹਾਂ ਪਰਵਾਸ ਵਿਚ ਰਹਿੰਦਿਆਂ ਪੰਜਾਬ ਬਾਰੇ ‘ਆਪਣੇ ਨਾਨਕੇ ਦੇਸ ਵਿਚ’ ਕਵਿਤਾ ਵਿਚ ਜਿਹੜੇ ਜਜ਼ਬਾਤ ਪੇਸ਼ ਹੋਏ ਹਨ, ਉਹ ਆਪਣੇ ਦੇਸ਼ ਪ੍ਰਤੀ ਹਰ ਇਕ ਨਾਗਰਿਕ ਦੇ ਇਕੋ ਜਿਹੇ ਹਨ। ਮਾਤ ਭੂਮੀ ਵਿਚ ਸੈਆਂ ਔਗੁਣ ਹੋ ਸਕਦੇ ਹਨ, ਨਵੇਂ ਦੇਸ਼ ਵਿਚ ਸੈਆਂ ਗੁਣ ਹੋ ਸਕਦੇ ਹਨ, ਪਰ ਜੋ ਪਿਆਰ ਮਾਤ-ਭੂਮੀ ਲਈ ਹੁੰਦਾ ਹੈ, ਉਹ ਸਦੀਵੀ ਪਿਆਰ ਪਰਵਾਸੀ ਦੇ ਮਨ ਵਿਚ ਹਮੇਸ਼ਾਂ ਮਿਲਣੀ ਦੇ ਤਰਾਨੇ ਛੇੜਦਾ ਰਹਿੰਦਾ ਹੈ। ਤਨ ਪਰਵਾਸ ਵਿਚ ਰਹਿੰਦਾ ਹੈ, ਪਰ ਮਨ ਸਦਾ ਆਪਣੀ ਸੰਸਕ੍ਰਿਤੀ ਨਾਲ ਬੱਝਾ ਰਹਿੰਦਾ ਹੈ। ਅੰਡੇਮਾਨ ਦੇ ਜੰਗਲਾਂ ਵਿਚ ਨਿਰਵਸਤਰ ਰਹਿਣ ਵਾਲੇ ਆਦਿਵਾਸੀਆਂ ਨੂੰ ਅਕਸਰ ਸ਼ਹਿਰ ਦੀ ਰਮਣੀਕਤਾ ਵਿਚ ਲਿਆ ਕੇ ਵਸਤਰ ਪੁਆ ਦਿੱਤੇ ਜਾਂਦੇ ਹਨ, ਪਰ ਉਨ੍ਹਾਂ ਦਾ ਉੱਥੇ ਮਨ ਨਹੀਂ ਲੱਗਦਾ, ਉਹ ਜੰਗਲ ਵਿਚ ਸਾਥੀਆਂ ਕੋਲ ਰਹਿਣ ਨੂੰ ਪਹਿਲ ਦਿੰਦੇ ਹਨ, ਇਹ ਮਨ ਦਾ ਅਲਬੇਲਾਪਨ ਹੈ:
ਉਹ ਮੈਨੂੰ ਪੁੱਛਣਗੀਆਂ
ਮਾਮ ਅਸਾਂ ਇੰਡੀਆ ਮੁੜ ਕਦੋਂ ਜਾਣਾ ਹੈ?
ਸੁਣ, ਮੈਂ ਖਿੜ ਖਿੜਾ ਕੇ ਹੱਸਾਂਗੀ
ਤੇ ਫੇਰ ਅਸੀਂ ਸਲਾਹ ਬਣਾਉਣ ਬਹਿ ਜਾਣਾ ਹੈ
ਤੇ ਛੇਤੀ ਮੁੜ, ਉਹਨਾਂ ਦੇ ਨਾਨਕੇ ਦੇਸ਼ ਕਦੋਂ ਜਾਣਾ ਹੈ?
ਇਸੇ ਤਰ੍ਹਾਂ ਪਰਵਾਸੀ ਮਨ ਵੀ ਐਲਿਕਸ ਹੀਲੇ ਦੇ ਨਾਵਲ ‘ਰੂਟਸ’ ਦੇ ਪਾਤਰਾਂ ਵਾਂਗ ਆਪਣੀਆਂ ਜੜ੍ਹਾਂ ਦੀ ਤਲਾਸ਼ ਵਿਚ ਰਹਿੰਦਾ ਹੈ। ਸ਼ਸ਼ੀ ਸਮੁੰਦਰਾ ਨੇ ਔਰਤ ਮਨ ਦੀਆਂ ਵਿਭਿੰਨ ਪਰਤਾਂ ਫਰੋਲੀਆਂ ਹਨ। ਇਹ ਪਰਤਾਂ ਗੌਤਮ ਬੁੱਧ ਦੇ ਵਿਯੋਗ ਵਿਚ ਯਸ਼ੋਧਾ ਦੇ ਮਨ ਦੀਆਂ ਹਨ। ਪੰਜਾਬੀ ਦੀਆਂ ਲਗਭਗ ਸਾਰੀਆਂ ਹੀ ਆਧੁਨਿਕ ਕਵਿਤ੍ਰੀਆ ਨੇ ਯਸ਼ੋਧਾ ਦੇ ਵਿਯੋਗ ਦੀ ਅਵਸਥਾ ਵਿਚ ਉਸ ਦੀ ਮਾਨਸਿਕ ਹਾਲਤ ਨੂੰ ਬਿਆਨ ਕੀਤਾ ਹੈ। ਮੇਰੇ ਮਨ ਵਿਚ ਆਉਂਦਾ ਹੈ ਕਿ ਜੇ ਗੌਤਮ ਆਪਣੇ ਗ੍ਰਹਿਸਤੀ ਜੀਵਨ ਤੋਂ ਪਹਿਲਾਂ ਤਿਆਗੀ ਬਣ ਜਾਂਦਾ ਤਾਂ ਫੇਰ ਕੀ ਹੋਣਾ ਸੀ? ਫਿਰ ਮਨ ਵਿਚੋਂ ਇਹ ਜੁਆਬ ਆਉਂਦਾ ਹੈ ਕਿ ਫਿਰ ਗੌਤਮ ਦੀ ਮਾਤਾ ਮਾਇਆ ਦੇਵੀ ਨੇ ਵੀ ਇੱਛਰਾਂ ਦੀ ਅਵਸਥਾ ਵਿਚ ਪਹੁੰਚ ਜਾਣਾ ਸੀ। ਵਿਯੋਗ ਬੇਸ਼ੱਕ ਮਾਂ-ਪੁੱਤਰ ਦਾ ਹੋਵੇ, ਮਾਂ-ਧੀ ਦਾ ਹੋਵੇ, ਪਤੀ-ਪਤਨੀ ਦਾ ਹੋਵੇ ਜਾਂ ਪ੍ਰੇਮੀ-ਪ੍ਰੇਮਿਕਾ ਦਾ ਜਾਂ ਦੇਸ਼ ਦਾ ਇਹ ਦੁਖਾਂਤ ਦਾ ਹੀ ਇਕ ਰੂਪ ਹੈ, ਬੇਸ਼ੱਕ ਆਪ ਸਹੇੜਿਆ ਹੋਵੇ ਜਾਂ ਮਜਬੂਰੀ ਹੋਵੇ, ਵਿਯੋਗ ਵਿਯੋਗ ਹੀ ਹੈ। ਗੌਤਮ ਬੁੱਧ ਦੀ ਉਪਰੋਕਤ ਕਥਾ ਰਾਹੀਂ ਯਸ਼ੋਧਾ ਦੇ ਵਿਯੋਗ ਨੂੰ ਸ਼ਸ਼ੀ ਨੇ ਦੋ ਕਾਵਿ-ਰਚਨਾਵਾਂ ਵਿਚ ਪੇਸ਼ ਕੀਤਾ ਹੈ:
* ‘ਮਾਂ ਇਕ ਕਹਾਣੀ ਦੱਸਾਂ ਤੈਨੂੰ?’ ਪੁੱਛਦਾ ਹੈ ਪੁੱਤਰ
‘ਹਾਂ’ ਆਖ ਕੰਨ ਲਾ ਸੁਣਦੀ ਹੈ ਉਹ।
ਇਕ ਵਾਰੀ ਦੀ ਗੱਲ ਹੈ: ਇਕ ਬੜੀ ਸੁਨੱਖੀ
ਬੜੀ ਪਿਆਰੀ ਸੀ ਰਾਜ ਕੁਮਾਰੀ
ਇਕ ਰਾਜ ਕੁਮਾਰ ਨਾਲ ਵਿਆਹੀ ਗਈ।
ਰਾਜ ਕੁਮਾਰੀ ਦੇ ਬੱਚਾ ਹੋਇਆ
ਤਾਂ ਇਕ ਰਾਤ, ਉਹ ਰਾਜ ਕੁਮਾਰ,
ਉਹਨਾਂ ਦੋਹਾਂ ਨੂੰ ਸੁੱਤਿਆਂ ਛੱਡ
ਦੂਰ ਜੰਗਲ ਨੂੰ ਤੁਰ ਗਿਆ।
ਉਡੀਕਦੀ ਰਹੀ ਉਹ ਰਾਜ ਕੁਮਾਰੀ,
ਬੱਚੇ ਨੂੰ ਛਾਤੀ ਨਾਲ ਲਾਈ ਮੁੱਦਤ ਤਕ
ਤੇ ਜਦ ਉਹ ਮੁੜਿਆ
ਤਾਂ ਬਸ, ਕੋਈ ਆਪਣੀ ਹੀ ਜਿੱਤ ਜਿੱਤਣ ਲਈ।
ਉਦੋਂ ਉਹ ਨਾ ਕਿਸੇ ਦਾ ਬਾਪ ਸੀ, ਨਾ ਸਿਰ ਦਾ ਸਾਈਂ
ਸੁਣਦੀ ਹੈ ਮਾਂ? ਜਾਂ ਸੌ ਗਈ ਹੈ?
ਸੁਣਨੋਂ ਹਟ ਗਈ ਸੀ ਉਹ
ਉਹਨਾਂ ਬੋਲਾਂ ਨੂੰ
ਉਸ ਕਹਾਣੀ ਨੂੰ
ਉਹਦੀ ਸੋਚ ਵਿਚ, ਇਕ ਬੱਚੇ ਦੇ ਹੰਝੂ ਸਨ
ਉਹਦੀਆਂ ਸਿਸਕੀਆਂ ਸਨ
ਤੇ ਉਹਨੂੰ ਵਰਚਾਉਂਦੀ
ਉਹ ਆਪ ਰੌਣ ਲੱਗ ਪਈ ਸੀ।
* ਇਕ ਮੁੱਦਤ ਬਾਅਦ
ਠੂਠਾ ਚੁੱਕੀ
ਭਗਵੇਂ ਕੱਪੜੀ
ਮਹਿਲਾਂ ਨੂੰ ਮੁੜਦਾ ਹੈ
ਗੌਤਮ ਬੁੱਧ
ਰਾਹੁਲ ਦਾ ਹੱਥ ਫੜ
ਖੁਸ਼ੀ ਦੀ ਮਾਰੀ
ਬੂਹੇ ਵੱਲ ਨੱਸਦੀ ਹੈ ਯਸ਼ੋਧਾ
ਪਰ ਉਹ ਤਾਂ ਭਿੱਖਿਆ ਮੰਗ
ਪਹਿਲਾਂ ਹੀ ਜਾ ਚੁੱਕਾ ਹੈ
ਡਿੱਗ ਪੈਂਦੀ ਹੈ ਯਸ਼ੋਧਾ
ਕੋਲ ਬੈਠਾ ਮਾਂ ਦੇ ਹੰਝੂ ਪੂੰਝਦਾ
ਧਰਵਾਸ ਦਿੰਦਾ ਹੈ ਪੁੱਤਰ
ਜਾਣ ਦੇ ਮਾਂ
ਬਣਿਆ ਰਹਿਣ ਦੇ ਉਹਨੂੰ ਤੂੰ
ਮਹਾਤਮਾ ਬੁੱਧ।
ਮੈਂ ਤੇਰਾ ਪੁੱਤ ਵੀ ਤੇ ਸਿਰ ਦਾ ਸਾਈਂ ਵੀ
ਇਨ੍ਹਾਂ ਦੋਹਾਂ ਕਾਵਿ-ਕਿਰਤਾਂ ਦੇ ਹਵਾਲਿਆਂ ਰਾਹੀਂ ਯਸ਼ੋਧਾ ਦੇ ਮਨ ਦੀ ਵਿਯੋਗੀ ਅਵਸਥਾ ਬਹੁਤ ਹੀ ਪ੍ਰਮਾਣਿਕ ਰੂਪ ਵਿਚ ਪ੍ਰਗਟ ਹੋਈ ਹੈ। ਨਾਰੀ ਨੇ ਨਾਰੀ ਦੇ ਮਨ ਦੀ ਅਵਸਥਾ ਨੂੰ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਪਕੜਿਆ ਹੈ। ਅੰਤ ਵਿਚ ਜੋ ਪੁੱਤਰ ਵੱਲੋਂ ਯਸ਼ੋਧਾ ਨੂੰ ਇਹ ਧਰਵਾਸ ਦਿੱਤਾ ਜਾਂਦਾ ਹੈ ਕਿ ਤੇਰਾ ਪੁੱਤਰ ਵੀ ਅਤੇ ਸਿਰ ਦਾ ਸਾਈਂ ਵੀ। ਇਹ ਤਰਕ ਵਿਹਾਰਕ ਪੱਧਰ ’ਤੇ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਦੁਨੀਆਂ ਭਰ ਦੀ ਕਿਸੇ ਵੀ ਸੰਸਕ੍ਰਿਤੀ ਵਿਚ ਪੁੱਤਰ ਮਾਂ ਦੇ ਸਿਰ ਦਾ ਸਾਈਂ ਨਹੀਂ ਹੋ ਸਕਦਾ, ਪੁੱਤਰ ਹੈ ਅਤੇ ਉਹ ਆਪਣੀ ਮਾਂ ਦਾ ਸਹਾਰਾ ਹੋ ਸਕਦਾ ਹੈ ਭਾਵ, ਮਾਂ ਦੀ ਡੰਗੋਰੀ। ਸ਼ਸ਼ੀ ਦਾ ਕਾਵਿਕ ਤਰਕ ਅਤੇ ਦੇਸ਼ ਦੀ ਮਾਸੂਮ ਔਰਤ ਲਈ ਕਵਿਤ੍ਰੀ ਦਾ ਕਹਿਣਾ ਦਰੁਸਤ ਹੈ।
ਸ਼ਸ਼ੀ ਸਮੁੰਦਰਾ ਨੇ ਕੁਝ ਕਵਿਤਾਵਾਂ ਨਿਮਨ ਵਰਗ ਦੇ ਦੁਖਾਂਤ ਨੂੰ ਚਿਤਰਨ ਵਾਲੀਆਂ ਵੀ ਰਚੀਆਂ ਹਨ। ਇਨ੍ਹਾਂ ਵਿਚ ‘ਉਹ’, ‘ਇਕ ਰੁਪਈਆ’, ‘ਗੌਰਾਂ ਤੇ ਤਾਰਾਂ’, ‘ਭਵਿੱਖ’, ‘ਅਸਲੀ ਵਾਰੀ’ ਆਦਿ ਖ਼ਾਸ ਧਿਆਨ ਦੀ ਮੰਗ ਕਰਦੀਆਂ ਹਨ। ਇਨ੍ਹਾਂ ਨਾਲ ਜੀਵਨ ਵਿਚ ਘੋਰ ਬੇਇਨਸਾਫ਼ੀ ਹੁੰਦੀ ਹੈ ਅਤੇ ਇਨ੍ਹਾਂ ਨੂੰ ਆਪਣੀ ਮਿਹਨਤ ਦਾ ਇਵਜ਼ਾਨਾ ਨਹੀਂ ਮਿਲਦਾ। ਪੀੜ੍ਹੀ-ਦਰ-ਪੀੜ੍ਹੀ ਇਹ ਨਿਮਨ ਵਰਗ-ਜਮਾਤ ਗ਼ੁਰਬਤ ਤੋਂ ਗ਼ਰਬਤ ਤਕ ਦਾ ਸਫ਼ਰ ਕਰਦੀ ਹੈ। ਸਮਾਜਵਾਦੀ ਨਿਜ਼ਾਮ ਸੰਸਾਰ ਵਿਚ ਸਥਾਪਿਤ ਨਹੀਂ ਹੋ ਸਕਿਆ ਅਤੇ ਪੂਰੇ ਦਾ ਪੂਰਾ ਵਿਸ਼ਵ ਪੂੰਜੀਵਾਦੀ ਨਿਜ਼ਾਮ ਦੇ ਕੰਟਰੋਲ ਵਿਚ ਹੋਣ ਕਰਕੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕ ਪ੍ਰਾਪਤ ਨਹੀਂ ਹੋ ਸਕੇ। ਸ਼ਸ਼ੀ ਦੀ ਇਸ ਜਮਾਤ ਨਾਲ ਗਹਿਰੀ ਸਹਾਨਭੂਤੀ ਹੈ। ਸਾਹਿਤਕਾਰ ਹਮੇਸ਼ਾਂ ਹੀ ਜ਼ੁਲਮ ਸਹਿ ਰਹੇ ਬੰਦੇ ਦੀ ਆਵਾਜ਼ ਬਣਦਾ ਹੈ। ਪੰਜਾਬੀ ਕਵਿਤਾ ਦੀ ਮਹਾਨਤਾ ਹੀ ਇਸ ਗੱਲ ਵਿਚ ਹੈ ਕਿ ਇਹ ਸਾਰੇ ਦਾ ਸਾਰਾ ਨਿਮਨ ਵਰਗ ਦੇ ਦੁਖਾਂਤ ਦਾ ਬੋਲ ਬਣਦਾ ਹੈ। ਸ਼ਸ਼ੀ ਦੀਆਂ ਕਵਿਤਾਵਾਂ ਵਿਚੋਂ ਹੇਠ ਲਿਖੀਆਂ ਮਿਸਾਲਾਂ ਦੇਣੀਆਂ ਉੱਚਿਤ ਹਨ:
* ਪੈਂਦੇ ਮੀਂਹ ਵਿਚ, ਸੜਕ ਕਿਨਾਰੇ
ਇਕ ਪੇੜ ਦੇ ਥੱਲੇ
ਢਿੱਡ ’ਚ ਲੱਤਾਂ ਦੇ ਕੇ, ਕੰਬਦਾ,
ਉਹ ਸੁੱਤਾ ਪਿਆ ਸੀ
* ਇਤਿਹਾਸ ਵਿਚ ਉਹ ਹੋਏ ਨਾ ਹੋਏ
ਪਰ, ਤੁਸੀਂ, ਆਪਣੀਆਂ ਸਿਮਰਿਤੀਆਂ ਵਿਚ
ਸ਼ਾਹ ਜਹਾਨ ਤੇ ਮੁਮਤਾਜ ਦੀ ਥਾਂ
ਰੱਖ ਲੈਣੇ ਮਨ ਮਰਜ਼ੀ ਦੇ ਨਾਂ
ਅਨਵਰ ਤੇ ਹੁਸਨਾ
ਮੰਗੂ ਰਾਮ ਤੇ ਚੰਨੀ
ਤੇ ਤਾਜ ਮਹਿਲ ਦੀ ਥਾਂ ਕਹਿ ਲੈਣਾ ਇਹਨੂੰ
ਬੇਨਾਮ ਮਜ਼ਦੂਰ
ਇਸੇ ਤਰ੍ਹਾਂ ਰੋਬਟ ਅਤੇ ਵਿਗਿਆਨ ਦੀਆਂ ਹੋਰਾਂ ਕਾਢਾਂ ਨਾਲ ਆਧੁਨਿਕ ਸਮੇਂ ਵਿਚ ਮਜ਼ਦੂਰਾਂ ਦੇ ਕਿੱਤੇ ਨੂੰ ਵੱਡੀ ਠੇਸ ਪੁੱਜੀ ਹੈ। ਲੱਖਾਂ-ਕਰੋੜਾਂ ਮਜ਼ਦੂਰ ਕਿਰਤ ਤੋਂ ਵਿਹਲੇ ਹੋ ਗਏ ਹਨ, ਪਰ ਸਰਮਾਏਦਾਰ ਨੂੰ ਮਜ਼ਦੂਰਾਂ ਦੇ ਦੁਖਾਂਤ ਦਾ ਅਹਿਸਾਸ ਨਹੀਂ ਹੈ ਉਹ ਤਾਂ ਹਮੇਸ਼ਾਂ ਆਪਣੇ ਹੀ ਮੁਨਾਫ਼ੇ ਬਾਰੇ ਸੋਚਦਾ ਹੈ। ਸਾਹਿਤਕਾਰ ਹੀ ਇਕ ਅਜਿਹਾ ਸ਼ਖ਼ਸ ਹੁੰਦਾ ਹੈ ਜੋ ਆਪਣੇ ਆਲੇ ਦੁਆਲੇ ਦੇ ਅਤੇ ਆਉਣ ਵਾਲੇ ਸੰਭਾਵੀਂ ਸੰਕਟਾਂ ਤੋਂ ਸੁਚੇਤ ਹੁੰਦਾ ਹੈ ਅਤੇ ਸਮਾਜਿਕ ਕਟਹਿਰੇ ਵਿਚ ਖਲੋ ਕੇ ਆਪਣੇ ਬੋਲ ਉਚਾਰਦਾ ਹੈ।
ਸ਼ਸ਼ੀ ਸਮੁੰਦਰਾ ਕਾਵਿ ਦੀ ਰੂਪਗਤ ਵਿਸ਼ੇਸ਼ਤਾ ਇਹ ਹੈ ਕਿ ਉਹ ਪੰਜਾਬੀ ਕਵਿਤਾ ਦੀ ਮਹਾਨ ਪਰੰਪਰਾ ਦੀ ਸੁਖੈਨ-ਸ਼ੈਲੀ ਨੂੰ ਆਪਣੇ ਪ੍ਰਗਟਾਵੇ ਦਾ ਅੰਗ ਬਣਾਉਂਦੀ ਹੈ। ਇੱਥੋਂ ਤਕ ਕਿ ਬਾਤਾਂ ਸੁਣਨ-ਸੁਣਾਉਣ ਦੇ ਮੋਟਿਫ਼ਾਂ ਨੂੰ ਆਪਣੀਆਂ ਕਵਿਤਾਵਾਂ ਵਿਚ ਪ੍ਰਵਾਹਮਾਨ ਕਰਦੀ ਹੈ। ਉਸ ਦੀਆਂ ਕਵਿਤਾਵਾਂ ਵਿਚ ਕਿਧਰੇ ਨਿੱਕੇ ਨਿੱਕੇ ਬਿਰਤਾਂਤਾਂ ਦਾ ਰਸ ਅਤੇ ਕਿਧਰੇ ਨਾਟਕੀ ਕਿਰਦਾਰਾਂ ਦੀ ਆਮਦ ਸੰਵਾਦੀ ਲਹਿਜ਼ੇ ਵਿਚ ਪ੍ਰਗਟ ਹੁੰਦੀ ਹੈ। ਉਸ ਦੀਆਂ ਕਵਿਤਾਵਾਂ ਕਥਾਤਮਕ, ਨਾਟਕੀ ਅਤੇ ਏਕਾਲਾਪੀ ਸੁਭਾਅ ਦੀਆਂ ਅਨੁਸਾਰੀ ਹਨ। ਸ਼ਸ਼ੀ ਭਾਵੇਂ ਕਿਸੇ ਛੰਦਾ ਬੰਦੀ ਦੇ ਬਾਹਰੀ ਕਾਵਿਕ ਲਬਿਾਸ ਨੂੰ ਨਹੀਂ ਅਪਣਾਉਂਦੀ; ਜਿਵੇਂ ਪ੍ਰੋਫ਼ੈਸਰ ਪੂਰਨ ਸਿੰਘ ਨੂੰ ਕਵਿਤਾ ਦੀ ਨਵਾਬੀ ਜੁੱਤੀ ਦੀ ਕੈਦ ਪਸੰਦ ਨਹੀਂ; ਇਸੇ ਤਰ੍ਹਾਂ ਸ਼ਸ਼ੀ ਆਪਣੇ ਕਾਵਿਕ-ਸੁਭਾਅ ਅਨੁਸਾਰ ਮੁਕਤ ਕਾਵਿ ਦੇ ਰੂਪਾਕਾਰ ਨੂੰ ਅਪਣਾਉਂਦੀ ਹੈ। ਉਂਜ ਉਸ ਪਾਸ ਰਚਨਾਤਮਕ ਸ਼ਕਤੀ ਦਾ ਸੋਮਾ ਏਨਾ ਪ੍ਰਭਾਵਸ਼ਾਲੀ ਅਤੇ ਤੀਬਰ ਹੈ ਕਿ ਉਹ ਰੂਪਕਾਂ/ਉਪਮਾਵਾਂ ਦੀ ਸ਼ਿਵ ਕੁਮਾਰ ਵਾਂਗ ਲੜੀ ਲਗਾ ਦਿੰਦੀ ਹੈ; ਇਸ ਵਿਧੀ ਦੀ ਵਰਤੋਂ ਕਰਨ ਕਰਕੇ ਉਹ ਪ੍ਰਗੀਤਕ ਸੁਭਾਅ ਦੀ ਸ਼ਾਇਰਾ ਬਣ ਜਾਂਦੀ ਹੈ। ਸ਼ਸ਼ੀ ਸਮੁੰਦਰਾ ਦੀ ਕਾਵਿ-ਰਚਨਾ ਦਾ ਪਾਠ-ਅਧਿਐਨ ਕਰਨ ਉਪਰੰਤ ਉਸ ਨੂੰ ਨਾਰੀ-ਲੇਖਿਕਾ ਦੇ ਸੀਮਾ ਬੱਧ ਦਾਇਰੇ ਤਕ ਨਹੀਂ ਘਟਾਇਆ ਜਾ ਸਕਦਾ। ਅਮਰੀਕੀ ਪੰਜਾਬੀ ਕਵਿਤਾ ਦੇ ਇਤਿਹਾਸ ਵਿਚ ਉਹ ਪਹਿਲੀ ਸ਼ਾਇਰਾ ਹੈ ਜਿਸ ਨਾਲ ਇਸਤਰੀ ਪੰਜਾਬੀ ਕਵਿਤਾ ਦੀ ਪਰੰਪਰਾ ਤੁਰਦੀ ਹੈ। ਬਾਅਦ ਵਿਚ ਭਾਵੇਂ ਰਾਣੀ ਨਗਿੰਦਰ, ਨੀਲਮ ਸੈਣੀ, ਜਸਵੀਰ, ਸੁਰਜੀਤ, ਅਵਨੀਤ ਸੰਧੂ, ਗੁਲਸ਼ਨ ਦਿਆਲ ਅਤੇ ਹੋਰ ਕਵਿਤ੍ਰੀਆਂ ਵੀ ਖੇਤਰ ਵਿਚ ਪ੍ਰਵੇਸ਼ ਕਰ ਗਈਆਂ ਹਨ, ਪਰ ਬਲਵਾਨ ਕਾਵਿ ਪਰੰਪਰਾ ਦਾ ਆਗ਼ਾਜ਼ ਕਰਨ ਵਿਚ ਉਹ ਇਕ ਬੁਲੰਦ ਸ਼ਾਇਰਾ ਹੈ।
ਸੰਪਰਕ: 98552-04102