ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਮਈ
ਪੰਜਾਬ ਵਿੱਚ ਟੀਕਾਕਰਨ ਮੁਹਿੰਮ ਦੌਰਾਨ ਹੁਣ ਤੱਕ 50 ਲੱਖ ਖੁਰਾਕਾਂ ਲਗਾਉਣ ਦਾ ਅੰਕੜਾ ਪਾਰ ਕਰ ਲਿਆ ਹੈ। ਸੂਬੇ ਦੇ ਟੀਕਾਕਰਨ ਬਾਰੇ ਸਟੇਟ ਨੋਡਲ ਅਫ਼ਸਰ ਵਿਕਾਸ ਗਰਗ ਨੇ ਦੱਸਿਆ ਕਿ ਅੱਜ ਤੱਕ ਪੰਜਾਬ ਵਿੱਚ ਕੋਵਿਡ ਦੇ ਟੀਕਿਆਂ ਦੀਆਂ ਕੁੱਲ 50,05,767 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 45 ਸਾਲ ਤੋਂ ਵੱਧ ਉਮਰ ਵਰਗ, ਫਰੰਟਲਾਈਨ ਅਤੇ ਸਿਹਤ ਕਾਮਿਆਂ ਲਈ ਭਾਰਤ ਸਰਕਾਰ ਵੱਲੋਂ ਮਿਲੇ ਟੀਕਿਆਂ ਦੇ ਕੋਟੇ ਵਿੱਚੋਂ 45,53,187 ਟੀਕੇ ਲਗਾਏ ਗਏ ਹਨ, ਜਦੋਂ ਕਿ ਸੂਬਾ ਸਰਕਾਰ ਵੱਲੋਂ 18-44 ਉਮਰ ਵਰਗ ਦੇ ਬਣਾਏ ਸਾਰੇ ਤਰਜੀਹੀ ਗਰੁੱਪਾਂ ਦੇ ਕੁੱਲ 4,52,580 ਟੀਕੇ ਲਗਾਏ ਲਗਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਦਿੱਤੇ ਕੋਟੇ ਦੀਆਂ ਲਗਾਈਆਂ 45,53,187 ਖੁਰਾਕਾਂ ਵਿੱਚੋਂ ਕੋਵੀਸ਼ੀਲਡ ਲਗਾਉਣ ਵਾਲੇ 41,40,179 ਹਨ ਜਦੋਂ ਕਿ ਕੋਵੈਕਸੀਨ ਵਾਲੇ 4,13,008 ਹਨ।